Punjab

ਖੇਡ ਮੰਤਰੀ ਨੇ 24 ਉੱਘੇ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੂੰ ਟਰੇਨਿੰਗ ਲਈ 95 ਲੱਖ ਦਾ ਸਾਮਾਨ ਸੌਂਪਿਆ

ਖੇਡ ਵਿਭਾਗ ਵੱਲੋਂ ਸਿਖਲਾਈ ਵਾਸਤੇ ਸਾਜ਼ੋ-ਸਾਮਾਨ ਵੰਡਣ ਦੀ ਇਤਿਹਾਸਕ ਪਹਿਲਕਦਮੀ
ਚੰਡੀਗੜ੍ਹ, 29 ਜੂਨ

 

ਸੂਬੇ ਦੇ ਖਿਡਾਰੀਆਂ ਨੂੰ ਕੌਮਾਂਤਰੀ ਖੇਡ ਪਿੜ ਵਿੱਚ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣ ਦੇ ਯੋਗ ਬਣਾਉਣ ਲਈ ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਗਲਵਾਰ ਨੂੰ ਪ੍ਰਸਿੱਧ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੂੰ ਆਲਮੀ ਪੱਧਰ ਦਾ ਖੇਡਾਂ ਦਾ ਤਕਨੀਕੀ ਸਾਜ਼ੋ-ਸਾਮਾਨ ਮੁਹੱਈਆ ਕੀਤਾ।

ਇੱਥੇ ਆਪਣੇ ਗ੍ਰਹਿ ਵਿਖੇ ਸੰਖੇਪ ਸਮਾਰੋਹ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਦੇ ਇਤਿਹਾਸ ਵਿੱਚ ਇਹ ਪਹਿਲੀ ਦਫ਼ਾ ਹੈ, ਜਦੋਂ ਖਿਡਾਰੀਆਂ ਨੂੰ ਟਰੇਨਿੰਗ ਲਈ ਮਹਿੰਗਾ ਤਕਨੀਕੀ ਸਾਮਾਨ ਮੁਹੱਈਆ ਕੀਤਾ ਗਿਆ ਹੋਵੇ। ਖੇਡ ਮੰਤਰੀ ਨੇ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਮੱਲਾਂ ਮਾਰਨ ਵਾਲੇ 24 ਖਿਡਾਰੀਆਂ ਨੂੰ ਤਕਰੀਬਨ 95 ਲੱਖ ਰੁਪਏ ਦਾ ਖੇਡਾਂ ਦਾ ਸਾਮਾਨ ਸੌਂਪਿਆ। ਰਾਣਾ ਸੋਢੀ ਨੇ ਖਿਡਾਰੀਆਂ ਨੂੰ ਆਪਣੀ ਖੇਡ ਤੇ ਅਨੁਸ਼ਾਸਨ ਵੱਲ ਸਭ ਤੋਂ ਵੱਧ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡਾਂ ਲਈ ਮਾਹੌਲ ਸਿਰਜਣ ਵਾਸਤੇ ਆਧੁਨਿਕ ਸਾਜ਼ੋ-ਸਾਮਾਨ ਦੀ ਲੋੜ ਹੈ। ਇਸ ਲਈ ਖੇਡ ਵਿਭਾਗ ਨੇ ਖਿਡਾਰੀਆਂ ਨੂੰ ਆਧੁਨਿਕ ਕਿਸਮ ਦਾ ਸਾਮਾਨ ਮੁਹੱਈਆ ਕੀਤਾ ਹੈ ਤਾਂ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਲੋੜੀਂਦੇ ਸਾਮਾਨ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਿਸ਼ਵ ਪੱਧਰ ਦਾ ਖੇਡ ਢਾਂਚਾ ਬਣਾ ਰਹੀ ਹੈ ਅਤੇ ਖਿਡਾਰੀਆਂ ਨੂੰ ਤਕਨੀਕੀ ਸਹਾਇਤਾ, ਸਿੱਖਿਆ, ਸਰਕਾਰੀ ਨੌਕਰੀਆਂ ਤੋਂ ਇਲਾਵਾ ਨਕਦ ਇਨਾਮੀ ਰਾਸ਼ੀ ਵੀ ਵਧਾਈ ਗਈ ਹੈ। ਇਸ ਸਮੇਂ ਖੇਡ ਮੰਤਰੀ ਨਾਲ ਪ੍ਰਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਰਾਜ ਕਮਲ ਚੌਧਰੀ, ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਡੀ.ਪੀ.ਐਸ. ਖਰਬੰਦਾ, ਪੀ.ਆਈ.ਐਸ. ਦੇ ਡਾਇਰੈਕਟਰ ਅਮਰਦੀਪ ਸਿੰਘ ਅਤੇ ਜੁਆਇੰਟ ਸਕੱਤਰ ਕਰਤਾਰ ਸਿੰਘ ਹਾਜ਼ਰ ਸਨ।

ਖੇਡ ਮੰਤਰੀ ਨੇ ਸੰਗਮਪ੍ਰੀਤ ਸਿੰਘ, ਸੁਖਮਿੰਦਰ ਸਿੰਘ, ਰੀਤਿਕਾ ਵਰਮਾ, ਹਰਮਨਜੋਤ ਸਿੰਘ, ਸੁਖਬੀਰ ਸਿੰਘ (ਤੀਰਅੰਦਾਜ਼ੀ), ਰੋਇੰਗ ਖਿਡਾਰੀ ਹਰਵਿੰਦਰ ਸਿੰਘ ਚੀਮਾ, ਡਿਸਕਸ ਥ੍ਰੋਅਰ ਕਿਰਪਾਲ ਸਿੰਘ, ਸ਼ਾਟ ਪੁਟਰ ਕਰਨਵੀਰ ਸਿੰਘ, ਹੈਮਰ ਥ੍ਹੋਅਰ ਗੁਰਦੇਵ ਸਿੰਘ, ਡਿਸਕਸ ਥ੍ਰੋਅਰ ਹਰਪ੍ਰੀਤ ਸਿੰਘ, ਸ਼ਾਟ ਪੁੱਟ ਖਿਡਾਰੀ ਅਮਨਦੀਪ ਸਿੰਘ ਧਾਲੀਵਾਲ, ਪੈਰਾ ਸ਼ਾਟ ਪੁਟਰ ਮੁਹੰਮਦ ਯਾਸੀਰ, ਅਥਲੀਟ ਮਹਿਕਪ੍ਰੀਤ ਸਿੰਘ, ਬੈਡਮਿੰਟਨ ਖਿਡਾਰੀ ਪਲਕ ਕੋਹਲੀ, ਪੈਰਾ ਤਾਇਕਵਾਂਡੋ ਖਿਡਾਰੀ ਵੀਨਾ ਅਰੋੜਾ, ਤੀਰਅੰਦਾਜ਼ ਉਤਕਰਸ਼, ਤੀਰਅੰਦਾਜ਼ ਲਲਿਤ ਜੈਨ, ਜੈਵਲਿਨ ਥ੍ਰੋਅਰ ਦਵਿੰਦਰ ਸਿੰਘ ਕੰਗ, ਜੈਵਲਿਨ ਥ੍ਰੋਅਰ ਅਰਸ਼ਦੀਪ ਸਿੰਘ ਜੂਨੀਅਰ, ਜੈਵਲਿਨ ਥ੍ਰੋਅਰ ਰਾਜ ਸਿੰਘ ਰਾਣਾ, ਸ਼ਾਟ ਪੁਟਰ ਤਨਵੀਰ ਸਿੰਘ, ਅਥਲੀਟ ਟਵਿੰਕਲ ਚੌਧਰੀ, ਅਥਲੀਟ ਗੁਰਿੰਦਰਵੀਰ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਖੇਡਾਂ ਦਾ ਤਕਨੀਕੀ ਸਾਮਾਨ ਮੁਹੱਈਆ ਕੀਤਾ।

 

ਜ਼ਿਕਰਯੋਗ ਹੈ ਕਿ ਖੇਡ ਮੰਤਰੀ ਰਾਣਾ ਸੋਢੀ ਨੇ ਟੋਕੀਓ ਉਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਖਿਡਾਰੀਆਂ ਨੂੰ ਹਾਲ ਹੀ ਵਿੱਚ 1.30 ਕਰੋੜ ਰੁਪਏ ਤਿਆਰੀਆਂ ਨੂੰ ਅੰਤਮ ਛੋਹਾਂ ਦੇਣ ਅਤੇ ਹੋਰ ਸਾਜ਼ੋ-ਸਾਮਾਨ ਲਈ ਦਿੱਤੇ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!