ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਲਈ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆ ਅੰਤਿਮ ਛੋਹਾਂ – ਦੀਪਕ ਬਾਲੀ ਸਲਾਹਕਾਰ
ਚੰਡੀਗੜ੍ਹ/ ਸ਼੍ਰੀ ਅਨੰਦਪੁਰ ਸਾਹਿਬ, 8 ਨਵੰਬਰ:
ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ 23 ਤੋ 25 ਨਵੰਬਰ ਤੱਕ ਗੁਰਮਤਿ ਮਰਿਆਦਾ ਅਨੁਸਾਰ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ। 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 25 ਨਵੰਬਰ ਨੂੰ ਪਾਏ ਜਾਣਗੇ। 23 ਨਵੰਬਰ ਨੂੰ ਇਸੇ ਛਾਉਣੀ ਵਿੱਚ ਸਰਬ ਧਰਮ ਸੰਮੇਲਨ ਹੋਵੇਗਾ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਧਰਮਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਹੋਣਗੀਆਂ।
ਅੱਜ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ ਸੈਰ ਸਪਾਟਾ ਵਿਭਾਗ ਪੰਜਾਬ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਅਤੇ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਹੋਈ ਇੱਕ ਵਿਸੇਸ਼ ਬੈਠਕ ਉਪਰੰਤ ਗੱਲਬਾਤ ਕਰਦੇ ਹੋਏ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਨਾਲ ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਏ ਕਮਾਲ ਦਾ ਗੁਰਤਾਗੱਦੀ ਦਿਹਾੜੇ ਦੀ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ ਰਹਿਤ ਮਰਿਆਦਾ ਅਨੁਸਾਰ ਸਾਰੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 24 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋ ਸੀਸ਼ ਭੇਂਟ ਯਾਤਰਾਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਰੰਭ ਹੋਵੇਗੀ ਜੋ ਪੜਾਅ ਦਰ ਪੜਾਅ ਗੁਰਦੁਆਰਾ ਸੀਸ਼ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗੀ।
ਸੈਰ ਸਪਾਟਾ ਵਿਭਾਗ ਪੰਜਾਬ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਨੇ ਸਮੁੱਚੇ ਸਮਾਗਮਾਂ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ, ਜਿਨ੍ਹਾਂ ਦੀ ਸੰਪੂਰਨਤਾਂ 25 ਨਵੰਬਰ ਨੂੰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਉੱਤਰ ਭਾਰਤ ਵਿੱਚ ਪਹਿਲੀ ਵਾਰ ਵਿਰਾਸਤ ਏ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ 500 ਡਰੋਨਾਂ ਨਾਲ ਨੋਵੇਂ ਪਾਤਸ਼ਾਹ ਜੀ ਦੇ ਜੀਵਨ ਨੂੰ ਸਮਰਪਿਤ ਡਰੋਨ ਸ਼ੋਅ ਆਯੋਜਿਤ ਹੋਣਗੇ, ਜੋ 23 ਨਵੰਬਰ ਤੋ 29 ਨਵੰਬਰ ਤੱਕ ਰੋਜ਼ਾਨਾ ਹੋਣਗੇ। ਸ਼ਰਧਾਲੂਆਂ ਦੇ ਮੁਫਤ ਠਹਿਰਾਓ ਲਈ 19 ਨਵੰਬਰ ਤੋਂ 29 ਨਵੰਬਰ ਤੱਕ 3 ਵਿਸ਼ਾਲ ਟੈਂਟ ਸਿਟੀਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੰਗਤਾਂ ਨੂੰ ਹਰ ਸੰਭਵ ਸਹੂਲਤ ਮੁਹੱਇਆ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿਖੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਰੋਸ਼ਨੀ ਅਤੇ ਆਵਾਜ਼ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ 23 ਨਵੰਬਰ ਤੋ 25 ਨਵੰਬਰ ਤੱਕ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ ਗੁਰਮਤਿ ਸਮਾਗਮ ਹੋਣਗੇ, ਜਿਨ੍ਹਾਂ ਵਿੱਚ ਮਹਾਨ ਕੀਰਤਨ ਦਰਬਾਰ, ਸਰਬੱਤ ਦੇ ਭਲੇ ਦੀ ਇਕੱਤਤਰਤਾ, ਸਰਬ ਧਰਮ ਸੰਮੇਲਨ, ਢਾਡੀ ਕਵੀਸ਼ਰੀ ਦਰਬਾਰ ਤੇ ਪੰਥ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਇਸ ਮੌਕੇ ਉਨ੍ਹਾਂ ਨੇ ਸਮਾਗਮ ਵਾਲੇ ਸਥਾਨ ਤੇ ਪਹੁੰਚ ਕੇ ਪ੍ਰਬੰਧਾਂ ਦੀ ਰੂਪ ਰੇਖਾ ਦਾ ਜਾਇਜਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਮਾਂ ਰਹਿੰਦੀਆਂ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਜਸਪ੍ਰੀਤ ਸਿੰਘ ਐਸ.ਡੀ.ਐਮ, ਜਸ਼ਨਦੀਪ ਸਿੰਘ ਮਾਨ ਡੀ.ਐਸ.ਪੀ, ਭੁਪਿੰਦਰ ਸਿੰਘ ਚਾਨਾ ਸੁਪਰਡੈਂਟ ਇੰਜੀਨਿਅਰ ਸੈਰ ਸਪਾਟਾ ਵਿਭਾਗ, ਦਾਨਿਸ਼ਵੀਰ ਸਿੰਘ ਐਸ.ਐਚ.ਓ, ਨਿਹੰਗ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

