Punjab

ਮੁੱਖ ਮੰਤਰੀ ਨੇ ਘਟ ਰਹੀ ਸਪਲਾਈ ਉਤੇ ਚਿੰਤਾ ਜਾਹਰ ਕਰਦਿਆਂ ਕੇਂਦਰ ਸਰਕਾਰ ਨੂੰ ਵੈਕਸੀਨ ਭੇਜਣ ਅਤੇ ਦੋ ਨਵੇਂ ਆਕਸੀਜਨ ਪਲਾਂਟ ਨੂੰ ਮਨਜੂਰੀ ਦੇਣ ਦੀ ਮੰਗ ਕੀਤੀ

ਚੰਡੀਗੜ੍ਹ, 19 ਅਪ੍ਰੈਲ

       ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੈਕਸੀਨ ਅਤੇ ਆਕਸੀਜ਼ਨ ਦੇ ਘਟੇ ਰਹੇ ਭੰਡਾਰ ਉਤੇ ਚਿੰਤਾ ਜਾਹਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਵੈਕਸੀਨ ਦੀ ਸਪਲਾਈ ਤੁਰੰਤ ਭੇਜਣ ਅਤੇ ਸੂਬੇ ਵਿਚ ਦੋ ਨਵੇਂ ਆਕਸੀਜਨ ਪਲਾਂਟ ਨੂੰ ਫੌਰੀ ਮਨਜੂਰੀ ਦੇਣ ਦੀ ਅਪੀਲ ਕੀਤੀ ਹੈ।

       ਸੂਬੇ ਵਿਚ ਮੌਜੂਦ ਵੈਕਸੀਨ ਬਾਰੇ ਮੁੱਖ ਸਕੱਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਥਿਤੀ ਨਾਜੁਕ ਹੈ ਅਤੇ ਸਿਰਫ ਤਿੰਨ ਦਿਨ ਦਾ ਸਟਾਕ ਬਚਿਆ ਹੈ ਪਰ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਹੋਰ ਸਟਾਕ ਛੇਤੀ ਹੀ ਭੇਜਆ ਜਾ ਰਿਹਾ ਹੈ।

       ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਅੰਮਿਰਤਸਰ ਹਸਪਤਾਲ ਵਿਚ ਆਕਸੀਜਨ ਦੀ ਸਪਲਾਈ ਦੀ ਘਾਟ ਦਾ ਜਿਕਰ ਕੀਤਾ ਜਦਕਿ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਭਾਵੇਂ ਇੰਡੀਨ ਆਇਲ ਲਿਮਟਡ ਸੂਬੇ ਨੂੰ ਸਪਲਾਈ ਮੁਹੱਈਆ ਕਰਵਾ ਰਿਹਾ ਹੈ ਪਰ ਸਥਿਤੀ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਖੇ ਮੰਗ-ਸਪਲਾਈ ਉਤੇ ਨੇੜਿਓਂ ਨਿਗ੍ਹਾ ਰੱਖੀ ਜਾ ਰਹੀ ਹੈ।

       ਵਿਨੀ ਮਹਾਜਨ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿਚ ਸਥਿਤੀ ਦੀ ਨਿਗਰਾਨੀ ਕਰਨ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਨ ਲਈ ਸੂਬਾ ਸਰਕਾਰ ਨੇ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ।

       ਸਿਹਤ ਵਿਭਾਗ ਦੇ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਕਰੋਨਾ ਦੀ ਪਿਛਲੀ ਲਹਿਰ ਆਉਣ ਤੋਂ ਤਿੰਨ ਪਲਾਂਟ ਕਾਰਜਸ਼ੀਲ ਹੋ ਚੁੱਕੇ ਹਨ ਅਤੇ ਅੰਮਿਰਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿਖੇ ਦੋ ਪਲਾਂਟ ਲਈ ਕੇਂਦਰ ਦੀ ਪ੍ਰਵਾਨਗੀ ਦੀ ਉਡੀਕ ਕੀਤੀ ਜਾ ਰਹੀ ਹੈ। ਭਾਵੇਂ ਇਸ ਵੇਲੇ ਆਕਸੀਜਨ ਦੀ ਕਮੀ ਹੈ ਪਰ ਲੋੜ ਦੀ ਪੂਰਤੀ ਕਰਨ ਲਈ ਇਕ ਜਿਲ੍ਹੇ ਤੋਂ ਦੂਜੇ ਜਿਲ੍ਹੇ ਨੂੰ ਸਪਲਾਈ ਕੀਤੀ ਜਾ ਰਹੀ ਹੈ।

       ਮੀਟਿੰਗ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਟੀਕਾਕਰਨ ਦਾ ਪੁਲੀਸ ਵਿਭਾਗ ਉਪਰ ਸਾਕਾਰਾਤਮਕ ਅਸਰ ਜਾਪਦਾ ਹੈ ਅਤੇ ਪਿਛਲੇ 24 ਘੰਟਿਆਂ ਵਿਚ ਕੋਵਿਡ ਤੋਂ ਬਚਾਅ ਦਾ ਟੀਕਾ ਲਵਾਉਣ ਵਾਲਾ ਇਕ ਪੁਲੀਸ ਜਵਾਨ ਪਾਜੇਟਿਵ ਆਇਆ ਹੈ ਅਤੇ ਟੀਕਾਕਰਨ ਵਾਲਿਆਂ ਵਿਚ ਕੁੱਲ ਸਿਰਫ 397 ਪਾਜੇਟਿਵ ਕੇਸ ਹਨ।

       ਮੁੱਖ ਮੰਤਰੀ ਨੇ ਸਮੂਹ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਯੋਗ ਵਿਅਕਤੀਆਂ ਦਾ ਵੱਧ ਤੋਂ ਵੱਧ ਟੀਕਾਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ। ਉਨ੍ਹਾਂ ਨੇ ਵੱਡੇ ਉਦਯੋਗਾਂ ਨੂੰ ਆਪੋ-ਆਪਣੇ ਮੁਲਾਜ਼ਮਾਂ ਦੇ ਟੀਕਾਕਰਨ ਲਈ ਜਿੰਮਾ ਚੁੱਕਣ ਲਈ ਆਖਿਆ।

Related Articles

Leave a Reply

Your email address will not be published. Required fields are marked *

Back to top button
error: Sorry Content is protected !!