2542 ਧੀਆਂ ਨੂੰ ਦਿੱਤਾ 51-51 ਹਜ਼ਾਰ ਰੁਪਏ ਦਾ ‘ਆਸ਼ੀਰਵਾਦ’: ਹਰਮੀਤ ਸਿੰਘ ਸੰਧੂ
‘ਆਪ’ ਦਾ ਏਜੰਡਾ ਸਿਰਫ਼ ਵਿਕਾਸ ਨਹੀਂ, ਸਗੋਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਆਰਥਿਕ ਤੌਰ ‘ਤੇ ਉੱਪਰ ਚੁੱਕਣਾ ਵੀ ਹੈ- ਸੰਧੂ
ਤਰਨਤਾਰਨ, 28 ਅਕਤੂਬਰ 2025
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸਮਾਜ ਭਲਾਈ ਨੀਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ‘ਆਪ’ ਸਰਕਾਰ ਸਹੀ ਮਾਇਨਿਆਂ ਵਿੱਚ ਗਰੀਬਾਂ, ਲੋੜਵੰਦਾਂ ਅਤੇ ਆਮ ਲੋਕਾਂ ਦੀ ਆਪਣੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਇਹ ਸਾਬਤ ਕਰ ਦਿੱਤਾ ਹੈ ਕਿ ਉਸਦਾ ਏਜੰਡਾ ਸਿਰਫ਼ ਵਿਕਾਸ ਹੀ ਨਹੀਂ, ਸਗੋਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਆਰਥਿਕ ਤੌਰ ‘ਤੇ ਉੱਪਰ ਚੁੱਕਣਾ ਵੀ ਹੈ।
ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ, ਹਰਮੀਤ ਸਿੰਘ ਸੰਧੂ ਨੇ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਆਸ਼ੀਰਵਾਦ ਸਕੀਮ’ ਤਹਿਤ ਸਾਲ 2024-25 ਦੌਰਾਨ ਜ਼ਿਲ੍ਹਾ ਤਰਨਤਾਰਨ ਦੇ 2542 ਯੋਗ ਬਿਨੈਕਾਰਾਂ ਨੂੰ ਕੁੱਲ 12 ਕਰੋੜ 96 ਲੱਖ ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਕੀਮ ਤਹਿਤ ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਧੀ ਦੇ ਵਿਆਹ ਮੌਕੇ 51-51 ਹਜਾਰ ਰੁਪਏ ਦੇ ਹਿਸਾਬ ਨਾਲ ਸ਼ਗਨ ਦਿੱਤਾ ਗਿਆ ਹੈ।
ਸੰਧੂ ਨੇ ਰਵਾਇਤੀ ਪਾਰਟੀਆਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੌਰਾਨ ਇਹ ਸਕੀਮ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਈ ਸੀ। ਉਨ੍ਹਾਂ ਕਿਹਾ, “ਪਹਿਲਾਂ ਲੋਕਾਂ ਨੂੰ 51,000 ਰੁਪਏ ਦਾ ਸ਼ਗਨ ਲੈਣ ਲਈ ਸਾਲਾਂ-ਬੱਧੀ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ ਅਤੇ ਅਕਸਰ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਸੀ। ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਾ ਸਿਰਫ਼ ਪੁਰਾਣੇ ਸਾਰੇ ਬਕਾਏ ਕਲੀਅਰ ਕੀਤੇ, ਸਗੋਂ ਇਹ ਯਕੀਨੀ ਬਣਾਇਆ ਕਿ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਦੇਰੀ ਦੇ ਪੈਸਾ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਮਿਲੇ।”
‘ਆਪ’ ਉਮੀਦਵਾਰ ਨੇ ਕਿਹਾ ਕਿ 12 ਕਰੋੜ 96 ਲੱਖ ਰੁਪਏ ਦੀ ਇਹ ਵੱਡੀ ਰਕਮ ਦਰਸਾਉਂਦੀ ਹੈ ਕਿ ਸਰਕਾਰ ਗਰੀਬ ਪਰਿਵਾਰਾਂ ਪ੍ਰਤੀ ਕਿੰਨੀ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ 2542 ਪਰਿਵਾਰਾਂ ਲਈ ਇੱਕ ਵੱਡਾ ਆਰਥਿਕ ਸਹਾਰਾ ਬਣਿਆ ਹੈ। ਮਾਨ ਸਰਕਾਰ ਨੇ ਸਿਰਫ਼ ਆਸ਼ੀਰਵਾਦ ਸਕੀਮ ਹੀ ਨਹੀਂ, ਸਗੋਂ 600 ਯੂਨਿਟ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ ਅਤੇ ‘ਸਕੂਲ ਆਫ਼ ਐਮੀਨੈਂਸ’ ਰਾਹੀਂ ਮਿਆਰੀ ਸਿੱਖਿਆ ਦੇ ਕੇ ਆਮ ਆਦਮੀ ਦਾ ਜੀਵਨ ਪੱਧਰ ਉੱਚਾ ਚੁੱਕਿਆ ਹੈ। ਸੰਧੂ ਨੇ ਭਰੋਸਾ ਦਿਵਾਇਆ ਕਿ ‘ਆਪ’ ਸਰਕਾਰ ਭਵਿੱਖ ਵਿੱਚ ਵੀ ਤਰਨਤਾਰਨ ਦੇ ਲੋਕਾਂ ਦੀ ਭਲਾਈ ਲਈ ਇਸੇ ਤਰ੍ਹਾਂ ਪਾਰਦਰਸ਼ੀ ਅਤੇ ਇਮਾਨਦਾਰੀ ਨਾਲ ਕੰਮ ਕਰਦੀ ਰਹੇਗੀ।
