*ਹਰਪਾਲ ਚੀਮਾ ਵੱਲੋਂ ਭਾਜਪਾ ‘ਤੇ ਲਾਏ ਦੋਸ਼ ਝੂਠੇ ਅਤੇ ਬੇਬੁਨਿਆਦ: ਅਸ਼ਵਨੀ ਸ਼ਰਮਾ*
*ਝੂਠ ਦੀਆਂ ਬੈਸਾਖੀਆਂ ਦੇ ਸਹਾਰੇ ਪੰਜਾਬ ਦੀ ਸੱਤਾ ਹਾਸਲ ਕਰਨ ਵਾਲੇ ਭਗਵੰਤ ਮਾਨ ਨੂੰ ਪੰਜਾਬ 'ਚ ਸਰਕਾਰ ਚਲਾਉਣੀ ਹੋਈ ਔਖੀ, ਆਪਣੀ ਨਾਕਾਮੀ ਛੁਪਾਉਣ ਲਈ ਭਾਜਪਾ 'ਤੇ ਲਾ ਰਿਹਾ ਦੋਸ਼: ਅਸ਼ਵਨੀ ਸ਼ਰਮਾ* *
ਚੰਡੀਗੜ੍ਹ, 13 ਸਤੰਬਰ ( ), ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਸਰਕਾਰ ਨੂੰ ਡੇਗਣ ਲਈ ‘ਆਪਰੇਸ਼ਨ ਲੋਟਸ’ ਤਹਿਤ ‘ਆਪ’ ਵਿਧਾਇਕਾਂ ਦੀ ਖਰੀਦੋ-ਫ਼ਰੋਖ਼ਤ ਕੀਤੇ ਜਾਣ ਦੇ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰਪਾਲ ਸਿੰਘ ਚੀਮਾ ਵੱਲੋਂ ਭਾਜਪਾ ‘ਤੇ ਲਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ। ਭਾਜਪਾ ਨੇ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਚੋਣਾਂ ਦੌਰਾਨ ਲੋਕਾਂ ਦੇ ਪਿਆਰ ਅਤੇ ਸਮਰਥਨ ਨਾਲ ਮਿਲੇ ਬਹੁਮਤ ਦੇ ਆਧਾਰ ‘ਤੇ ਸਰਕਾਰ ਬਣਾਉਣ ‘ਚ ਵਿਸ਼ਵਾਸ ਰੱਖਦੀ ਹੈ। ਸ਼ਰਮਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਸੂਬਿਆਂ ‘ਚ ਭਾਜਪਾ ਦੀਆਂ ਸਰਕਾਰਾਂ ਬਣੀਆਂ ਹਨ, ਉੱਥੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਹਿੱਤ ਲਈ ਲਏ ਗਏ ਠੋਸ ਫੈਸਲਿਆਂ ਅਤੇ ਜਨਤਾ ਲਈ ਕੀਤੇ ਕੰਮਾਂ ‘ਤੇ ਭਰੋਸਾ ਪ੍ਰਗਟਾਉਂਦਿਆਂ ਉਸ ਸੂਬੇ ਦੀ ਸੱਤਾ ਭਾਜਪਾ ਨੂੰ ਸੌਂਪੀ ਹੈI
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੀਮਾ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਕਾਰਨ ਇਹ ਹੈ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਭਗਵੰਤ ਮਾਨ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਭਗਵੰਤ ਮਾਨ ਵੱਲੋਂ ਪਿਛਲੇ ਪੰਜ ਮਹੀਨਿਆਂ ਦੌਰਾਨ ਵੱਖ-ਵੱਖ ਵਿਆਜ ਦਰਾਂ ‘ਤੇ 12,000 ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਗਿਆ ਹੈ। ਝੂਠ ਦੀਆਂ ਬੈਸਾਖੀਆਂ ਦੇ ਸਹਾਰੇ ਪੰਜਾਬ ਦੀ ਸੱਤਾ ਹਾਸਲ ਕਰਨ ਵਾਲੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਸਰਕਾਰ ਚਲਾਉਣੀ ਔਖੀ ਲੱਗ ਰਹੀ ਹੈ, ਕਿਉਂਕਿ ਜਨਤਾ ਉਹਨਾਂ ਤੋਂ ਜਵਾਬ ਮੰਗਦੀ ਹੈ। ਅੱਜ ਪੰਜਾਬ ਦੇ ਲਗਭਗ ਸਾਰੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਭਗਵੰਤ ਮਾਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇੰਨਾ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਵਿਚਾਲੇ ਚੱਲ ਰਿਹਾ ਅੰਦਰੂਨੀ ਠੰਡੀ ਜੰਗ ਹੁਣ ਮੈਦਾਨ ‘ਚ ਆ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਪਈ ਫੁੱਟ ਕਰਨ ਆਮ ਆਦਮੀ ਪਾਰਟੀ ਦੇ ਦੋਫਾੜ ਹੋਣ ਦੀ ਵੀ ਪ੍ਰਬਲ ਸੰਭਾਵਨਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰਪਾਲ ਚੀਮਾ ਆਮ ਆਦਮੀ ਪਾਰਟੀ ‘ਚ ਚੱਲ ਰਹੇ ਘਟਨਾਕ੍ਰਮ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ, ਜਦਕਿ ਉਨ੍ਹਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਵਿਦੇਸ਼ ਦੌਰੇ ‘ਤੇ ਹਨ। ਅਸਲ ਵਿੱਚ ਇਸ ਸਭ ਦਾ ਕਾਰਨ ਕੇਜਰੀਵਾਲ ਦੇ ਜਵਾਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹਕਾਰ ਕਮੇਟੀ ਦੇ ਮੁਖੀ ਰਾਘਵ ਚੱਢਾ ਦੀ ਪੰਜਾਬ ਦੇ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਅਤੇ ਪੰਜਾਬ ਦੇ ਮੰਤਰੀਆਂ ਅਤੇ ਆਗੂਆਂ ਦੇ ਕੰਮਾਂ ‘ਚ ਦਖਲਅੰਦਾਜ਼ੀ ਹੈ। ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੰਤਰੀ ਅਤੇ ਆਗੂ ਹਜ਼ਮ ਨਹੀਂ ਹੋ ਰਹੀ। ਆਮ ਆਦਮੀ ਪਾਰਟੀ ਲਈ ਆਪਣੀਆਂ ਨਾਕਾਮੀਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਦਿੱਲੀ ਵਿੱਚ ਵੀ ਅਜਿਹਾ ਹੀ ਕਰਦੇ ਰਹੇ ਹਨ ਅਤੇ ਹੁਣ ਜੇਕਰ ਪੰਜਾਬ ਵਿੱਚ ਅਜਿਹਾ ਕੀਤਾ ਜਾਂਦਾ ਹੈ ਤਾਂ ਸੂਬੇ ਦੇ ਲੋਕ ਉਨ੍ਹਾਂ ਦੇ ਝੂਠ ‘ਤੇ ਵਿਸ਼ਵਾਸ ਨਹੀਂ ਕਰਨਗੇ। ਕਿਉਂਕਿ ਲੋਕ ਜਾਣਦੇ ਹਨ ਕਿ ‘ਆਪ’ ਆਗੂ ਪੰਜਾਬ ਦੀ ਸਰਕਾਰ ਚਲਾਉਣ ਅਤੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ‘ਚ ਨਾਕਾਮ ਰਹੇ ਹਨ।