Punjab

ਪੰਜਾਬ ਦੀ ਆਬਕਾਰੀ ਟੀਮ ਵੱਲੋਂ ਬੇਟ ਏਰੀਏ ‘ਚ ਛਾਪੇਮਾਰੀ, 2.80 ਲੱਖ ਕਿਲੋਗ੍ਰਾਮ ਲਾਹਣ ਅਤੇ 100 ਲੀਟਰ ਨਾਜਾਇਜ਼ ਸ਼ਰਾਬ ਕੀਤੀ ਨਸ਼ਟ

 

 

*ਪੰਜਾਬ ਦੀ ਆਬਕਾਰੀ ਟੀਮ ਵੱਲੋਂ ਬੇਟ ਏਰੀਏ ‘ਚ ਛਾਪੇਮਾਰੀ, 2.80 ਲੱਖ ਕਿਲੋਗ੍ਰਾਮ ਲਾਹਣ ਅਤੇ 100 ਲੀਟਰ ਨਾਜਾਇਜ਼ ਸ਼ਰਾਬ ਕੀਤੀ ਨਸ਼ਟ*

 

– *30 ਚਾਲੂ ਭੱਠੀਆਂ, 6 ਕੁਇੰਟਲ ਲੱਕੜ, 15 ਡਰੰਮ, 9 ਪਲਾਸਟਿਕ ਦੀਆਂ ਪਾਈਪਾਂ ਅਤੇ 12 ਬੋਰੀਆਂ ਗੁੜ ਜ਼ਬਤ*

ਚੰਡੀਗੜ੍ਹ, 11 ਮਈ :

 

ਲਾਹਣ ਤੋਂ ਬਣਾਈ ਜਾਣ ਵਾਲੀ ਨਾਜਾਇਜ਼ ਸ਼ਰਾਬ ਨੂੰ ਰੋਕਣ ਲਈ ਆਬਕਾਰੀ ਟੀਮਾਂ ਵੱਲੋਂ ਮੰਗਲਵਾਰ ਤੜਕ ਸਾਰ ਲੁਧਿਆਣਾ ਜ਼ਿਲ੍ਹੇ ਦੇ ਬੇਟ ਇਲਾਕੇ ਵਿੱਚ ਛਾਪੇਮਾਰੀ ਕਰਕੇ 2.80 ਲੱਖ ਕਿਲੋਗ੍ਰਾਮ ਲਾਹਣ ਅਤੇ 100 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਅਤੇ ਇਸ ਨੂੰ ਮੌਕੇ ‘ਤੇ ਨਸ਼ਟ ਕਰ ਦਿੱਤਾ ਗਿਆ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਪੰਜਾਬ ਦੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਨੇ ਮੰਗਲਵਾਰ ਸਵੇਰੇ 5:30 ਵਜੇ ਬੇਟ ਖੇਤਰ ਵਿੱਚ ਵਿਆਪਕ ਛਾਪੇਮਾਰੀ ਕਰਨ ਲਈ ਚਾਰ ਟੀਮਾਂ ਗਠਿਤ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਰੇਂਜ ਦੇ ਸਹਾਇਕ ਕਮਿਸ਼ਨਰ (ਆਬਕਾਰੀ) ਡਾ. ਸ਼ਿਵਾਨੀ ਗੁਪਤਾ ਵੱਲੋਂ ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਜ਼ੋਨ ਸ਼ਾਲਿਨ ਵਾਲੀਆ ਦੀ ਅਗਵਾਈ ਹੇਠ ਲਾਹਨ ਤੋਂ ਨਾਜਾਇਜ਼ ਸ਼ਰਾਬ ਬਣਾਉਣ ਸਬੰਧੀ ਛਾਪੇਮਾਰੀ ਲਈ ਇਹਨਾਂ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਸੀ।

 

ਬੁਲਾਰੇ ਨੇ ਅੱਗੇ ਦੱਸਿਆ ਕਿ ਸਤਲੁਜ ਦਰਿਆ ਦੇ ਕੰਢੇ ਦੇ ਇਲਾਕਿਆਂ/ਪਿੰਡਾਂ ਜਿਵੇਂ ਤਲਵਾਨੀ ਨਾਬਾਦ, ਬੜੂੰਦੀ ਨੇੜੇ ਗੋਰਸੀਆ, ਭੋਲੇਵਾਲ ਜੱਦੀਦ, ਰਾਜਾਪੁਰ, ਖੇੜਾ ਬੇਟ, ਮਜਾਰਾ ਕਲਾਂ, ਹਾਕਮ ਰਾਏ ਬੇਟ, ਸ਼ੇਰੇਵਾਲ, ਬਾਗੀਆਂ ਅਤੇ ਪਿੰਡ ਬਹਾਦਰ ਕੇ ਵਿੱਚ ਛਾਪੇਮਾਰੀ ਕੀਤੀ ਗਈ। ਉਹਨਾਂ ਦੱਸਿਆ ਕਿ ਕਰੀਬ 40 ਕਿਲੋਮੀਟਰ ਦੇ ਖੇਤਰ ਵਿੱਚ ਨਾਜਾਇਜ਼ ਸ਼ਰਾਬ ਬਣਾਉਣ ਦੀ ਪ੍ਰਕਿਰਿਆ ਨੂੰ ਰੋਕਣ ਲਈ ਇਹ ਮੁਹਿੰਮ ਚਲਾਈ ਗਈ ਸੀ।

 

ਲੁਧਿਆਣਾ ਦੇ ਆਬਕਾਰੀ ਅਫਸਰਾਂ ਦੀ ਅਗਵਾਈ ਵਿੱਚ ਐਕਸਾਈਜ਼ ਇੰਸਪੈਕਟਰਾਂ ਅਤੇ ਆਬਕਾਰੀ ਪੁਲਿਸ ਸਟਾਫ਼ ਦੀਆਂ ਸਰਚ ਟੀਮਾਂ ਦੇ ਕਰੀਬ 60 ਮੈਂਬਰਾਂ ਨੇ ਵਿਆਪਕ ਛਾਪੇਮਾਰੀ ਕੀਤੀ। ਇਸ ਮੁਹਿੰਮ ਦੌਰਾਨ ਇੱਕ ਹੈਰਾਨ ਕਰਨ ਵਾਲਾ ਤੱਥ ਇਹ ਵੀ ਸਾਹਮਣੇ ਆਇਆ ਕਿ ਇਸ ਲਾਹਣ ਤੋਂ ਨਾਜਾਇਜ਼ ਸ਼ਰਾਬ ਬਣਾਉਣ ਲਈ ਲੁਧਿਆਣਾ ਦੀਆਂ ਵੱਖ-ਵੱਖ ਉਦਯੋਗਿਕ ਇਕਾਈਆਂ ਦੇ ਸੀਵਰੇਜ ਦਾ ਪਾਣੀ ਵਰਤਿਆ ਜਾਂਦਾ ਸੀ। ਟੀਮ ਨੂੰ ਦੇਖ ਕੇ ਸ਼ਰਾਬ ਬਣਾਉਣ ਵਾਲੇ ਵਿਅਕਤੀ 30 ਚਾਲੂ ਭੱਠੀਆਂ, 6 ਕੁਇੰਟਲ ਲੱਕੜ, 15 ਲੋਹੇ ਦੇ ਡਰੰਮ, ਦੋ ਐਲੂਮੀਨੀਅਮ ਦੇ ਬਰਤਨ, 9 ਪਲਾਸਟਿਕ ਪਾਈਪਾਂ ਅਤੇ ਗੁੜ ਦੀਆਂ 12 ਬੋਰੀਆਂ ਛੱਡ ਕੇ ਭੱਜ ਗਏ। ਬੁਲਾਰੇ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲ੍ਹਾ ਜਲੰਧਰ ਤੋਂ ਆਬਕਾਰੀ ਸਟਾਫ਼ ਨੂੰ ਵੀ ਦਰਿਆ ਦੇ ਦੂਜੇ ਸਿਰੇ ‘ਤੇ ਬੁਲਾਇਆ ਗਿਆ ਸੀ ਤਾਂ ਜੋ ਮੁਹਿੰਮ ਨੂੰ ਕਾਮਯਾਬ ਕੀਤਾ ਜਾ ਸਕੇ।

 

ਉਹਨਾਂ ਅੱਗੇ ਦੱਸਿਆ ਕਿ ਇਹ ਮੁਹਿੰਮ ਮੰਡ ਖੇਤਰਾਂ ਅਤੇ ਪੰਜਾਬ ਦੇ ਦਰਿਆਵਾਂ ਦੇ ਕੰਢੇ ਨਾਲ ਲੱਗਦੇ ਖੇਤਰਾਂ ਵਿੱਚ ਲਾਹਣ ਤੋਂ ਨਾਜ਼ਾਇਜ ਸ਼ਰਾਬ ਬਣਾਉਣ ਵਾਲੇ ਲੋਕਾਂ ਨੂੰ ਕਾਬੂ ਕਰਨ ਵਿੱਚ ਸਹਾਈ ਹੋਵੇਗੀ ਜ਼ਿਕਰਯੋਗ ਹੈ ਕਿ ਸ਼ਰਾਬ ਬਣਾਉਣ ਲਈ ਵਰਤਿਆ ਜਾ ਰਿਹਾ ਪਾਣੀ ਉਦਯੋਗਿਕ ਇਕਾਈਆਂ ਦੇ ਰਸਾਇਣਕ ਰਹਿੰਦ-ਖੂੰਹਦ ਅਤੇ ਜ਼ਹਿਰੀਲੇ ਪਦਾਰਥਾਂ ਨਾਲ ਭਰਿਆ ਹੁੰਦਾ ਹੈ। ਇਸ ਲਈ ਕੋਈ ਵੀ ਇਸ ਨਾਜ਼ਾਇਜ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਹੋਣ ਵਾਲੇ ਖਤਰੇ ਦੀ ਕਲਪਨਾ ਕਰ ਸਕਦਾ ਹੈ। ਦਰਿਆ ਦੇ ਕਿਨਾਰਿਆਂ/ਸਰਹੱਦੀ ਖੇਤਰਾਂ ਵਿੱਚ ਲਾਹਣ ਤੋਂ ਬਣਾਈ ਜਾਣ ਵਾਲੀ ਨਾਜ਼ਾਇਜ ਸ਼ਰਾਬ ਇੱਕ ਵੱਡੀ ਚੁਣੌਤੀ ਬਣ ਗਈ ਹੈ, ਜਿਸ ਨਾਲ ਸੂਬੇ ਵਿੱਚ ਸ਼ਰਾਬ ਦੀ ਵਿਕਰੀ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਸੂਬੇ ਦੇ ਖਜ਼ਾਨੇ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸ ਨਾਲ ਦੁਰਘਟਨਾਂਵਾਂ ਹੋਣ ਦਾ ਖਤਰਾ ਵੀ ਹੁੰਦਾ ਹੈ। ਸੂਬੇ ਵਿੱਚ ਹਰ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਖਤਮ ਕਰਨ ਦੇ ਦ੍ਰਿੜ ਸੰਕਲਪ ਅਤੇ ਸੂਬੇ ਦੇ ਮਾਲੀਏ ਨੂੰ ਹੁਲਾਰਾ ਦੇਣ ਲਈ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਇਸ ਕੁਤਾਹੀ ਵਿਰੁੱਧ ਵਿਆਪਕ ਮੁਹਿੰਮ ਚਲਾਈ ਗਈ ਹੈ।

 

——

Related Articles

Leave a Reply

Your email address will not be published. Required fields are marked *

Back to top button
error: Sorry Content is protected !!