Punjab

ਡਾ. ਸੋਹਲ ਮੁੜ ਪੰਜਾਬ ਸਾਹਿਤ ਅਕਾਦਮੀ ਪ੍ਰਧਾਨ ਬਣੇ 

       ਡਾ. ਸਰਬਜੀਤ ਕੌਰ ਸੋਹਲ ਮੁੜ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਬਣਾਏ ਗਏ । ਮੀਤ ਪ੍ਰਧਾਨ ਤੋਂ ਬਾਅਦ ਬੀਤੇ ਚਾਰ ਸਾਲ ਇਸ ਅਹੁਦੇ ‘ਤੇ ਰਹਿੰਦਿਆਂ ਉਨਾਂ ਨੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਯਾਦਗਾਰੀ ਕੰਮ ਕੀਤੇ ਜਿਨਾਂ ਵਿੱਚ ਅੰਤਰ ਰਾਸ਼ਟਰੀ ਸਾਹਿਤ ਉਤਸਵ ਅਤੇ ਨਾਰੀ ਸਾਹਿਤ ਉਤਸਵ ਆਦਿ ਸ਼ਾਮਲ ਹਨ। ਕਰੋਨਾ ਕਾਲ ਦੀ ਸ਼ੁਰੂਆਤ ਵੇਲੇ ਵੀ ਉਨਾਂ ਨੇ ਆਨ ਲਾਈਨ ਸਾਹਿਤਕ ਸਮਾਗਮਾਂ ਦੀ ਲੜੀ ਜਾਰੀ ਰੱਖੀ ।
        ਅਧਿਆਪਕ, ਅਧਿਕਾਰੀ, ਕਵਿਤਰੀ, ਆਲੋਚਕ, ਸੰਪਾਦਕ, ਅਨੁਵਾਦਕ ਅਤੇ ਕਹਾਣੀਕਾਰ ਹੋਣ ਦੇ ਨਾਤੇ ਡਾ. ਸੋਹਲ ਦੇ ਖਾਤੇ ਵਿੱਚ ਸੱਤ ਕਵਿਤਾ ਪੁਸਤਕਾਂ, ਤਿੰਨ ਆਲੋਚਨਾ ਪੁਸਤਕਾਂ, ਪੰਜ ਸੰਪਾਦਤ ਪੁਸਤਕਾਂ, ਗਿਆਰਾਂ ਅਨੁਵਾਦ ਪੁਸਤਕਾਂ ਅਤੇ ਇੱਕ ਕਹਾਣੀਆਂ ਦੀ ਪੁਸਤਕ ਸ਼ਾਮਲ ਹੋ ਚੁਕੀ ਹੈ ।
       ਪੰਜਾਬ ਸਰਕਾਰ ਵੱਲੋਂ ਦੋ ‘ਸਟੇਟ ਐਵਾਰਡ’, ‘ਇੰਦਰਾ ਗਾਂਧੀ ਐਨ.ਐਸ.ਐਸ. ਨੈਸ਼ਨਲ ਐਵਾਰਡ’ ਭਾਰਤ ਦੇ ਰਾਸ਼ਟਰਪਤੀ ਦੁਆਰਾ ਸਿਖਿਆ ਦੇ ਖੇਤਰ ਵਿਚ ਨੈਸ਼ਨਲ ਐਵਾਰਡ, ਖ਼ਾਲਸਾ ਕਾਲਜ ਅੰਮ੍ਰਿਤਸਰ ਦੁਆਰਾ ‘ਵਿਰਾਸਤੀ ਐਵਾਰਡ’ ਰੀਜਨਲ ਸੈਂਟਰ ਜਲੰਧਰ ਦੇ ਜਰਨਲਿਜ਼ਮ ਵਿਭਾਗ ਦੁਆਰਾ ਸਿਲਵਰ ਜੁਬਲੀ ਸਮਾਗਮ ‘ਤੇ ‘ਐਵਾਰਡ ਆਫ ਆਨਰ’, ਨਾਰੀ ਦਿਵਸ ‘ਤੇ ਮੁਹਾਲੀ ਪ੍ਰੈੱਸ ਕਲੱਬ ਅਵਾਰਡ ਸਮੇਤ ਪੰਜਾਬ ਸਕੂਲ ਸਿਖਿਆ ਬੋਰਡ ਅਤੇ ‘ਭਾਰਤੀ ਵਿਕਾਸ ਪ੍ਰੀਸ਼ਦ’ ਦੁਆਰਾ ਵੀ  ਕਈ ਹੋਰ ਮਾਣ-ਸਨਮਾਨ ਮਿਲ ਚੁਕੇ ਹਨ ।
       ਨਵੇਂ ਕਾਰਜ ਦੀ ਰੂਪ ਰੇਖਾ ਬਾਰੇ ਪੁੱਛਣ ‘ਤੇ ਡਾ. ਸੋਹਲ ਨੇ ਦੱਸਿਆ ਕਿ ਤਰਜੀਹੀ ਤੌਰ ‘ਤੇ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਦੇ ਪ੍ਰਚਾਰ-ਪ੍ਰਸਾਰ ਅਤੇ ਪ੍ਰਫੁੱਲਤਾ ਲਈ ਤਨਦੇਹੀ ਨਾਲ ਕੰਮ ਕਰਨਾ ਅਤੇ ਪੰਜਾਬ ਸਾਹਿਤ ਅਕਾਦਮੀ ਨੂੰ ਸਾਹਿਤ ਅਕਾਦਮੀ, ਦਿੱਲੀ ਦੇ ਪੱਧਰ ਤੱਕ ਪਹੁੰਚਾਉਣਾ ਹੀ ਮੇਰੇ ਨਵੇਂ ਕਾਰਜ ਦਾ ਮੁੱਖ ਮਕਸਦ ਹੋਵੇਗਾ।
       ਡਾ. ਸੋਹਲ ਨੇ ਦੱਸਿਆ ਕਿ ਪੰਜਾਬੀ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਦੀ ਪ੍ਰਫੁੱਲਤਾ ਲਈ ਕੇਵਲ ਚੰਡੀਗੜ੍ਹ ‘ਚ ਹੀ ਨਹੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਇਹ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਬਾਲਾਂ ਵਿਚ ਸਾਹਿਤ ਪੜ੍ਹਨ ਦੀ ਰੁੱਚੀ ਪ੍ਰਫੁੱਲਤ ਕਰਨ ਲਈ ਪਹਿਲਾਂ ਵੀ ਅਸੀਂ ਬੱਚਿਆਂ ਲਈ ਕਵਿਤਾ ਉਚਾਰਨ, ਕਵਿਤਾ ਲੇਖਣ, ਕਹਾਣੀ ਲੇਖਣ, ਵਾਰਤਕ ਅਤੇ ਨਾਟਕ ਲੇਖਨ ਆਦਿ ਲਈ ਵਰਕਸ਼ਾਪਾਂ ਆਯੋਜਿਤ ਕੀਤੀਆਂ ਸਨ ਜਿਨਾਂ ਲਈ ਭਰਵਾਂ ਹੁੰਗਾਰਾ ਮਿਲਿਆ ਸੀ । ਸਕੂਲ ਪੱਧਰ ‘ਤੇ ਹੁਣ ਵੀ ਇਹ ਕਾਰਜ ਜਾਰੀ ਰਖਿਆ ਜਾਏਗਾ । ਸਾਡੀ ਪੂਰੀ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਪਿੰਡਾਂ ਦੇ ਸਕੂਲਾਂ ਵਿਚ ਲਾਇਬ੍ਰੇਰੀਆਂ ਸਥਾਪਿਤ ਕਰ ਕੇ ਉੱਥੇ ਪੁਸਤਕਾਂ ਵੀ ਮੁਹੱਈਆ ਕਰਵਾਈਆਂ ਜਾਣ।
ਵਿਸ਼ੇਸ਼ ਤੌਰ ‘ਤੇ ਸਾਡੀ ਸਲਾਹਕਾਰ ਕਮੇਟੀ ਅਤੇ ਸਹਾਇਕ ਮੈਂਬਰਾਂ ਵਿਚ ਪੰਜਾਬ ਅਤੇ ਪੰਜਾਬੋਂ ਬਾਹਰ ਰਹਿੰਦੇ ਸਾਹਿਤ ਪ੍ਰੇਮੀਆਂ ਨੂੰ ਸ਼ਾਮਿਲ ਕੀਤਾ ਜਾਏਗਾ ਅਤੇ ਉਨ੍ਹਾਂ ਦੇ ਭਰਪੂਰ ਸਹਿਯੋਗ ਨਾਲ ਵੀ ਪੰਜਾਬੀ ਸਾਹਿਤ ਨੂੰ ਦੂਰ ਤੀਕ ਵਿਕਸਤ ਕੀਤਾ ਜਾਏਗਾ।
       ਪੰਜਾਬੀ ਸਾਹਿਤ ਜਗਤ ਦੇ ਸ਼ਾਹਅਸਵਾਰਾਂ ਦੇ ਕੰਮ ਨੂੰ ਸਾਂਭਣਾ, ਉਨ੍ਹਾਂ ਦੀਆਂ ਇੰਟਰਵਿਊ ਕਰਨੀਆਂ ਵੀ ਸਾਡੇ ਏਜੰਡੇ ਵਿੱਚ ਸ਼ਾਮਿਲ ਹੋਏਗਾ  ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਜ਼ਿਕਰਯੋਗ ਕੰਮ ਕਰ ਸਕੀਏ।
ਪੰਜਾਬੀ ਭਾਸ਼ਾ ਦੇ ਕਲਾਸੀਕਲ ਸਾਹਿਤ ਨੂੰ ਹੋਰਨਾਂ ਭਾਸ਼ਾਵਾਂ ਵਿਚ ਅਨੁਵਾਦ ਕਰਨ ਲਈ ਅੰਤਰ-ਰਾਜੀ ਅਤੇ ਅੰਤਰ-ਦੇਸ਼ੀ ਵਰਕਸ਼ਾਪਾਂ ਲਗਾਉਣ ਦੇ ਪ੍ਰੋਗਰਾਮ ਵੀ ਉਲੀਕੇ ਜਾਣਗੇ ਜਾਣਗੇ।
       ਮੌਜੂਦਾ ਸ਼ੋਸ਼ਲ ਮੀਡੀਆ ਨੈੱਟ ਅਤੇ ਟੀ.ਵੀ. ਸਭਿਆਚਾਰ ਦੇ ਅਥਾਹ ਪਸਾਰੇ ਦੁਆਰਾ  ਪੜ੍ਹਨ ਰੁੱਚੀਆਂ ਅਤੇ ਬੁੱਕ ਕਲਚਰ ਦੀ ਤਬਾਹੀ ਬਾਰੇ ਪੁੱਛਣ ‘ਤੇ ਉਹ ਦੱਸਦੇ ਨੇ ਕਿ ਸਾਡੇ ਵਾਲੀ ਪੀੜ੍ਹੀ ਤਾਂ ਕਿਤਾਬਾਂ ਨਾਲ ਹੀ ਮੋਹ ਪਾਲਦੀ ਆ ਰਹੀ ਹੈ। ਸਾਨੂੰ ਤਾਂ ਨੈੱਟ ‘ਤੇ ਪੜ੍ਹਨ ਦਾ ਸਵਾਦ ਹੀ ਨਹੀਂ ਆਉਂਦਾ, ਕਿਤਾਬ, ਆਪਣੀ ਜਿਹੀ ਲਗਦੀ ਹੈ। ਟੀ.ਵੀ. ਵੇਖਣ ਲੱਗ ਪਵੋ ਤਾਂ ਇਹ ਤੁਹਾਡਾ ਟਾਈਮ ਹੀ ਖਾ ਜਾਂਦਾ ਹੈ। ਹਕੀਕਤ ਤੋਂ ਦੂਰ ਮਾਇਆਵੀ ਦੁਨੀਆਂ ਹੈ ਟੀ.ਵੀ. ਦੀ। ਕਿਤਾਬਾਂ ਸਰਬਕਾਲੀਨ ਹੁੰਦੀਆਂ ਹਨ।
        ਸਾਹਿਤਕਾਰ ਅਤੇ ਪਾਠਕਾਂ ਵਿਚਾਲੇ ਲੋਪ ਹੋ ਰਹੇ ਨਿੱਘ-ਮੋਹ ਵਾਲੇ ਰਿਸ਼ਤੇ ਬਾਰੇ  ਪੁੱਛਣ ‘ਤੇ ਉਹ ਦੱਸਦੇ ਨੇ ਕਿ  ਇਹ ਧਾਰਣਾ ਕੇਵਲ ਲੇਖਕ-ਪਾਠਕ ਦੇ ਰਿਸ਼ਤੇ ਬਾਰੇ ਹੀ ਸੱਚੀ ਨਹੀਂ ਸਗੋਂ ਅਜੋਕੇ ਦੌਰ ਦੇ ਸਾਰੇ ਹੀ ਰਿਸ਼ਤਿਆਂ ਵਿਚੋਂ ਨੇੜਤਾ, ਨਿੱਘ-ਮੋਹ, ਖ਼ਲੂਸ ਬੜੀ ਤੇਜੀ ਨਾਲ ਮਨਫ਼ੀ ਹੋ ਰਿਹਾ ਹੈ। ਵਿਅਕਤੀਵਾਦੀ ਰੁੱਚੀ ਕਾਰਨ ‘ਸੈਲਫ ਅਪਰੇਜ਼ਲ’ ਜ਼ਿਆਦਾ ਹਾਵੀ ਹੋ ਰਿਹਾ ਹੈ।  ਦਰਅਸਲ ਮਨੁੱਖ ਦੀ ਫ਼ਿਤਰਤ ਵਿੱਚ ਹੀ ਬਦਲਾਅ ਆ ਗਿਆ ਹੈ।  ਹਾਂ, ਵੱਡੇ ਸਾਹਿਤਕਾਰਾਂ ਨਾਲ ਸੈਲਫੀ ਖਿੱਚਣ ਜਾਂ ਫ਼ੋਟੋ ਖਿਚਵਾਉਣ ਤੋਂ ਝੱਟ ਦੇਣੀ ਛਪਵਾਉਣ ਤੱਕ ਦਾ ਰਿਸ਼ਤਾ ਹਾਵੀ ਹੋ ਰਿਹੈ ਇਨੀ ਦਿਨੀਂ… ਉਸ ਨੂੰ ਨਿੱਠ ਕੇ ਪੜ੍ਹਨ ਜਾਂ ਰਚਨਾ ਦਾ ਅਧਿਐਨ/ਮਨਨ ਕਰਨ ਦਾ ਪਾਠਕ ਕੋਲ ਸਮਾਂ ਨਹੀਂ ਰਿਹਾ… ਇਹ ਵਰਤਾਰਾ, ਵਿਸ਼ਵਵਿਆਪੀ ਹੈ। ਮਨੁੱਖ ਖੰਡਾਂ ਵਿੱਚ ਜੀਅ ਰਿਹਾ ਹੈ ਅਤੇ ਖੰਡਾਂ ਕੋਲ ਸੰਪੂਰਨਤਾ ਲਈ ਸਮਾਂ ਨਹੀਂ ਹੈ। ਇਸ ਵਿੱਚ ਪਾਠਕ ਦਾ ਵੀ ਕਸੂਰ ਨਹੀਂ ਹੈ, ਸਮੇਂ ਦੀਆਂ ਲੋੜਾਂ ਅਨੁਸਾਰ ਪਾਠਕ ਵੀ ਬੇਵੱਸ ਤੇ ਮਜ਼ਬੂਰ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!