Punjab

ਧਰਮਸੌਤ ਨੇ ਕੈਪਟਨ ਦੇ ਹੱਕ ’ਚ ਡੱਟਦਿਆਂ ਦਿੱਤਾ ਵੱਡਾ ਬਿਆਨ:ਤਾਜਪੋਸ਼ੀ ਸਮਾਗਮ ਦੌਰਾਨ ਸਿੱਧੂੁ ਦੇ ਕੈਪਟਨ ਪ੍ਰਤੀ ਰਵਈਏ ਦੀ ਕੀਤੀ ਨਿਖੇਧੀ

ਕੋਈ ਭੁਲੇਖੇ ’ਚ ਨਾ ਰਹੇ ਪੰਜਾਬ ’ਚ ਕਾਂਗਰਸ ਕੇਵਲ ਕੈਪਟਨ ਅਮਰਿੰਦਰ ਕਰਕੇ ਹੀ ਜਿੰਦਾ ਹੈ : ਧਰਮਸੌਤ

ਚੰਡੀਗੜ੍ਹ, 26 ਜੁਲਾਈ ()- ਪੰਜਾਬ ’ਚ ਕੁੱਝ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਰਕੇ ਗਰਮੀ ਭਾਵੇਂ ਕੁੱਝ ਘਟੀ ਹੈ ਪਰ ਜਦੋਂ ਤੋਂ ਕਾਂਗਰਸ ਹਾਈਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਵਾਗਡੋਰ ਸੋਂਪੀ ਹੈ ਉਦੋਂ ਤੋਂ ਹੀ ਪੰਜਾਬ ਕਾਂਗਰਸ ਦੀ ਰਾਜਨੀਤੀ ਦਾ ਪਾਰਾ ਸ਼ਿਖਰਾਂ ’ਤੇ ਚੜ੍ਹਿਆ ਹੋਇਆ ਹੈ। ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਦੋ ਧੜਿਆਂ ਵਿਚ ਵੰਡਦੀ ਨਜਰ ਆ ਰਹੀ ਹੈ। ਕਾਂਗਰਸ ਦੇ ਵਿਧਾਇਕਾਂ ਦਾ ਇਕ ਧੜਾ ਸਿੱਧੂ ਨਾਲ ਤੇ ਦੂਜਾ ਧੜਾ ਕੈਪਟਨ ਅਮਰਿੰਦਰ ਸਿੰਘ ਨਾਲ ਖੜ੍ਹਾ ਹੋ ਗਿਆ ਹੈ। ਇਨ੍ਹਾਂ ਦੋਨੋਂ ਧੜਿਆਂ ਵਿਚ ਤਲਖੀ ਘਟਣ ਦਾ ਨਾਮ ਨਹੀਂ ਲੈ ਰਹੀ। ਅਜਿਹੇ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਡੱਟਦਿਆਂ ਇਕ ਵੱਡਾ ਬਿਆਨ ਦਿੱਤਾ ਹੈ।

         ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਧਰਮਸੌਤ ਨੇ ਕਿਹਾ ਕਿ ਕੋਈ ਵੀ ਵਿਅਕਤੀ ਭੁਲੇਖਾ ਨਾ ਰੱਖੇ ਪੰਜਾਬ ’ਚ ਅੱਜ ਕਾਂਗਰਸ ਕੇਵਲ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਜਿੰਦਾ ਹੈ। ਪਹਿਲਾਂ 2002 ਤੇ ਹੁਣ 2017 ’ਚ ਜੇਕਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੀ ਹੈ ਤਾਂ ਉਹ ਸਿਰਫ ਕੈਪਟਨ ਅਮਰਿੰਦਰ ਕਰਕੇ ਹੀ ਬਣੀ ਹੈ। ਧਰਮਸੌਤ ਨੇ ਤਾਜਪੋਸ਼ੀ ਸਮਾਰੋਹ ਦੌਰਾਨ ਨਵਜੋਤ ਸਿੱਧੂੁ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੇ ਗਏ ਮਾੜੇ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਸਿੱਧੁੂ ਨੂੰ ਅਜਿਹਾ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਨੂੰ ਆਪਣੇ ਆਹੁਦੇ ਦੀ ਮਰਿਆਦਾ ਵਿਚ ਰਹਿਣਾ ਚਾਹੀਦਾ ਹੈ ਤੇ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਪੰਜਾਬ ’ਚ ਕਾਂਗਰਸ ਦਾ ਕੈਪਟਨ ਹਲੇ ਕੈਪਟਨ ਅਮਰਿੰਦਰ ਸਿੰਘ ਹੀ ਹੈ। ਜੇਕਰ ਭਵਿੱਖ ਵਿਚ ਉਨ੍ਹਾਂ ਵੱਲੋਂ ਫਿਰ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਨਜਰਅੰਦਾਜ ਜਾਂ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਸਿੱਟੇ ਭਿਆਨਕ ਨਿਕਲਣਗੇ।

          ਧਰਮਸੌਤ ਨੇ ਕਿਹਾ ਕਿ ਕੈਪਟਨ ਵੱਲੋਂ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਲਏ ਗਏ ਇਤਿਹਾਸਿਕ ਫੈਸਲਿਆਂ ਕਰਕੇ ਅੱਜ ਕੈਪਟਨ ਅਮਰਿੰਦਰ ਪੂਰੇ ਸੰਸਾਰ ਪੱਧਰ ’ਤੇ ਆਪਣਾ ਲੋਹਾ ਮੰਨਵਾ ਚੁੱਕੇ ਹਨ ਤੇ ਉਨ੍ਹਾਂ ਨੂੰ ਸੰਸਾਰ ਦੇ 70 ਧੜੱਲੇਦਾਰ ਆਗੂਆਂ ਵਿਚ ਗਿਣਿਆ ਜਾਂਦਾ ਹੈ। ਧਰਮਸੌਤ ਨੇ ਕਿਹਾ ਕਿ ਕੈਪਟਨ ਦੇ ਕੱਦ ਸਾਹਮਣੇ ਕਾਂਗਰਸ ਹੀ ਨਹੀਂ ਸਗੋਂ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਬੋਨੇ ਦਿਖਾਈ ਦਿੰਦੇ ਹਨ। ਧਰਮਸੌਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਰਾਜਨੀਤਿਕ ਸਫਰ ਵਿਚ ਵੱਡੇ ਮੀਲ ਪੱਥਰ ਗੱਡੇ ਗਏ ਹਨ। ਸਾਕਾ ਨੀਲਾ ਤਾਰਾ ਤੇ ਬਲੈਕ ਥੰਡਰ ਸਮੇਂ ਅਹੁਦਿਆਂ ਤੋਂ ਅਸਤੀਫੇ ਦੇ ਇਕ ਸੱਚਾ ਗੁਰੂ ਦਾ ਸਿੱਖ ਹੋਣ ਦਾ ਸਬੂਤ ਦਿੱਤਾ, ਆਪਣੀ ਕੁਰਸੀ ਦੀ ਪਰਵਾਹ ਨਾ ਕਰਦੇ ਹੋਏ ਟਰਮੀਨੇਸ਼ਨ ਆਫ ਵਾਟਰ ਐਕਟ ਵਰਗੇ ਲਾਸਾਨੀ ਕਾਨੂੰਨ ਲਿਆ ਕੇ ਪੰਜਾਬ ਦੇ ਪਾਣੀਆਂ ਨੂੰ ਬਚਾ ਕੇ ਪਾਣੀਆਂ ਦੇ ਰਾਖੇ ਅਖਵਾਏ। ਪਾਰਲੀਮੈਂਟ ਦੀਆਂ 2019 ਦੀਆਂ ਚੋਣਾਂ ਮੋਕੇ ਪੂਰੇ ਦੇਸ਼ ਵਿਚ ਚੱਲ ਰਹੀ ਮੋਦੀ ਲਹਿਰ ਨੂੰ ਪੰਜਾਬ ਦੀਆਂ ਬਰੂਹਾਂ ਨਹੀਂ ਟੱਪਣ ਦਿੱਤੀਆਂ ਤੇ ਕਾਂਗਰਸ ਨੂੰ ਇਤਿਹਾਸਿਕ ਜਿੱਤ ਦਿਵਾਈ। ਕੋਰੋਨਾ ਕਾਲ ਦੌਰਾਨ ਬਹੁਤ ਹੀ ਸੂੁਝਬੂਝ ਨਾਲ ਵੱਡੇ ਫੈਸਲੇ ਲੈ ਕੇ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਨਾਲ ਨਾਲ ਰਾਸ਼ਨ ਤੱਕ ਮੁਹੱਈਆ ਕਰਵਾਇਆ ਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ’ਤੇ ਪੂਰੀ ਨਕੇਲ ਕੱਸਕੇ ਇਕ ਦਿਨ ਵੀ ਲੋਕਾਂ ਦੀ ਲੁੱਟ ਖਸੁੱਟ ਨਹੀਂ ਹੋਣ ਦਿੱਤੀ। ਧਰਮਸੌਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕੀਤਾ ਤੇ ਕਿਸਾਨੀ ਸੰਘਰਸ਼ ਨੂੰ ਮਜਬੂਤ ਕਰਨ ਲਈ ਵੱਡੀ ਤਾਕਤ ਦਿੱਤੀ। ਉਨ੍ਹਾਂ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਤੇ ਸਿੱਧੂ ਦੀ ਜੋੜੀ 2022 ਚੋਣਾਂ ’ਚ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਾ ਸਕਦੀ ਹੈ, ਇਸ ਲਈ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਚੰਗਾ ਤਾਲਮੇਲ ਬਣਾ ਕੇ ਹੀ ਚੱਲਣਾ ਚਾਹੀਦਾ ਹੈ ਤਾਂ ਜੋ ਕਾਂਗਰਸ ਇਕ ਵਾਰ ਫਿਰ ਭਾਰੀ ਬਹੁਮਤ ਨਾਲ ਸਰਕਾਰ ਬਣਾ ਸਕੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!