Punjab

ਪਰਗਟ ਸਿੰਘ ਦੀ ਪਹਿਲਕਦਮੀ ਨਾਲ 15 ਜ਼ਿਲ੍ਹਿਆਂ ਵਿੱਚ ਭਾਸ਼ਾ ਅਫਸਰਾਂ ਦੀ ਤਾਇਨਾਤੀ

 

 

*ਪਰਗਟ ਸਿੰਘ ਦੀ ਪਹਿਲਕਦਮੀ ਨਾਲ 15 ਜ਼ਿਲ੍ਹਿਆਂ ਵਿੱਚ ਭਾਸ਼ਾ ਅਫਸਰਾਂ ਦੀ ਤਾਇਨਾਤੀ*

 

· *ਆਖਰੀ ਭਰਤੀ 25 ਸਾਲ ਤੋਂ ਵੀ ਵੱਧ ਸਮਾਂ ਪਹਿਲਾ ਹੋਈ ਸੀ*

 

· *ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਨਵੇਂ ਜ਼ਿਲਾ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਸਬੰਧੀ ਪੱਤਰ ਸੌਂਪੇ*

 

· ਪੰਜਾਬੀ ਰਾਜ ਭਾਸ਼ਾ ਐਕਟ ਨੂੰ ਜ਼ਮੀਨੀ ਪੱਧਰ ਉਤੇ ਲਾਗੂ ਕਰਨ ਲਈ ਭਾਸ਼ਾ ਵਿਭਾਗ ਸਰਗਰਮ ਭੂਮਿਕਾ ਲਈ ਤਿਆਰ- ਪਰਗਟ ਸਿੰਘ

ਚੰਡੀਗੜ੍ਹ, 17 ਨਵੰਬਰ

 

ਸੂਬੇ ਵਿੱਚ ਖਾਲੀ ਪਈਆਂ ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਨੂੰ ਭਰਨ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆਂ ਅਤੇ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ 15 ਜ਼ਿਲ੍ਹਿਆਂ ਵਿੱਚ ਜ਼ਿਲਾ ਭਾਸ਼ਾ ਅਫਸਰ ਤਾਇਨਾਤ ਕੀਤਾ ਹੈ। ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਜ਼ਿਲਾ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਸਬੰਧੀ ਪੱਤਰ ਸੌਂਪੇ।

 

ਪਰਗਟ ਸਿੰਘ ਨੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਚਨਬੱਧ ਹੈ ਜਿਸ ਲਈ ਸਭ ਤੋਂ ਪਹਿਲਾਂ ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਤੋਂ ਵੀ ਵੱਧ ਸਮੇਂ ਤੋਂ ਜ਼ਿਲਾ ਭਾਸ਼ਾ ਅਫਸਰਾਂ ਦੀ ਭਰਤੀ ਨਹੀਂ ਹੋਈ ਸੀ ਜਿਸ ਕਾਰਨ 21 ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ।

 

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਕਿਹਾ ਕਿ ਰਾਜ ਭਾਸ਼ਾ ਐਕਟ ਨੂੰ ਭਾਸ਼ਾ ਵਿਭਾਗ ਨੇ ਹੀ ਜ਼ਮੀਨੀ ਪੱਧਰ ਉਤੇ ਲਾਗੂ ਕਰਨਾ ਹੈ ਜਿਸ ਲਈ ਵਿਭਾਗ ਹੁਣ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਜ਼ਿਲਾ ਦਫਤਰਾਂ ਵਿੱਚ ਲੋੜੀਂਦਾ ਸਟਾਫ ਅਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਜ਼ਿਲਾ ਭਾਸ਼ਾ ਅਫਸਰਾ ਸਰਗਰਮੀ ਨਾਲ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਵਿੱਚ ਰਾਜ ਭਾਸ਼ਾ ਐਕਟ ਨੂੰ ਹੋਰ ਮਜ਼ਬੂਤ ਨਾਲ ਲਾਗੂ ਕਰਨ ਲਈ ਤਰਮੀਮਾਂ ਕੀਤੀਆਂ ਹਨ।

 

ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਖਾਲੀ ਪਈਆਂ ਨੂੰ ਅਸਾਮੀਆਂ ਨੂੰ ਤੁਰੰਤ ਭਰਨ ਲਈ ਦੂਜੇ ਵਿਭਾਗਾਂ ਤੋਂ ਡੈਪੂਟੇਸ਼ਨ ਉਤੇ ਜ਼ਿਲਾ ਭਾਸ਼ਾ ਅਫਸਰ ਲਗਾਉਣ ਲਈ ਬਿਨੈ ਪੱਤਰ ਮੰਗੇ ਸਨ ਜਿਸ ਤੋਂ ਬਾਅਦ ਬਿਨੈ ਪੱਤਰਾਂ ਦੀ ਪੜਚੋਲ ਕਰਨ ਉਪਰੰਤ 15 ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਅਤੇ ਅੱਜ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ।

 

ਇਸ ਮੌਕੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਨੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨਾਲ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਅਤੇ ਯੋਗਤਾਵਾਂ ਬਾਰੇ ਦੱਸਿਆ। ਇਨ੍ਹਾਂ ਵਿੱਚੋਂ ਕਈ ਪੀਐਚ.ਡੀ., ਐਮ.ਫਿਲ ਵੀ ਪਾਸ ਹਨ ਅਤੇ ਪੁਸਤਕਾਂ ਲਿਖਣ, ਖੋਜ ਕਾਰਜਾਂ ਤੇ ਅਨੁਵਾਦ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਰੰਗਮੰਚ, ਸਾਹਿਤ ਤੇ ਕਲਾ ਨਾਲ ਵੀ ਜੁੜੇ ਹੋਏ ਹਨ।

 

ਇਸ ਮੌਕੇ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. (ਕਾਲਜਾਂ) ਉਪਕਾਰ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ ਵੀ ਹਾਜ਼ਰ ਸਨ।

 

ਅੱਜ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਵਿੱਚੋਂ ਤੇਜਿੰਦਰ ਕੌਰ ਨੂੰ ਮਾਨਸਾ, ਜਸਪ੍ਰੀਤ ਕੌਰ ਨੂੰ ਕਪੂਰਥਲਾ, ਸੁਖਮਿੰਦਰ ਕੌਰ ਨੂੰ ਬਠਿੰਡਾ, ਮਨਜੀਤ ਸਿੰਘ ਨੂੰ ਫਰੀਦਕੋਟ, ਰਣਜੋਧ ਸਿੰਘ ਨੂੰ ਸੰਗਰੂਰ, ਸੰਦੀਪ ਸ਼ਰਮਾ ਨੂੰ ਲੁਧਿਆਣਾ, ਕੰਵਰਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਕਿਰਪਾਲ ਸਿੰਘ ਨੂੰ ਬਰਨਾਲਾ, ਜਗਦੀਪ ਸਿੰਘ ਨੂੰ ਫਿਰੋਜ਼ਪੁਰ, ਦਵਿੰਦਰ ਸਿੰਘ ਨੂੰ ਜਲੰਧਰ, ਦਵਿੰਦਰ ਸਿੰਘ ਬੋਹਾ ਨੂੰ ਐਸ.ਏ.ਐਸ. ਨਗਰ, ਭੁਪਿੰਦਰ ਕੁਮਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ, ਅਜੀਤਪਾਲ ਸਿੰਘ ਨੂੰ ਮੋਗਾ ਤੇ ਅੰਮ੍ਰਿਤ ਸੇਤੀਆ ਨੂੰ ਤਰਨਤਾਰਨ ਲਗਾਇਆ ਗਿਆ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!