ਭਾਜਪਾ 2022 ਵਿਚ ਪੰਜਾਬ ਵਿਚ ਸਰਕਾਰ ਬਣਾਏਗੀ : ਅਸ਼ਵਨੀ ਸ਼ਰਮਾ ਠੋਕਿਆ ਦਾਅਵਾ
ਭਾਜਪਾ ਵਿੱਚ ਝੂਠ ਅਤੇ ਧੋਖੇ ਦੀ ਕੋਈ ਜਗ੍ਹਾ ਨਹੀਂ, ਭਾਈਚਾਰੇ ਦੀ ਸੰਗਤੀ ਹਮੇਸ਼ਾ ਰਹੇਗੀ : ਦੁਸ਼ਯੰਤ ਗੌਤਮ
ਪਾਰਟੀ ਸੂਬੇ ਵਿਚ ਆਉਣ ਵਾਲੀਆਂ ਚੋਣਾਂ ਲਈ ਕਮਰ ਕਸ ਚੁਕੀ ਹੈ ਅਤੇ ਜਿੱਤ ਹਾਸਿਲ ਕਰੇਗੀ: ਅਸ਼ਵਨੀ ਸ਼ਰਮਾ
ਸੂਬਾ ਭਾਜਪਾ ਦੀ ਇੱਕ ਦਿਨਾ ਕਾਰਜਕਾਰਨੀ ਚੰਡੀਗੜ੍ਹ ‘ਚ ਹੋਈ ਆਯੋਜਿਤ।
ਚੰਡੀਗੜ: 22 ਜੂਨ ( ), ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਕਾਰਜਕਾਰੀ ਸੂਬਾ ਭਾਜਪਾ ਹੈਡਕੁਆਟਰ ਚੰਡੀਗੜ੍ਹ ਵਿਖੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬੇ ਭਰ ਤੋਂ ਭਾਜਪਾ ਦੇ 33 ਜ਼ਿਲ੍ਹਿਆਂ ‘ਚੋਂ ਕਾਰਜਕਾਰੀ ਮੈਂਬਰ ਅਤੇ ਅਹੁਦੇਦਾਰ ਇਸ ਮੀਟਿੰਗ ਵਿੱਚ ਵਰਚੁਅਲ ਰੂਪ ‘ਚ ਸ਼ਾਮਲ ਹੋਏ। ਇਸ ਮੌਕੇ ਸੂਬਾ ਭਾਜਪਾ ਹੈੱਡਕੁਆਰਟਰ ਤੋਂ ਰਾਸ਼ਟਰੀ ਭਾਜਪਾ ਉਪ ਪ੍ਰਧਾਨ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਕੇ ਸੰਗਠਨ ਇੰਚਾਰਜ ਸੌਦਨ ਸਿੰਘ ਵਿਸ਼ੇਸ਼ ਤੌਰ ‘ਚ ਸ਼ਾਮਲ ਹੋਏ। ਇਸ ਕਾਰਜਕਾਰਨੀ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪ੍ਰਦੇਸ਼ ਭਾਜਪਾ ਇੰਚਾਰਜ ਅਤੇ ਰਾਜ ਸਭਾ ਸੰਸਦ ਮੈਂਬਰ ਦੁਸ਼ਯੰਤ ਗੌਤਮ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਦੀਪ ਪ੍ਰਜਵਲਤ ਕਰ ਕੇ ਕਾਰਜਕਾਰੀ ਬੈਠਕ ਦਾ ਉਦਘਾਟਨ ਕੀਤਾ। ਇਸ ਮੌਕੇ ਰਾਸ਼ਟਰੀ ਭਾਜਪਾ ਜਨਰਲ ਸਕੱਤਰ ਤਰੁਣ ਚੁੱਘ, ਰਾਸ਼ਟਰੀ ਭਾਜਪਾ ਸਕੱਤਰ ਅਤੇ ਸੂਬਾ ਸਹਿ ਇੰਚਾਰਜ ਡਾ: ਨਰਿੰਦਰ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਰਾਸ਼ਟਰੀ ਭਾਜਪਾ ਬੁਲਾਰੇ ਇਕਬਾਲ ਸਿੰਘ ਲਾਲਪੁਰਾ, ਸੂਬਾ ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ ਸੁਭਾਸ਼ ਸ਼ਰਮਾ ਆਦਿ ਹਾਜ਼ਰ ਸਨ।
ਦੁਸ਼ਯੰਤ ਗੌਤਮ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾਂ ਹੀ ਕਿਸਾਨਾਂ ਦੇ ਹਮਾਇਤੀ ਰਹੇ ਹਨ ਅਤੇ ਖੇਤੀਬਾੜੀ ਖੇਤਰ ਦੇ ਹਿੱਤ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਲਈ ਸਰਬੋਤਮ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵਲੋਂ ਖੇਤੀਬਾੜੀ ਕਾਨੂੰਨਾਂ ਦਾ ਝੂਠਾ ਪ੍ਰਚਾਰ ਛੇਤੀ ਹੀ ਢਹਿ-ਢੇਰੀ ਹੋ ਜਾਵੇਗਾ ਕਿਉਂਕਿ ਕਿਸਾਨਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਤਿੰਨ ਖੇਤੀਬਾੜੀ ਕਾਨੂੰਨ ਉਨ੍ਹਾਂ ਦੀ ਆਰਥਿਕ ਖੁਸ਼ਹਾਲੀ ਲਿਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੇਂਦਰ ਸਰਕਾਰ ਵੱਲੋਂ ਆਮ ਆਦਮੀ ਲਈ ਲਈ ਭੇਜੀ ਗਈ ਵੈਕਸੀਨ ਨੂੰ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਮਹਿੰਗੇ ਭਾਅ ‘ਤੇ ਵੇਚ ਕੇ ਬਹੁਤ ਹੀ ਨੀਚ ਕੰਮ ਕੀਤਾ ਗਿਆ ਹੈ। ਭਾਜਪਾ ਵਰਕਰਾਂ ਨੇ ਇਸ ਮਹਾਂਮਾਰੀ ਵਿੱਚ ਅਣਥੱਕ ਮਿਹਨਤ ਕੀਤੀ ਹੈ ਅਤੇ ਇਸ ਮੁਸ਼ਕਲ ਸਮੇਂ ਵਿੱਚ ਇਸ ਅਵਸਰ ਤੇ ਜਨਤਾ ਤੱਕ ਪਹੁੰਚੇ ਹਨ।
ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀਆਂ ਵਿੱਚ ਏਕਤਾ ਹੈ ਅਤੇ ਕੋਈ ਵੀ ਸਾਨੂੰ ਵੱਖ-ਵੱਖ ਧਰਮਾਂ ਦੇ ਆਧਾਰ ਦੇ ਵੰਡ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਨੂੰ ਨਹੀਂ ਬਲਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਕੈਪਟਨ ਸਰਕਾਰ ਭ੍ਰਿਸ਼ਟ ਹੈ ਅਤੇ ਆਪਣੇ ਆਪ ਨੂੰ ਮਾਫੀਆ ਨੂੰ ਵੇਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਸੂਬੇ ਨੂੰ ਚਲਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ ਅਤੇ ਕਾਂਗਰਸ ਦੇ ਸ਼ਾਸਨ ਵਲੋਂ ਲੋਕਾਂ ਦੀ ਸ਼ਰਮਨਾਕ ਲੁੱਟ ਦੇ ਦਿਨ ਖਤਮ ਹੋਣ ਨੂੰ ਹਨ। ਉਨ੍ਹਾਂ ਕਿਹਾ ਕਿ ਭਾਜਪਾ 2022 ਵਿਚ ਸੂਬੇ ਦੇ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਵਿਚ ਸਰਕਾਰ ਬਣਾਏਗੀ। ਇਸ ਮੌਕੇ ਰਾਜਨੀਤਿਕ ਮਤਾ ਪਾਸ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ, ਜਿਸ ਦਾ ਕਾਰਜਕਾਰਨੀ ਨੇ ਹੱਥ ਖੜੇ ਕਰਕੇ ਸਮਰਥਨ ਕੀਤਾ।