Punjab

ਅਮਰਿੰਦਰ ਨੇ ਸੂਬੇ ਨੂੰ ਬਰਬਾਦ ਕਰਨ ਲਈ ਅਕਾਲੀਆਂ ਤੇ ਭਾਜਪਾ ਨਾਲ ਮਿਲੀਭੁਗਤ ਕੀਤੀ- ਮੁੱਖ ਮੰਤਰੀ

ਕਿਹਾ, ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਹਿੱਤਾਂ ਨੂੰ ਖ਼ਤਰੇ ਵਿੱਚ ਪਾ ਕੇ ਬਾਦਲ ਪਰਿਵਾਰ ਅਤੇ ਮੋਦੀ ਦੇ ਹਿੱਤ ਦੀ ਕੀਤੀ ਰਾਖੀ
ਬਸਪਾ ਨੂੰ ਕਮਜ਼ੋਰ ਸੀਟਾਂ ਦੇ ਕੇ ਬੀਜੇਪੀ ਨੂੰ ਫਾਇਦਾ ਪਹੁੰਚਾਉਣ ਲਈ ਅਕਾਲੀਆਂ ਦੀ ਨਿੰਦਾ
ਕੇਜਰੀਵਾਲ ਨੂੰ ਅਫਵਾਹਾਂ ਫੈਲਾਉਣ ਵਾਲਾ ਦੱਸਿਆ
ਬੰਗਾ, 23 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਅਕਾਲੀਆਂ ਅਤੇ ਭਾਜਪਾ ਨਾਲ ਮਿਲੀਭੁਗਤ ਕਰਨ ਦੀ ਸਖ਼ਤ ਆਲੋਚਨਾ ਕੀਤੀ।
ਇੱਥੇ ਅੱਜ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਹਿੱਤਾਂ ਨੂੰ ਖ਼ਤਰੇ ਵਿੱਚ ਪਾ ਕੇ ਬਾਦਲ ਪਰਿਵਾਰ ਅਤੇ ਮੋਦੀ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਕਾਂਗਰਸੀ ਵਿਧਾਇਕਾਂ ਨੇ ਇਕਜੁੱਟ ਹੋ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ਦਾ ਮੰਤਵ ਵੀ ਅਕਾਲੀਆਂ ਅਤੇ ਭਾਜਪਾ ਨੂੰ ਫਾਇਦਾ ਪਹੁੰਚਾਉਣਾ ਅਤੇ ਸੂਬੇ ਨੂੰ ਬਰਬਾਦ ਕਰਨਾ ਹੈ।
ਅਕਾਲੀਆਂ `ਤੇ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦਾ ਬਸਪਾ ਨਾਲ ਨਾਪਾਕ ਗਠਜੋੜ ਹੈ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਕਮਜ਼ੋਰ ਸੀਟਾਂ ਅਲਾਟ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੀਟਾਂ `ਤੇ ਜਿੱਤ ਨਾਲ ਅਕਾਲੀ ਭਾਜਪਾ ਨੂੰ ਲਾਭ ਪਹੁੰਚਾਉਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਗਠਜੋੜ ਦਾ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਐਸ.ਸੀ. ਭਾਈਚਾਰੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਜਾਵੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਨਿਸ਼ਾਨਾਂ ਸਾਧਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਫਵਾਹਾਂ ਫੈਲਾਉਣ ਵਾਲਾ ਦੱਸਿਆ ਜਿਸ ਨੂੰ ਸੂਬੇ ਦੇ ਹਿੱਤਾਂ ਦੀ ਬਿਲਕੁੱਲ ਵੀ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ਼ ਖੋਖਲੇ ਵਾਅਦੇ ਕਰ ਰਿਹਾ ਹੈ ਜਦਕਿ ਉਨ੍ਹਾਂ (ਚੰਨੀ) ਦੀ ਸਰਕਾਰ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰ ਰਹੀ ਹੈ। ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਕੇਜਰੀਵਾਲ ਐਂਡ ਕੰਪਨੀ ਦੇ ਵੱਡੇ-ਵੱਡੇ ਦਾਅਵਿਆਂ ਤੋਂ ਗੁੰਮਰਾਹ ਹੋਣ ਤੋਂ ਬਚਣ ਲਈ ਕਿਹਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਾਰਟੀ ਪੱਧਰ ਤੋਂ ਬਾਹਰ ਜਾ ਕੇ ਕੁਝ ਸਿਆਸਤਦਾਨਾਂ ਵਲੋਂ ਕੀਤੇ ਨਾਪਾਕ ਗਠਜੋੜ ਨੇ ਪੰਜਾਬ ਨੂੰ ਲੁੱਟਣ ਲਈ ਆਮ ਆਦਮੀ ਤੋਂ ਸੱਤਾ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਇਸ ਗਰੁੱਪ ਦੇ ਮੈਂਬਰਾਂ ਦਾ ਆਪਣੇ ਨਿੱਜ ਸਵਾਰਥਾਂ ਲਈ ਸੂਬੇ ਨੂੰ ਲੁੱਟਣ ਦੇ ਰੂਪ ਵਿੱਚ ਆਪਸੀ ਸਬੰਧ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਸੱਤਾ ਦੇ ਲਾਲਚ ਵਿੱਚ ਅਜਿਹਾ ਕਰ ਰਹੇ ਹਨ ਜਿੱਥੇ ਹਰ ਪੰਜ ਸਾਲ ਬਾਅਦ ਸ਼ਾਸਕ ਬਦਲਦਾ ਹੈ ਪਰ ਸੱਤਾ ਉਨ੍ਹਾਂ ਦੇ ਹੱਥਾਂ ਵਿੱਚ ਰਹਿੰਦੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਇਹ ਗਠਜੋੜ ਟੁੱਟ ਗਿਆ ਹੈ ਅਤੇ ਸੱਤਾ ਆਮ ਆਦਮੀ ਕੋਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਪੂਰੇ ਉੱਤਰੀ ਖੇਤਰ ਨਾਲੋਂ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਸਭ ਤੋਂ ਸਸਤਾ ਹੈ ਅਤੇ ਇਸੇ ਤਰਾਂ ਬਿਜਲੀ ਦੇ ਰੇਟ ਵੀ ਪੂਰੇ ਦੇਸ਼ ਨਾਲੋਂ ਸਭ ਤੋਂ ਸਸਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਪਹਿਲਾਂ ਹੀ ਸੂਬੇ ਵਿੱਚ ਰੇਤ ਅਤੇ ਟਰਾਂਸਪੋਰਟ ਮਾਫੀਆ ’ਤੇ ਨੱਥ ਪਾ ਚੁੱਕੀ ਹੈ ਅਤੇ ਅਗਲੀ ਵਾਰੀ ਕੇਬਲ ਮਾਫੀਆ ਦੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਬਲ ਮਾਫੀਆ ਬਾਦਲ ਪਰਿਵਾਰ ਦੇ ਹੱਥਾਂ ਵਿੱਚ ਖੇਡਦਾ ਹੈ ਜੋ ਲੋਕਾਂ ਤੋਂ ਮੋਟੀਆਂ ਦਰਾਂ ਵਸੂਲ ਰਿਹਾ ਹੈ ਅਤੇ ਇਸ ਮਾਫੀਆ ਨੂੰ ਜਲਦੀ ਹੀ ਨੱਥ ਪਾਈ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਕਾਂਗਰਸ ਲੀਡਰਸ਼ਿਪ ਨੇ ਉਨਾਂ ਨੂੰ ਸੂਬੇ ਦੀ ਸੇਵਾ ਕਰਨ ਲਈ ਇਹ ਸੁਭਾਗਾ ਮੌਕਾ ਦਿੱਤਾ ਹੈ। ਉਨਾਂ ਕਿਹਾ ਕਿ ਉਹ ਸੂਬੇ ਦੇ ਹਰ ਆਮ ਆਦਮੀ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੰਮ ਕਰ ਰਹੇ ਹਨ। ਉਨਾਂ ਦੀ ਸਰਕਾਰ ਵੱਲੋਂ ਵਿੱਢੀਆਂ ਕਈ ਲੋਕ ਪੱਖੀ ਪਹਿਲਕਦਮੀਆਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਬਿਜਲੀ ਬਿੱਲਾਂ ਦੇ 1500 ਕਰੋੜ ਰੁਪਏ ਦੇ ਬਕਾਏ ਮੁਆਫ ਕੀਤੇ ਗਏ , ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ , ਪੇਂਡੂ ਖੇਤਰਾਂ ਵਿੱਚ ਮੋਟਰਾਂ ਦੇ ਬਿੱਲ ਸਬੰਧ ਵਿੱਚ 1200 ਕਰੋੜ ਰੁਪਏ ਮੁਆਫ ਕੀਤੇ ਗਏ , ਪਾਣੀ ਦੇ ਖਰਚੇ ਘਟਾ ਕੇ 50 ਰੁਪਏ ਕੀਤੇ, ਰੇਤ ਦੇ ਰੇਟ ਘਟਾ ਕੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਕਰ ਦਿੱਤੇ ਗਏ ਹਨ ਅਤੇ ਗੰਨੇ ਦੀਆਂ ਵਧੀਆਂ 50 ਰੁਪਏ ਪ੍ਰਤੀ ਕੁਵਿੰਟਲ ਦੀਆਂ ਕੀਮਤਾਂ ਵਿੱਚੋਂ ਪੰਜਾਬ ਸਰਕਾਰ ਵਲੋਂ 35 ਰੁ. ਕੌਸਟ ਸ਼ੇਅਰਿੰਗ ਦੇ ਹਿੱਸੇ ਵਜੋਂ ਹਨ। ਜਦਕਿ ਪ੍ਰਾਈਵੇਟ ਮਿੱਲਾਂ ਨੂੰ ਹੁਣ ਸਿਰਫ 15 ਰੁਪਏ ਦਾ ਬੋਝ ਹੀ ਝੱਲਣਾ ਪੈ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਿਰਫ ਇਹਨਾਂ ਹੀ ਨਹੀਂ ਬਲਕਿ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੀ ਮਹੱਤਵਪੂਰਨ ਫੈਸਲੇ ਲਏ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਰਾਹਤ ਦੇਣ ਲਈ ਉਨਾਂ ਦੀ ਸਰਕਾਰ ਵੱਲੋਂ ਲਏ ਗਏ ਸਾਰੇ ਫੈਸਲਿਆਂ ਨੂੰ ਤੁਰੰਤ ਲਾਗੂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਵਿਰੋਧੀ ਧਿਰ ਬਿਨ੍ਹਾਂ ਕਿਸੇ ਮੁੱਦੇ ਤੋਂ ਬੇਬੁਨਿਆਦ ਦੋਸ਼ ਲਗਾ ਰਹੀ ਹੈ। ਸ੍ਰੀ ਚੰਨੀ ਨੇ ਕਿਹਾ ਕਿ ਸਰਕਾਰ ਦੇ ਇਨਾਂ ਲੋਕ ਹਿੱਤੂ ਫੈਸਲਿਆਂ ਨਾਲ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ।

ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਵਿਸ਼ੇਸ਼ ਚਿੰਤਾ ਹੈ। ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਚੰਨੀ ਨੂੰ ਅਸਲ ‘ਆਮ ਆਦਮੀ’ ਦੱਸਿਆ ਜੋ ਲੋਕਾਂ ਲਈ ਹਮੇਸ਼ਾ ਹਾਜ਼ਰ ਰਹਿੰਦਾ ਹੈ ਅਤੇ ਲੋਕਾਂ ਦੀ ਚਿੰਤਾ ਕਰਦਾ ਹੈ। ਉਨਾਂ ਦੁਆਬਾ ਖੇਤਰ ਲਈ ਵਿਸ਼ੇਸ਼ ਪੈਕੇਜ ਦੀ ਵੀ ਮੰਗ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਵਿਧਾਇਕ ਸ੍ਰੀ ਅੰਗਦ ਸਿੰਘ ਅਤੇ ਸ੍ਰੀ ਦਰਸ਼ਨ ਲਾਲ ਮੰਗੂਪੁਰ, ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਜੋਗਿੰਦਰ ਸਿੰਘ ਮਾਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੂੰਢ ਤੇ ਮੋਹਨ ਸਿੰਘ ਬੰਗਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ, ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ, ਸੀਨੀਅਰ ਪੁਲਿਸ ਕਪਤਾਨ ਸ੍ਰੀਮਤੀ ਕੰਵਰਦੀਪ ਕੌਰ ਅਤੇ ਹੋਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!