ਲੰਬੀ ਹਲਕੇ ਪੁਲਿਸ ਵਲੋਂ ਕਿਸਾਨਾਂ ਤੇ ਰਾਤ ਨੂੰ 12 ਵਜੇ ਲਾਠੀਚਾਰਜ , 7 ਕਿਸਾਨ ਜ਼ਖ਼ਮੀ , ਹਸਪਤਾਲ ਦਾਖਿਲ
ਪੰਜਾਬ ਅੰਦਰ ਭਗਵੰਤ ਮਾਨ ਦੀ ਅਗਵਾਈ ਵਿਚ ਬਣੀ ਸਰਕਾਰ ਨੂੰ ਅਜੇ 16 ਦਿਨ ਹੀ ਹੋਏ ਹਨ ਅਤੇ ਕਿਸਾਨਾਂ ਤੇ ਪਹਿਲਾ ਲਾਠੀਚਾਰਜ ਹੋ ਗਿਆ ਹੈ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਨਾਲ ਨੁਕਸਾਨੀ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਲੰਬੀ ਦੇ ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਨੂੰ ਸ਼ਾਮ 12 ਵਜੇ ਦਫ਼ਤਰ ਵਿੱਚ ਬੰਧਕ ਬਣਾ ਲਿਆ ਗਿਆ। ਉਸ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਨਾਇਬ ਤਹਿਸੀਲਦਾਰ ਸਮੇਤ ਅਮਲਾ ਲਾਠੀਚਾਰਜ ਕਰਕੇ ਕਿਸਾਨਾਂ ਦਾ ਪਿੱਛਾ ਕਰਕੇ ਦਫ਼ਤਰ ਤੋਂ ਬਾਹਰ ਆ ਗਿਆ। ਦੂਜੇ ਪਾਸੇ ਪੁਲੀਸ ਦੇ ਲਾਠੀਚਾਰਜ ਵਿੱਚ ਸੱਤ ਕਿਸਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਲੰਬੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਨ੍ਹਾਂ ਜ਼ਖ਼ਮੀ ਕਿਸਾਨਾਂ ਵਿੱਚ ਹਰਪਾਲ ਸਿੰਘ ਕਿੱਲਿਆਂਵਾਲੀ, ਨਿਸ਼ਾਨ ਸਿੰਘ ਖੁੱਡੀਆਂਵਾਲੀ, ਜਗਦੀਪ ਸਿੰਘ ਖੁੱਡੀਆਂ, ਦਵਿੰਦਰ ਸਿੰਘ ਮਾਨਾਂਵਾਲਾ, ਐਮਪੀ ਸਿੰਘ ਭੁੱਲਰਵਾਲਾ, ਗੁਰਲਾਭ ਸਿੰਘ ਕੱਕਾਂਵਾਲੀ, ਕਾਲਾ ਸਿੰਘ ਖੁੰਨਣ ਖੁਰਦ ਆਦਿ ਸ਼ਾਮਲ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਗੁਲਾਬੀ ਸੁੰਡੀ ਨਾਲ ਖਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੇ ਮਾਮਲੇ ਵਿੱਚ ਮੁਕਤਸਰ ਜ਼ਿਲ੍ਹੇ ਨੂੰ ਅਣਗੌਲਿਆ ਕੀਤਾ ਗਿਆ ਹੈ। ਮੁਕਤਸਰ ਜ਼ਿਲ੍ਹੇ ਵਿੱਚ ਜ਼ਿਆਦਾਤਰ ਨਰਮੇ ਦੀ ਖੇਤੀ ਲੰਬੀ ਬਲਾਕਾਂ ਵਿੱਚ ਹੀ ਹੁੰਦੀ ਹੈ। ਲੰਬੀ ਬਲਾਕ ਦੇ ਸਿਰਫ਼ ਛੇ ਪਿੰਡਾਂ ਨੂੰ ਹੀ ਗਿਰਦਾਵਰੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ। ਜਦੋਂਕਿ 30 ਦੇ ਕਰੀਬ ਹੋਰ ਪਿੰਡ ਇਸ ਵਿੱਚ ਸ਼ਾਮਲ ਨਹੀਂ ਸਨ।