Punjab
ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦਾ ਆਮ ਆਦਮੀ ਹੋਣ ਦਾ ਮਖੌਟਾ ਉਤਾਰਿਆ: ਪਰਮਿੰਦਰ ਸਿੰਘ ਢੀਂਡਸਾ
ਕਾਂਗਰਸ ਉਮੀਦਵਾਰਾਂ ਵੱਲੋਂ ਆਪਣੀ ਨਾਜਾਇਜ ਕਮਾਈ ਨੂੰ ਚੋਣਾਂ ਵਿੱਚ ਪਾਣੀ ਦੀ ਤਰ੍ਹਾਂ ਬਹਾਇਆ ਜਾ ਰਿਹੈ: ਢੀਂਡਸਾ*
ਚੰਡੀਗੜ੍ਹ, 20 ਜਨਵਰੀ 2022: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੀਤੇ ਦਿਨੀ ਈ.ਡੀ ਦੀ ਛਾਪੇਮਾਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜਦੀਕੀ ਰਿਸ਼ਤੇਦਾਰ ਦੇ ਘਰੋਂ ਮਿਲੇ 10 ਕਰੋੜ ਰੁਪਏ ਦੀ ਵੱਡੀ ਰਕਮ, 21 ਲੱਖ ਰੁਪਏ ਦਾ ਸੋਨਾ ਅਤੇ 12 ਲੱਖ ਰੁਪਏ ਦੀ ਰੋਲੈਕਸ ਘੜੀ ਨੇ ਆਮ ਆਦਮੀ ਦਾ ਮਖੌਟਾ ਪਾ ਕੇ ਘੁੰਮ ਰਹੇ ਚਰਨਜੀਤ ਸਿੰਘ ਚੰਨੀ ਦੇ ਨਾਟਕਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਪਰਮਿੰਦਰ ਸਿੰਘ ਢੀਂਡਸਾ ਨੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ਤੋਂ ਮਿਲੇ ਕਰੋੜਾਂ ਰੁਪਏ ਨੇ ਕਾਂਗਰਸ ਸਰਕਾਰ ਅਤੇ ਰੇਤ ਮਾਫ਼ੀਆ ਦਰਮਿਆਨ ਚੱਲ ਰਹੀ ਮਿਲੀਭੂਗਤ ਨੂੰ ਵੀ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੱਡੇ ਪੱਧਰ `ਤੇ ਗੈਰ-ਕਾਨੂੰਨੀ ਢੰਗ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਇਕੱਠਾ ਕੀਤਾ ਗਿਆ ਇਹ ਪੈਸਾ ਚੋਣਾਂ ਵਿੱਚ ਖਰਚ ਕੀਤਾ ਜਾ ਰਿਹਾ ਹੈ ਅਤੇ ਈ.ਡੀ ਦੀ ਛਾਪੇਮਾਰੀ ਦੌਰਾਨ ਬਰਾਮਦ 10 ਕਰੋੜ ਰੁਪਏ ਤਾਂ ਕੇਵਲ ਇਕ ਟਰੇਲਰ ਹੈ ਕਾਂਗਰਸ ਵੱਲੋਂ ਇਨ੍ਹਾਂ ਚੋਣਾਂ ਵਿੱਚ ਸੱਤਾ ਹਾਸਿਲ ਕਰਨ ਲਈ ਕਈਂ ਕਰੋੜ ਰੁਪਏ ਪਾਣੀ ਦੀ ਤਰ੍ਹਾਂ ਬਹਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੇ ਹੋਰ ਕਈਂ ਉਮੀਦਵਾਰਾਂ ਤੋਂ ਵੀ ਕਰੋੜਾਂ ਰੁਪਏ ਬਰਾਮਦ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਕਰੀਬੀ ਰਿਸ਼ਤੇਦਾਰ ਦੇ ਘਰ ਤੋਂ ਬਰਾਮਦ ਹੋਏ ਕਰੋੜਾਂ ਰੁਪਏ ਦੇ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਕੇਂਦਰ ਸਰਕਾਰ ਅਤੇ ਈ.ਡੀ ਕਾਰਗੁਜ਼ਾਰੀ `ਤੇ ਸਵਾਲ ਚੁੱਕ ਰਹੇ ਹਨ ਜਦਕਿ ਉਹ ਸੂਬੇ ਦੇ ਲੋਕਾਂ ਨੂੰ ਇਹ ਸਾਫ਼ ਕਰਨ ਕੀ ਇਨੀ ਵੱਡੀ ਰਕਮ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਆਈ ਕਿਵੇਂ? ਸ: ਢੀਂਡਸਾ ਨੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਆਏ ਦਿਨ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਹੋਣ ਦਾ ਡਰਾਮਾ ਕਰਕੇ ਗੁੰਮਰਾਹ ਕਰਦੇ ਰਹੇ ਹਨ ਅਤੇ ਅਸਲੀਅਤ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਬਤੌਰ ਮੁੱਖ ਮੰਤਰੀ ਉਨ੍ਹਾਂ ਵੱਲੋਂ ਕਰੋੜਾਂ ਰੁਪਏ ਇੱਕਠੇ ਕੀਤੇ ਗਏ ਹਨ ਅਤੇ ਇਹ ਸਾਰਾ ਪੈਸੇ ਆਪਣੇ ਰਿਸ਼ਤੇਦਾਰਾਂ ਕੋਲੇ ਸੰਭਾਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਵੀ ਹੁਣ ਸਪਸ਼ੱਟ ਹੋ ਚੁੱਕੀ ਹੈ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿੱਚ ਪੈਸੇ ਦੇ ਜ਼ੋਰ `ਤੇ ਸੱਤਾ ਹਾਸਿਲ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਮ ਆਦਮੀ ਦਾ ਮਹਿੰਗਾਈ ਕਾਰਨ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਹੈ ਪਰ ਦੂਜੇ ਪਾਸੇ ਆਏ ਦਿਨ ਆਪਣੇ-ਆਪ ਨੂੰ ਆਮ ਆਦਮੀ ਹੋਣ ਦਾ ਡਰਾਮਾ ਕਰਨ ਵਾਲੇ ਚਰਨਜੀਤ ਸਿੰਘ ਦੇ ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਬਰਾਮਦ ਹੋ ਰਹੇ ਹਨ। ਸ: ਪਰਮਿੰਦਰ ਸਿੰਘ ਢੀਂਡਸਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਇਸ ਪੈਸੇ ਦੀ ਵਰਤੋਂ ਬਾਰੇ ਵੀ ਪਤਾ ਲੱਗ ਸਕੇ।