11 ਦਸੰਬਰ ਨੂੰ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿਖੇ ਲੱਗੇਗੀ ਨੈਸ਼ਨਲ ਲੋਕ ਅਦਾਲਤ
11 ਦਸੰਬਰ ਨੂੰ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿਖੇ ਲੱਗੇਗੀ ਨੈਸ਼ਨਲ ਲੋਕ ਅਦਾਲਤ
ਮਾਨਸਾ, 7 ਦਸੰਬਰ:
ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਮੈਡਮ ਸ਼ਿਲਪਾ ਵੱਲੋਂ ਆਉਣ ਵਾਲੀ 11 ਦਸੰਬਰ ਨੂੰ ਜੋ ਨੈਸ਼ਨਲ ਲੋਕ ਅਦਾਲਤ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿਖੇ ਲੱਗ ਰਹੀ ਹੈ, ਉਸ ਵਿੱਚ ਵੱਧ ਤੋਂ ਵੱਧ ਕੇਸ ਲਗਾ ਕੇ ਉਨ੍ਹਾਂ ਦੇ ਨਿਪਟਾਰੇ ਲਈ ਵਕੀਲ ਸਾਹਿਬਾਨਾਂ, ਸਰਪੰਚਾਂ, ਨੰਬਰਦਾਰਾਂ, ਬੈਂਕ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਨੈਸ਼ਨਲ ਲੋਕ ਅਦਾਲਤ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕਰਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੇਸਾਂ ਨੂੰ ਨੈਸ਼ਨਲ ਲੋਕ ਅਦਾਲਤਾਂ ਵਿੱਚ ਲਗਾਉਣ ਅਤੇ ਵੱਧ ਤੋਂ ਵੱਧ ਨੈਸ਼ਨਲ ਲੋਕ ਅਦਾਲਤ ਦਾ ਫਾਇਦਾ ਲੈਣ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਵਿੱਚ ਕੇਸ ਲਗਾਉਣ ਨਾਲ ਝਗੜੇ ਦਾ ਵੀ ਖਾਤਮਾ ਹੁੰਦਾ ਹੈ ਅਤੇ ਕੋਰਟ ਫੀਸ ਵਾਪਿਸ ਹੋ ਜਾਂਦੀ ਹੈ ਅਤੇ ਇਸ ਫੈਸਲੇ ਦੇ ਵਿਰੁੱਧ ਕਿਸੇ ਕੋਰਟ ਵਿੱਚ ਅਪੀਲ ਵੀ ਦਾਇਰ ਨਹੀਂ ਕੀਤੀ ਜਾ ਸਕਦੀ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਨਸਾ ਜੇਲ੍ਹ ਦਾ ਦੌਰਾ
ਮਾਨਸਾ, 7 ਦਸੰਬਰ:
ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਐਸ.ਨਗਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਦੇ ਸਕੱਤਰ ਮੈਡਮ ਸ਼ਿਲਪਾ ਵੱਲੋਂ ਜ਼ਿਲ੍ਹਾ ਜੇਲ੍ਹ ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕੈਦੀਆਂ ਤੋਂ ਉਨ੍ਹਾਂ ਦੇ ਕੇਸਾਂ ਬਾਰੇ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਕੈਦੀਆਂ ਤੋਂ ਉਨ੍ਹਾਂ ਦੀਆਂ ਮਾਣਯੋਗ ਸ਼ੈਸਨ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਮਾਣਯੋਗ ਸੁਪਰੀਮ ਕੌਰਟ ਵਿੱਚ ਚੱਲ ਰਹੀਆਂ ਅਪੀਲਾਂ ਅਤੇ ਨਿਪਟਾਰਾ ਕੀਤੀਆਂ ਅਪੀਲਾਂ ਬਾਰੇ ਡਾਟਾ ਇੱਕਠਾ ਕੀਤਾ।
ਉਨ੍ਹਾਂ ਕੈਦੀਆਂ ਤੋਂ ਉਨ੍ਹਾਂ ਦੇ ਕੇਸਾਂ, ਵਕੀਲ ਸਹਿਬਾਨਾਂ ਅਤੇ ਅਪੀਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਜਿਨ੍ਹਾਂ ਕੈਦੀਆਂ ਨੇ ਅਪੀਲਾਂ ਉੱਚ ਅਦਾਲਤਾਂ ਵਿੱਚ ਨਹੀਂ ਦਾਇਰ ਕੀਤੀਆਂ ਗਈਆਂ, ਉਨ੍ਹਾਂ ਨੂੰ ਅਪੀਲਾਂ ਦਾਇਰ ਕਰਨ ਦੀ ਜਾਣਕਾਰੀ ਦਿੱਤੀ ਅਤੇ ਜਿਲ੍ਹਾ ਜੇਲ੍ਹ ਅਧਿਕਾਰੀਆਂ ਨੂੰ ਉਨ੍ਹਾਂ ਕੈਦੀਆਂ ਦੇ ਤੁਰੰਤ ਫਾਰਮ ਭਰਾ ਕੇ ਅਪੀਲਾਂ ਪਵਾਉਣ ਲਈ ਕਿਹਾ ਗਿਆ।
ਇਸ ਮੌਕੇ ਉਨ੍ਹਾਂ ਔਰਤਾਂ ਕੈਦੀਆਂ ਅਤੇ ਹਵਾਲਾਤੀਆਂ ਦੇ ਵਾਰਡ ਅਤੇ ਲੰਗਰ ਹਾਲ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਜਿਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨੇ ਜੱਜ ਸਾਹਿਬ ਨੂੰ ਆਪਣੀਆਂ ਮੈਡੀਕਲ ਸਮੱਸਿਆਂਵਾਂ ਦੱਸੀਆਂ ਉਨ੍ਹਾਂ ਨੂੰ ਹੱਲ ਕਰਨ ਲਈ ਜੇਲ੍ਹ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਰਿਟੇਨਰ ਐਡਵੋਕੇਟ ਸ਼੍ਰੀ ਰੋਹਿਤ ਸਿੰਗਲਾ ਅਤੇ ਮਿਸ ਬਲਵੀਰ ਕੌਰ ਅਤੇ ਜੇਲ੍ਹ ਅਧਿਕਾਰੀ ਹਾਜਰ ਸਨ।
ਰੋਜ਼ਗਾਰ ਮੇਲਾ 9 ਤੇ 10 ਦਸੰਬਰ ਨੂੰ : ਡਿਪਟੀ ਕਮਿਸ਼ਨਰ
ਬਠਿੰਡਾ, 7 ਦਸੰਬਰ : ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜ੍ਹੀ ਤਹਿਤ 9 ਤੇ 10 ਦਸੰਬਰ 2021 ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਠਿੰਡਾ ਵਿਖੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਸੀ.ਈ.ਓ ਤੀਰਥਪਾਲ ਸਿੰਘ ਨੇ ਦੱਸਿਆ ਕਿ ਆਈ.ਸੀ.ਆਈ. ਸੀ.ਆਈ. ਬੈਂਕ ਵੱਲੋਂ ਰਿਲੇਸ਼ਨਸ਼ਿਪ ਮੈਨੇਜਰ ਤੇ Edelwiss Tokeyo life Insurance ਵੱਲੋ Development Manager ਦੀਆਂ ਅਸਾਮੀਆਂ ਲਈ ਸਿਲੈਕਸ਼ਨ ਕੀਤੀ ਜਾਣੀ ਹੈ। ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਘੱਟੋ-ਘੱਟ ਯੋਗਤਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਘੱਟੋ-ਘੱਟ ਤਨਖਾਹ 20,000/- ਰੁਪਏ ਮਹੀਨਾ ਹੋਵੇਗੀ। ਵਿਦਿਆਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ ਲੈ ਕੇ ਆਉਣ। ਇਸ ਤੋਂ ਇਲਾਵਾ 12ਵੀਂ ਪਾਸ ਵਿਦਿਆਰਥੀਆਂ (ਕੇਵਲ ਲੜਕੀਆਂ) ਜਿਨ੍ਹਾਂ ਨੂੰ ਕੰਪਿਊਟਰ ਦੀ ਜਾਣਕਾਰੀ ਹੋਵੇ ਕੈਪੀਟਲ ਟਰੱਸਟ ਕੰਪਨੀ ਵਿੱਚ ਭਾਗ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਯੋਗਤਾ 12ਵੀਂ ਹੈ, ਉਹ ਵਿਦਿਆਰਥੀ (ਕੇਵਲ ਲੜਕੇ) ਜਸਟ ਡਾਇਲ ਕੰਪਨੀ ਲਈ ਮਾਰਕੀਟਿੰਗ ਐਕਸਕਿਊਟਿਵ ਦੀਆਂ ਅਸਾਮੀਆਂ ਲਈ ਲਿੰਕ http://tinyurl.com/just-dial-services ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ 12ਵੀਂ ਪਾਸ ਵਿਦਿਆਰਥੀ ਕਸਟੋਮਰ ਕੇਅਰ ਐਕਸਕਿਊਟਿਵ ਦੀਆਂ ਅਸਾਮੀਆਂ ਲਈ E-Clerx Company ਲਈ ਲਿੰਕ http://tinyurl.com/eclerx-services ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਵਿਦਿਆਰਥੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇੜੇ ਚਿਲਡਰਨ ਪਾਰਕ, ਸਿਵਲ ਲਾਇਨ, ਬਠਿੰਡਾ ਵਿਖੇ ਸੰਪਰਕ ਕਰ ਸਕਦੇ ਹਨ।