Punjab

ਬਦੇਸ਼ਾਂ ਚ ਵੱਸਦੇ ਪੰਜਾਬੀ ਲੇਖਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਸਲ ਸਫ਼ੀਰ ਹਨ : ਗੁਰਭਜਨ ਗਿੱਲ

ਲੁਧਿਆਣਾ,  23 ਅਕਤੂਬਰ () :
ਫਰਿਜਨੋ ਵੱਸਦੇ ਪੰਜਾਬੀ ਕਵੀ ਅਤੇ ਸਭਿਆਚਾਰਕ ਹਸਤੀ ਰਣਜੀਤ ਸਿੰਘ ਗਿੱਲ(ਜੱਗਾ ਸੁਧਾਰ) ਦੀ ਕਾਵਿ ਪੁਸਤਕ ਉਡਾਰੀਆਂ ਨੂੰ ਲੋਕ ਸਮਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ  ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਧਾਰ( ਲੁਧਿਆਣਾ) ਦੇ ਜੰਮਪਲ ਉੱਘੀ ਸਭਿਆਚਾਰਕ ਹਸਤੀ ਅਤੇ ਪੰਜਾਬੀ ਕਵੀ ਰਣਜੀਤ ਸਿੰਘ ਗਿੱਲ ਵਰਗੇ ਸੱਜਣ ਸਹੀ ਰੂਪ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਸਫ਼ੀਰ ਹਨ। ਉਨ੍ਹਾਂ ਕਿਹਾ ਕਿ ਫਰਿਜਨੋ ਨੂੰ ਮੈਂ ਸਾਹਿੱਤਕ ਪੱਖੋਂ ਅਮਰੀਕਾ ਦਾ ਸਭ ਤੋਂ ਸਰਗਰਮ ਖਿੱਤਾ ਮੰਨਦਾ ਹਾਂ ਕਿਉਂਕਿ ਇਥੇ  ਗੁਰੂਮੇਲ ਸਿੱਧੂ, ਹਰਜਿੰਦਰ ਕੰਗ, ਰਣਜੀਤ ਸਿੰਘ ਗਿੱਲ ਅਤੇ ਹੋਰ ਦੋਸਤਾਂ ਨੇ ਸਾਹਿੱਤ ਸਿਰਜਣਾ ਅਤੇ ਹੋਰ ਸਰਗਰਮੀਆਂ ਨਾਲ ਭਾਈਚਾਰੇ ਨੂੰ ਆਪਣੇ ਨਾਲ ਜੋੜਿਆ ਹੈ।
ਉਨ੍ਹਾਂ ਕਿਹਾ ਕਿ  ਚਰਨਜੀਤ ਸਿੰਘ ਬਾਠ ਦੀ ਅਗਵਾਈ ਹੇਠ 2015 ਵਿੱਚ ਫਰਿਜਨੋ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣਾ ਵੀ ਇਸੇ ਟੀਮ ਦੇ ਹਿੱਸੇ ਆਇਆ ਜਿਸ ਦੀ ਰਣਜੀਤ ਸਿੰਘ ਗਿੱਲ ਸਰਗਰਮ ਹਿੱਸਾ ਸੀ।
ਇਸ ਪੁਸਤਕ ਦੀ ਪ੍ਰਕਾਸ਼ਨਾ ਭਾਵੇਂ ਪਿਛਲੇ ਸਾਲ ਹੋਈ ਸੀ ਪਰ ਕਰੋਨਾ ਕਹਿਰ ਕਾਰਨ ਰਣਜੀਤ ਸਿੰਘ ਗਿੱਲ ਹੁਣ ਹੀ ਪੰਜਾਬ ਪੁੱਜ ਸਕੇ ਹਨ।
ਮੋਦੀ ਕਾਲਿਜ ਪਟਿਆਲਾ ਦੇ ਪ੍ਰਿੰਸੀਪਲ ਅਤੇ ਪੰਜਾਬੀ ਲੇਖਕ ਖ਼ੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਗੁਰੂ ਸਰ ਸਧਾਰ ਵਿਦਿਅਕ ਸੰਸਥਾਵਾਂ ਚ ਪੜ੍ਹਾਉਣ ਕਾਰਨ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਸਧਾਰ ਸਾਹਿੱਤ ਸਿਰਜਣਾ ਦੀ ਕਰਮ ਭੂਮੀ ਹੈ। ਰਣਜੀਤ ਉਸ ਧਰਤੀ ਤੋਂ ਅਮਰੀਕਾ ਪੁੱਜ ਕੇ ਵੀ ਚਾਸ਼ਨੀ ਭਿੱਜੀ ਪੰਜਾਬੀ ਜ਼ਬਾਨ ਨਾਲ ਸਾਡੇ ਵਾਂਗ ਹੀ ਬੋਲਦਾ ਤੇ ਲਿਖਦਾ ਹੈ।
ਬੇਕਰਜ਼ਫੀਲਡ(ਅਮਰੀਕਾ) ਤੋਂ ਆਏ ਬਿਜਨਸਮੈਨ ਅਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਅਜੀਤ ਸਿੰਘ ਭੱਠਲ ਨੇ ਕਿਹਾ ਕਿ ਵਰਤਮਾਨ ਹਾਲਾਤ ਤੇ ਸਟੀਕ ਟਿਪਣੀ ਕਰਨ ਵਾਲੇ ਕਵੀ ਵਿਰਲੇ ਹਨ ਜਦ ਕਿ ਰਣਜੀਤ ਗਿੱਲ ਦੀ ਇਹੀ ਨਿਵੇਕਲੀ ਪਛਾਣ ਹੈ।
ਨਿਊ ਜਰਸੀ(ਅਮਰੀਕਾ) ਤੋਂ ਆਏ ਪੰਜਾਬੀ ਸਾਹਿੱਤ ਅਕਾਡਮੀ ਦੇ ਸਰਪ੍ਰਸਤ  ਰਣਜੀਤ ਸਿੰਘ ਧਾਲੀਵਾਲ ਨੇ ਵੀ ਰਣਜੀਤ ਸਿੰਘ ਗਿੱਲ ਨੂੰ ਉਡਾਰੀਆਂ ਦੇ ਪ੍ਰਕਾਸ਼ਨ ਤੇ ਮੁਬਾਰਕ ਦਿੰਦਿਆਂ ਕਿਹਾ ਕਿ ਜੱਗਾ ਸਿਰਫ਼ ਲਿਖਾਰੀ ਨਹੀਂ ਸਗੋਂ ਦੋਸਤੀ ਤੇ ਮੋਹ ਦੀਂ ਗੰਢਾਂ ਪੀਡੀਆਂ ਕਰਨ ਵਾਲਾ ਵੀਰ ਹੈ। ਉਸ ਦੀ ਕਾਵਿ ਪੁਸਤਕ ਸਵਨਜੀਤ ਸਵੀ ਜੀ ਦੀ ਦੇਖ ਰੇਖ ਹੇਠ ਛਪਣਾ ਮਾਣ ਵਾਲੀ ਗੱਲ ਹੈ। ਇਸ ਮੌਕੇ ਜਗਜੀਵਨ ਸਿੰਘ ਮੋਹੀ ਨੇ ਪੁਸਤਕ ਦਾ  ਹਰਿੰਦਰ ਕੌਰ ਸੋਹੀ ਵੱਲੋਂ ਲਿਖਿਆ ਮੁੱਖ ਬੰਦ ਪੜ੍ਹ ਕੇ ਸੁਣਾਇਆ।

Related Articles

Leave a Reply

Your email address will not be published. Required fields are marked *

Back to top button
error: Sorry Content is protected !!