ਮਿਸ਼ਨ ਫਤਿਹ 2.0 ਤਹਿਤ 17.7 ਲੱਖ ਅਬਾਦੀ ਵਾਲੇ 6.3 ਲੱਖ ਪਰਿਵਾਰਾਂ ਦਾ ਕੀਤਾ ਸਰਵੇਖਣ : ਬਲਬੀਰ ਸਿੱਧੂ
ਮਿਸ਼ਨ ਫਤਿਹ 2.0 ਤਹਿਤ 17.7 ਲੱਖ ਅਬਾਦੀ ਵਾਲੇ 6.3 ਲੱਖ ਪਰਿਵਾਰਾਂ ਦਾ ਕੀਤਾ ਸਰਵੇਖਣ : ਬਲਬੀਰ ਸਿੱਧੂ
631 ਪਾਏ ਗਏ ਕਰੋਨਾ ਪਾਜ਼ੇਟਿਵ
ਘਰੇਲੂ ਇਕਾਂਤਵਾਸ ਵਾਲੇ ਸਾਰੇ ਮਰੀਜ਼ਾਂ ਨੂੰ ਦਿੱਤੀਆਂ ਕਰੋਨਾ ਫਤਿਹ ਕਿੱਟਾਂ ਅਤੇ 17 ਮਰੀਜ਼ਾਂ ਨੂੰ ਐਲ-2/ਐਲ-3 ਸੁਵਿਧਾਵਾਂ ਵਾਲੇ ਹਸਪਤਾਲਾਂ ਵਿੱਚ ਕੀਤਾ ਰੈਫਰ
ਚੰਡੀਗੜ, 21 ਮਈ:
ਪੰਜਾਬ ਸਰਕਾਰ ਵਲੋਂ ਪਿਛਲੇ ਦੋ ਦਿਨਾਂ ਦੌਰਾਨ ਮਿਸ਼ਨ ਫਤਹਿ-2.0 ਤਹਿਤ ਪਿੰਡਾਂ ਨੂੰ ਕੋਰੋਨਾ ਮੁਕਤ ਬਣਾਉਣ ਸਬੰਧੀ ਚਲਾਈ ਮੁਹਿੰਮ ਵਿੱਚ ਆਸ਼ਾ (ਮਾਨਤਾ ਪ੍ਰਾਪਤ ਸੋਸ਼ਲ ਹੈਲਥ ਐਕਟੀਵਿਸਟ) ਵਰਕਰਾਂ ਰਾਹੀਂ 6.3 ਲੱਖ ਪਰਿਵਾਰਾਂ ਦਾ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ 17.7 ਲੋਕਾਂ ਨੂੰ ਕਵਰ ਕੀਤਾ ਗਿਆ ।
ਇੱਕ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਇਨਾਂ ਵਿਅਕਤੀਆਂ ਵਿੱਚੋਂ 631 ਕੋਵਿਡ -19 ਪਾਜ਼ੇਟਿਵ ਪਾਏ ਗਏ ਹਨ । ਉਨਾਂ ਦੱਸਿਆ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਪਾਜ਼ੇਟਿਵਿਟੀ ਦਰ ਵਿੱਚ ਹੈਰਾਨੀਜਨਕ ਵਾਧਾ ਦਰਜ ਕੀਤਾ ਗਿਆ ਹੈ ਇਸ ਕਰਕੇ ਪੰਜਾਬ ਸਰਕਾਰ ਨੇ ਮਿਸ਼ਨ ਫਤਹਿ 2.0 (ਕੋਰੋਨਾ ਮੁਕਤ ਪਿੰਡ ਅਭਿਆਨ) ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਯਕੀਨੀ ਤੌਰ ’ਤੇ ਪਿੰਡਾਂ ਨੂੰ ਕੋਵਿਡ ਮੁਕਤ ਬਣਾਇਆ ਜਾ ਸਕੇ।
ਸਿਹਤ ਮੰਤਰੀ ਨੇ ਦੱਸਿਆ ਕਿ ਘਰੇਲੂ ਇਕਾਂਤਵਾਸ ਵਾਲੇ ਸਾਰੇ 617 ਮਰੀਜਾਂ ਨੂੰ ਕਰੋਨਾ ਫਤਿਹ ਕਿੱਟਾਂ ਦਿੱਤੀਆਂ ਗਈਆਂ ਹਨ ਜਦ ਕਿ 17 ਮਰੀਜ਼ਾਂ ਨੂੰ ਐਲ- 2 / ਐਲ- 3 ਸੁਵਿਧਾਵਾਂ ਵਾਲੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਇਨਾਂ ਗਰਭਵਤੀ ਔਰਤਾਂ ਦੀ ਸੀ.ਐਚ.ਓਜ਼ ਦੁਆਰਾ ਬਾਕਾਇਦਾ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪ੍ਰੋਟੋਕੋਲ ਅਨੁਸਾਰ ਇਲਾਜ ਮੁਹੱਈਆ ਕਰਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ 126 ਗਰਭਵਤੀ ਔਰਤਾਂ ਕਰੋਨਾ ਪਾਜ਼ਟਿਵ ਪਾਈਆਂ ਗਈਆਂ ਹਨ । ਅਪ੍ਰੈਲ 2021 ਵਿੱਚ ਕੋਵਿਡ ਕਾਰਨ 6 ਗਰਭਵਤੀ ਔਰਤਾਂ ਨੇ ਦਮ ਤੋੜਿਆ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਸਮੂਹ ਕਮਿਊਨਿਟੀ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਤੁਰੰਤ ਬਲਾਕ ਪੱਧਰ ਅਤੇ ਰਾਜ ਹੈੱਡਕੁਆਰਟਰ ਵਿਖੇ ਸਬੰਧਤ ਸੀਨੀਅਰ ਮੈਡੀਕਲ ਅਫਸਰ ਨੂੰ ਕੋਵਿਡ-19 ਗਰਭਵਤੀ ਔਰਤਾਂ ਦੇ ਕੇਸਾਂ ਦੀ ਰਿਪੋਰਟ ਪੇਸ਼ ਕਰਨ। ਮੰਤਰੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਗਰਭਵਤੀ ਔਰਤਾਂ ਦੇ ਪਰਿਵਾਰਕ ਮੈਂਬਰ ਦੇ ਪਾਜ਼ੇਟਿਵ ਹੋਣ ਸਬੰਧੀ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉੱਚ ਜੋਖਮ ਵਾਲੇ ਸਮੂਹਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਹਾਈਪਰਟੈਨਸ਼ਨ ਅਤੇ ਸ਼ੂਗਰ ਦੇ ਮਰੀਜ਼ ਸ਼ਾਮਲ ਹਨ।
ਮਿਸ਼ਨ ਫਤਹਿ-2.0 ਬਾਰੇ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਆਸ਼ਾ ਵਰਕਰਾਂ ਵਲੋਂ ਹਰੇਕ ਪਿੰਡ ਵਿੱਚ ਘਰ ਘਰ ਜਾ ਕੇ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਤਕਲੀਫ ਵਰਗੇ ਕੋਵਿਡ ਦੇ ਲੱਛਣਾਂ ਦੀ ਜਾਂਚ ਸਬੰਧੀ ਸਰਵੇਖਣ ਕੀਤਾ ਜਾ ਰਿਹਾ ਹੈ। ਆਸ਼ਾ ਵਰਕਰਾਂ ਵਲੋਂ ਸ਼ੱਕੀ ਵਿਅਕਤੀ ਦੀ ਜਾਣਕਾਰੀ ਤੁਰੰਤ ਸੀ.ਐਚ.ਓ ਅਤੇ ਐਸ.ਐਮ.ਓ. ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਸ਼ੱਕੀ ਵਿਅਕਤੀ ਦਾ ਤੁਰੰਤ ਕੋਵਿਡ ਟੈਸਟ ਕੀਤਾ ਜਾ ਸਕੇ ਅਤੇ ਮਰੀਜ਼ ਨੂੰ ਪ੍ਰੋਟੋਕੋਲ ਅਨੁਸਾਰ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਸਾਰੇ ਪ੍ਰਾਇਮਰੀ ਹੈਲਥ ਸੈਂਟਰ (ਪੀ.ਐੱਚ.ਸੀ.), ਤੰਦਰੁਸਤ ਪੰਜਾਬ ਸਿਹਤ ਕੇਂਦਰ (ਐਚ.ਡਬਲਯੂ.ਸੀ.) ਅਤੇ ਸਬ-ਸੈਂਟਰਾਂ ਨੂੰ ਇਸ ਸਰਵੇਖਣ ਲਈ ਜਰੂਰੀ ਵਸਤਾਂ ਜਿਵੇਂ ਰੈਪਿਡ ਐਂਟੀਜੇਨ ਕਿੱਟਾਂ, ਮਿਸ਼ਨ ਫਤਿਹ ਕਿੱਟਾਂ, ਜਰੂਰੀ ਦਵਾਈਆਂ, ਪੀਪੀਈ ਕਿੱਟਾਂ, ਪਲਸ ਆਕਸੀਮੀਟਰ, ਡਿਜੀਟਲ ਥਰਮੋਮੀਟਰ, ਸੈਨੀਟਾਈਜ਼ਰ, ਮਾਸਕ ਆਦਿ ਉਪਲਬਧ ਕਰਵਾਈਆਂ ਗਈਆਂ ਹਨ । ਉਨਾਂ ਕਿਹਾ ਕਿ ਕਰੋਨਾ ਵਾਇਰਸ ਦੀ ਲੜੀ ਤੋੜਨ ਲਈ ਇਹ ਸਰਵੇਖਣ 15 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ।