ਆਤਮ ਪਰਗਾਸ ਵੱਲੋਂ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦਾ ਸਹਿਯੋਗ ਆਰੰਭ
ਆਤਮ ਪਰਗਾਸ ਵੱਲੋਂ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦਾ ਸਹਿਯੋਗ ਆਰੰਭ
ਮਾਨਸਾ, 13 ਮਈ, : ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਲਈ ਲੁਧਿਆਣਾ ਸਥਿਤ ਆਤਮ ਪਰਗਾਸ ਸੋਸ਼ਲ ਵੈਲਫੇਅਰ ਕੌਂਸਲ ਵੱਲੋਂ ਨਿਵੇਕਲਾ ਕਾਰਜ ਆਰੰਭਿਆ ਗਿਆ ਹੈ। ਇਸ ਸੰਸਥਾ ਦੀਆਂ 25 ਟੀਮਾਂ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਵਿੱਚ ਕਿਸਾਨ ਸੰਘਰਸ਼ ਦੇ ਯੋਧਿਆਂ ਦੇ ਪਰਿਵਾਰਾਂ ਕੋਲ ਖੁਦ ਪਹੁੰਚ ਕਰਕੇ ਉਨ੍ਹਾਂ ਦਾ ਦੁੱਖ ਵੰਡਾਉਣ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਜਾਇਜ਼ਾ ਲੈਣ ਵਿੱਚ ਕਾਰਜਸ਼ੀਲ ਹਨ ਅਤੇ ਇਸ ਕੌਂਸਲ ਦੀ ਤਰਫੋਂ ਹੁਣ ਤੱਕ 129 ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀ ਲੋੜ ਮੁਤਾਬਕ ਦਿੱਤੀ ਜਾਣ ਵਾਲੀ ਸਹਾਇਤਾ ਦਾ ਫੈਸਲਾ ਕਰ ਲਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਕੌਂਸਲ ਦੇ ਚੇਅਰਮੈਨ ਡਾ: ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਨੂੰ ਵਿੱਤੀ ਸਹਿਯੋਗ ਦੇਣ ਦਾ ਕਾਰਜ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਦੜਾ ਤੋਂ ਆਰੰਭ ਕਰ ਦਿੱਤਾ ਗਿਆ ਹੈ ਅਤੇ ਇਸ ਪਿੰਡ ਦੇ ਸ਼ਹੀਦ ਕਿਸਾਨ ਸ੍ਰ: ਬਬਲੀ ਸਿੰਘ ਦੇ ਪਿਤਾ ਜੀ ਦੇ ਅੱਖਾਂ ਦੇ ਓਪਰੇਸ਼ਨ ਉਤੇ ਖਰਚ ਲਗਭਗ 77 ਹਜ਼ਾਰ ਰੁਪਏ ਦੀ ਰਾਸ਼ੀ ਦੀ ਸਹਾਇਤਾ ਇਸ ਪਰਿਵਾਰ ਨੂੰ ਦੇ ਦਿੱਤੀ ਗਈ ਹੈ। ਚੇਅਰਮੈਨ ਡਾ. ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਰ ਪਰਿਵਾਰ ਨਾਲ ਇੱਕ ਕੋ-ਆਰਡੀਨੇਟਰ ਨਿਯੁਕਤ ਕੀਤਾ ਜਾ ਰਿਹਾ ਹੈ ਤਾਂ ਜੋ ਪਰਿਵਾਰ ਨਾਲ ਨਿਰੰਤਰ ਸੰਪਰਕ ਰੱਖਕੇ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਯਥਾਸ਼ਕਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਮਦਦ ਦੀ ਇਹ ਪ੍ਰਕਿਰਿਆ ਲਗਾਤਾਰ ਲਾਗੂ ਰੱਖਣ ਲਈ ਕੌਂਸਲ ਯਤਨਸ਼ੀਲ ਰਹੇਗੀ ਅਤੇ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਪੈਰਾਂ ਉਤੇ ਖੜ੍ਹਾ ਕਰਨ ਲਈ ਬੱਚਿਆਂ ਦੀ ਪੜ੍ਹਾਈ ਅਤੇ ਦੇਖ-ਰੇਖ, ਪਰਿਵਾਰ ਦੇ ਗੁਜ਼ਾਰੇ ਲਈ ਵਿੱਤੀ ਕਾਰੋਬਾਰ ਦੀ ਸਥਾਪਤੀ ਅਤੇ ਪਰਿਵਾਰਕ ਮੈਂਬਰਾਂ ਲਈ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ। ਪਿੰਡ ਭਾਦੜਾ ਵਿਖੇ ਕਿਸਾਨ ਪਰਿਵਾਰ ਨੂੰ ਵਿੱਤੀ ਮਦਦ ਦੇਣ ਸਮੇਂ ਸ੍ਰ: ਗੁਰਪ੍ਰੀਤ ਸਿੰਘ ਪੰਜਾਬ ਮੰਡੀ ਬੋਰਡ, ਸ੍ਰ: ਸਿਮਰਪ੍ਰੀਤ ਸਿੰਘ ਆਤਮ ਪਰਗਾਸ, ਸ੍ਰ: ਸੁਖਪਾਲ ਸਿੰਘ ਅਤੇ ਪਿੰਡ ਭਾਦੜਾ ਦੇ ਸਰਪੰਚ ਸ੍ਰ: ਸੁਬੇਗ ਸਿੰਘ ਉਚੇਚੇ ਤੌਰ ਉਤੇ ਹਾਜ਼ਰ ਸਨ। ਚੇਅਰਮੈਨ ਡਾ. ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਹਾਇਤਾ ਲਈ ਅਮਰੀਕਾ ਤੋਂ ਪਰਦੀਪ ਸੈਣੀ ਦੇ ਪਰਿਵਾਰ ਨੇ ਵਿਸ਼ੇਸ਼ ਤੌਰ ‘ਤੇ ਸਹਿਯੋਗ ਦਿੱਤਾ ਹੈ। ਡਾ. ਵਰਿੰਦਰਪਾਲ ਸਿੰਘ ਨੇ ਸਮਾਜ ਸੇਵਾ ਦੀ ਜਗਿਆਸਾ ਰੱਖਣ ਵਾਲੇ ਦੇਸ਼ਵਾਸੀਆਂ ਨੂੰ ਆਤਮ ਪਰਗਾਸ ਦੀ ਵੈਬਸਾਈਟ ਉਪਰ ਰਜਿਸਟਰ ਕਰਕੇ ਇਸ ਨੇਕ ਕਾਰਜ ਲਈ ਆਪੋ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।