Punjab
ਵੈਕਸੀਨੇਸ਼ਨ ਦਾ ਟੀਚਾ ਪੂਰਾ ਕਰਨ ਵਿੱਚ ਕੈਪਟਨ ਸਰਕਾਰ ਹੋਈ ਫੇਲ੍ਹ: ਪਰਮਿੰਦਰ ਢੀਂਡਸਾ
ਸੂਬੇ `ਚ ਵੈਕਸੀਨ ਦੀ ਭਾਰੀ ਕਮੀ ਨੇ ਪੰਜਾਬ ਸਰਕਾਰ ਦੇ ਸਿਹਤ ਪ੍ਰਬੰਧਾਂ ਦੀ ਪੋਲ ਖੋਲ੍ਹੀ
ਲੋਕਾਂ ਦੀ ਜਾਨ ਬਚਾਉਣੀ ਸਰਕਾਰ ਦਾ ਪਹਿਲਾ ਫਰਜ਼: ਢੀਂਡਸਾ
ਚੰਡੀਗੜ੍ਹ, 23 ਅਪ੍ਰੈਲ () : ਪੰਜਾਬ ਵਿੱਚ ਕੋਰੋਨਾ ਰੋਕੂ ਵੈਕਸੀਨ ਦੀ ਕਮੀ ਨਾਲ ਲੋਕਾਂ ਨੂੰ ਜਾਨ ਬਚਾਉਣ ਦੇ ਪਏ ਫਿਕਰ ਅਤੇ ਹਸਪਤਾਲਾਂ ਵਿੱਚ ਹੋ ਰਹੀ ਖੱਜ਼ਲ-ਖੁਆਰੀ ਦੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ `ਤੇ ਵਰ੍ਹਦਿਆਂ ਹਲਕਾ ਲਹਿਰਾਗਾਗਾ ਦੇ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੂਬੇ ਵਿੱਚ ਵੈਕਸੀਨ ਦੀ ਕਮੀ ਵੈਕਸੀਨੇਸ਼ਨ ਦੀ ਰਾਹ ਵਿੱਚ ਬਹੁਤ ਵੱਡੀ ਰੁਕਾਵਟ ਬਣ ਗਈ ਹੈ। ਜਿਸਦੇ ਨਾਲ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਸਮੇਂ ਸੂਬੇ ਦੇ ਕਈਂ ਜਿ਼ਲ੍ਹਿਆਂ ਵਿੱਚ ਵੈਕਸੀਨ ਦੀ ਕਿਲੱਤ ਨਾਲ ਲੋਕਾਂ ਨੂੰ ਨਿਰਾਸ਼ ਹੋਕੇ ਹਸਪਤਾਲਾਂ ਤੋਂ ਮੁੜਨਾ ਪੈ ਰਿਹਾ ਹੈ। ਉਨ੍ਹਾ ਕਿਹਾ ਕਿ ਇੱਕ ਪਾਸੇ ਕੋਰੋਨਾ ਦਾ ਕਹਿਰ ਪੂਰੇ ਦੇਸ਼ ਸਮੇਤ ਪੰਜਾਬ ਵਿੱਚ ਵੱਧਦਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਸੂਬੇ ਵਿੱਚ ਕੋਰੋਨਾ ਰੋਕੂ ਵੈਕਸੀਨ ਦਾ ਸਟਾਕ ਲਗਭਗ ਖਤਮ ਹੋ ਚੁੱਕਾ ਹੈ। ਉਨ੍ਹਾ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ ਸੂਬੇ ਵਿੱਚ ਵੈਕਸੀਨੇਸ਼ਨ ਟੀਚੇ ਤੋਂ ਅੱਧੀ ਵੀ ਨਹੀ ਹੋ ਸਕੀ ਹੈ। ਜੋਕਿ ਸੂਬਾ ਸਰਕਾਰ ਦੀ ਬਹੁਤ ਵੱਡੀ ਅਣਗਹਿਲੀ ਸਾਬਤ ਹੋਈ ਹੈ। ਉਨ੍ਹਾ ਕਿਹਾ ਕਿ ਸੂਬੇ ਦੇ ਹਾਲਾਤ ਇਹ ਹਨ ਕਿ ਨਿਜੀ ਹਸਪਤਾਲਾਂ ਵਿੱਚ ਵੀ ਵੈਕਸੀਨ ਦੀ ਭਾਰੀ ਕਮੀ ਹੋ ਗਈ ਹੈ। ਉਨ੍ਹਾ ਕਿਹਾ ਕਿ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਵਿੱਚ ਵੈਕਸੀਨ ਦੀ ਭਾਰੀ ਕਿੱਲਤ ਹੈ।
ਉਨ੍ਹਾ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕੋਲੇ ਕੋਰੋਨਾ ਤੇ ਕਾਬੂ ਪਾਉਣ ਲਈ ਕਾਫ਼ੀ ਸਮਾਂ ਸੀ, ਪਰ ਇਸਦੇ ਬਾਵਜੂਦ ਕੋਰੋਨਾ ਦੀ ਦੂਜੀ ਲਹਿਰ ਨੇ ਜਿਥੇ ਆਪਣਾ ਕਹਿਰ ਵਰਤਾਇਆ ਹੈ ਉਥੇ ਸਰਕਾਰਾਂ ਵੱਲੋਂ ਸਿਹਤ ਸਹੂਲਤਾਂ ਦੇ ਵਾਅਦਿਆਂ ਅਤੇ ਦਾਅਵਿਆਂ ਦੀ ਵੀ ਫੂਕ ਕੱਢ ਦਿੱਤੀ ਹੈ। ਉਨ੍ਹਾਂ ਕਿਹਾ ਕੈਂਦਰ ਅਤੇ ਸੂਬਾ ਸਰਕਾਰਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਅਤੇ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਬਜਾਏ ਉਨ੍ਹਾ ਨੂੰ ਡਰਾਉਣ ਦਾ ਕੰਮ ਕਰ ਰਹੀਆਂ ਹਨ। ਦੇਸ਼ ਦੇ ਕਈਂ ਸੂਬਿਆਂ ਵਿੱਚ ਆਕਸੀਜਨ ਦੀ ਆ ਰਹੀ ਕਮੀ `ਤੇ ਚਿੰਤਾ ਜਾਹਿਰ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਨੂੰ ਆਕਸੀਜਨ ਦੀ ਕਮੀ ਦੇ ਸੰਕਟ ਤੋਂ ਬਚਣ ਲਈ ਲੋੜੀਂਦੀ ਤਿਆਰੀ ਰੱਖਣ ਲਈ ਕਿਹਾ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਕੈਪਟਨ ਸਰਕਾਰ ਤੋਂ ਸੂਬੇ ਵਿੱਚ ਸਿਹਤ ਸਹੂਲਤਾਂ ਦੇ ਪੁੱਖਤਾ ਪ੍ਰਬੰਧਾਂ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।