
— ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਦੋਸ਼ੀਆਂ ਨੇ ‘ਆਪਰੇਸ਼ਨ ਸਿੰਦੂਰ’ ਅਤੇ ਫੌਜ ਦੀਆਂ ਗਤੀਵਿਧੀਆਂ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ : ਡੀਜੀਪੀ ਗੌਰਵ ਯਾਦਵ
— ਗ੍ਰਿਫਤਾਰ ਦੋਸ਼ੀ ਵਿਅਕਤੀ ਵਿੱਤੀ ਲਾਭਾਂ ਦੇ ਬਦਲੇ ਫੌਜ ਦੀ ਖੁਫ਼ੀਆ ਜਾਣਕਾਰੀ ਕਰਦੇ ਸਨ ਲੀਕ ਐਸ.ਐਸ.ਪੀ. ਗੁਰਦਾਸਪੁਰ ਆਦਿੱਤਿਆ
ਚੰਡੀਗੜ੍ਹ/ਗੁਰਦਾਸਪੁਰ, 19 ਮਈ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਹਿਰਦ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦਰਮਿਆਨ, ਜਾਸੂਸੀ-ਵਿਰੋਧੀ ਵੱਡੀ ਕਾਰਵਾਈ ਤਹਿਤ, ਗੁਰਦਾਸਪੁਰ ਪੁਲਿਸ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਬਾਰੇ ਮਹੱਤਵਪੂਰਨ ਤੇ ਖੁਫ਼ੀਆ ਜਾਣਕਾਰੀ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਨੂੰ ਲੀਕ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਪਿੰਡ ਆਦੀਆਂ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਅਤੇ ਗੁਰਦਾਸਪੁਰ ਦੇ ਚੰਦੂ ਵਡਾਲਾ ਦੇ ਰਹਿਣ ਵਾਲੇ ਕਰਨਬੀਰ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਦੋਸ਼ੀਆਂ ਦੇ ਕਬਜ਼ੇ ਚੋਂ ਤਿੰਨ ਮੋਬਾਈਲ ਫੋਨ ਅਤੇ .30 ਬੋਰ ਦੇ ਅੱਠ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗੁਰਦਾਸਪੁਰ ਪੁਲਿਸ ਨੇ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ , ‘ਆਪ੍ਰੇਸ਼ਨ ਸਿੰਦੂਰ’ –ਜਿਸ ਵਿੱਚ ਹਥਿਆਰਬੰਦ ਸੇਨਾਵਾਂ ਦੀਆਂ ਗਤੀਵਿਧੀਆਂ, ਅਤੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀਆਂ ਰਣਨੀਤੀਕ ਥਾਵਾਂ ਸਬੰਧੀ ਸੰਵੇਦਨਸ਼ੀਲ ਜਾਣਕਾਰੀ, ਆਪਣੇ ਆਈਐਸਆਈ ਹੈਂਡਲਰਾਂ ਨੂੰ ਲੀਕ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ। ਉਹਨਾਂ ਦੱਸਿਆ ਕਿ ਇਨ੍ਹਾਂ ਦੀ ਗ੍ਰਿਫਤਾਰੀ ਨਾਲ ਪੰਜਾਬ ਪੁਲਿਸ ਨੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਦੀ ਕੋਝੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਦੋਵੇਂ ਦੋਸ਼ੀ ਆਈਐਸਆਈ ਦੇ ਕਾਰਕੁੰਨਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੇ ਆਈਐਸਆਈ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕੀਤੀ ਸੀ।
ਇਹ ਦੁਹਰਾਉਂਦਿਆਂ ਕਿ ਪੰਜਾਬ ਪੁਲਿਸ ਭਾਰਤੀ ਫੌਜ ਦੇ ਨਾਲ ਪੂਰੀ ਦ੍ਰਿੜਤਾ ਨਾਲ ਖੜ੍ਹੀ ਹੈ, ਡੀਜੀਪੀ ਨੇ ਕਿਹਾ ਕਿ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਸੁਰੱਖਿਆ ਨੂੰ ਢਾਹ ਲਾਉਣ ਵਾਲੀ ਕਿਸੇ ਵੀ ਕੋਸ਼ਿਸ਼ ਦਾ ਮੂੰਹ-ਤੋੜਵਾਂ ਅਤੇ ਤੁਰੰਤ ਜਵਾਬ ਦਿੱਤਾ ਜਾਵੇਗਾ। ਇਸ ਮਾਮਲੇ ਵਿੱਚ ਡੂੰਘਾਈ ਨਾਲ ਚੱਲ ਰਹੀ ਤਫ਼ਤੀਸ਼ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਆਪਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਗੁਰਦਾਸਪੁਰ ਆਦਿੱਤਿਆ ਨੇ ਕਿਹਾ ਕਿ 15 ਮਈ, 2025 ਨੂੰ, ਭਰੋਸੇਯੋਗ ਸੂਤਰਾਂ ਦੀ ਖੁਫੀਆ ਇਤਲਾਹ ਤੋਂ ਪਤਾ ਲੱਗਿਆ ਸੀ ਕਿ ਸ਼ੱਕੀ ਸੁਖਪ੍ਰੀਤ ਸਿੰਘ ਅਤੇ ਕਰਨਬੀਰ ਸਿੰਘ ਆਈਐਸਆਈ ਹੈਂਡਲਰਾਂ ਨਾਲ ਫੌਜ ਦੀਆਂ ਗਤੀਵਿਧੀਆਂ ਸਬੰਧੀ ਅਹਿਮ ਵੇਰਵੇ ਸਾਂਝੇ ਕਰਨ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਨੇ ਦੋਵਾਂ ਸ਼ੱਕੀਆਂ ਨੂੰ ਨਿਗਰਾਨੀ ਹੇਠ ਰੱਖਿਆ ਅਤੇ ਗ਼ਿ੍ਰਫਤਾਰ ਕਰ ਲਿਆ।
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਤੋਂ ਖੁਫੀਆ ਜਾਣਕਾਰੀ ਸਾਂਝੀ ਕਰਨ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਵਿੱਤੀ ਲਾਭਾਂ ਦੇ ਬਦਲੇ ਫੌਜਾਂ ਦੀ ਗੁਪਤ ਜਾਣਕਾਰੀ ਅੱਗੇ ਭੇਜ ਰਹੇ ਸਨ।
ਐਸਐਸਪੀ ਨੇ ਕਿਹਾ, ‘‘ਜਾਂਚ ਦੌਰਾਨ, ਇਹ ਵੀ ਪਤਾ ਲੱਗਾ ਕਿ ਉਹ ਪਹਿਲਾਂ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਵੀ ਸ਼ਾਮਲ ਸਨ, ਜਿਸ ਰਾਹੀਂ ਉਹ ਆਈਐਸਆਈ ਹੈਂਡਲਰਾਂ ਦੇ ਸੰਪਰਕ ਵਿੱਚ ਆਏ । ਉਨ੍ਹਾਂ ਦੇ ਵਿੱਤੀ ਲੈਣ-ਦੇਣ, ਜਿਸ ਵਿੱਚ ਔਨਲਾਈਨ ਅਤੇ ਨਕਦੀ ਲੈਣ-ਦੇਣ ਸ਼ਾਮਲ ਹਨ, ਦੀ ਵੀ ਜਾਂਚ ਕੀਤੀ ਜਾ ਰਹੀ ਹੈ,’’ ।
ਪੁਲਿਸ ਥਾਣਾ ਦੋਰੰਗਲਾ ਵਿਖੇ ਐਫਆਈਆਰ ਨੰਬਰ 45 ਮਿਤੀ 15-5-25 ਨੂੰ ਅਧਿਕਾਰਤ ਭੇਦ ਐਕਟ ਦੀ ਧਾਰਾ 3, ਬੀਐਨਐਸ ਦੀ ਧਾਰਾ 152 ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।