Punjab

ਖੇਡ ਵਿਭਾਗ ਦੇ ਬਜਟ ਵਿੱਚ 20 ਫ਼ੀਸਦੀ ਦਾ ਵਾਧਾ ਸ਼ਲਾਘਾਯੋਗ: ਰਾਣਾ ਸੋਢੀ

ਹੁਸ਼ਿਆਰਪੁਰ ਵਿਖੇ ਨਵੀਂ ਕੁਸ਼ਤੀ ਅਕੈਡਮੀ ਅਤੇ ਫ਼ਿਰੋਜ਼ਪੁਰ ਵਿਖੇ ਰੋਇੰਗ ਅਕੈਡਮੀ ਖੁੱਲ੍ਹੇਗੀ

2021-22 ਦੇ ਬਜਟ ਵਿੱਚ ਖੇਡਾਂ ਲਈ 147 ਕਰੋੜ ਰੁਪਏ ਰੱਖੇ

ਚੰਡੀਗੜ੍ਹ, 8 ਮਾਰਚ:
ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਵਿਸ਼ੇਸ਼ ਸੰਭਾਵਨਾਵਾਂ ਵਾਲੀਆਂ ਖੇਡਾਂ ਵੱਲ ਧਿਆਨ ਕੇਂਦਰਤ ਕਰਨ ਦੇ ਰਾਜ ਸਰਕਾਰ ਦੇ ਠੋਸ ਉਪਰਾਲਿਆਂ ਨੂੰ ਇਸ 2021-22 ਦੇ ਬਜਟ ਨਾਲ ਹੋਰ ਹੁੰਗਾਰਾ ਮਿਲੇਗਾ।

ਵਿੱਤ ਮੰਤਰੀ ਵੱਲੋਂ ਖੇਡ ਬਜਟ ਵਿੱਚ ਵਾਧੇ ਲਈ ਧੰਨਵਾਦ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਲਈ 2021-22 ਦੇ ਬਜਟ ਵਿੱਚ 147 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਜੋ ਪਿਛਲੇ ਵਰ੍ਹੇ ਦੇ ਮੁਕਾਬਲੇ 20 ਫ਼ੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ 56 ਵੱਖ-ਵੱਖ ਪ੍ਰਾਜੈਕਟ ਪ੍ਰਗਤੀ ਅਧੀਨ ਹਨ ਅਤੇ 2021-22 ਦੇ ਬਜਟ ਵਿੱਚ ਲੁਧਿਆਣਾ, ਰਾਜਪੁਰਾ, ਧੂਰੀ, ਅਮਰਗੜ੍ਹ, ਨਵਾਂਸ਼ਹਿਰ, ਖਡੂਰ ਸਾਹਿਬ ਅਤੇ ਪਠਾਨਕੋਟ ਵਿਖੇ ਬਲਾਕ ਪੱਧਰੀ ਮਲਟੀਪਰਪਜ਼ ਖੇਡ ਸਟੇਡੀਅਮ ਦੇ ਪ੍ਰਾਜੈਕਟ ਮੁਕੰਮਲ ਕਰਨ ਅਤੇ ਨਵੇਂ ਖੇਡ ਢਾਂਚਿਆਂ ਦੀ ਉਸਾਰੀ ਲਈ 29 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ।

ਖੇਡ ਮੰਤਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਨਵੀਂ ਕੁਸ਼ਤੀ ਅਕੈਡਮੀ ਅਤੇ ਫ਼ਿਰੋਜ਼ਪੁਰ ਵਿਖੇ ਰੋਇੰਗ ਅਕੈਡਮੀ ਖੋਲ੍ਹਣ ਸਬੰਧੀ ਬਜਟ ਵਿੱਚ ਕੀਤਾ ਗਿਆ ਐਲਾਨ ਵੀ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਬਜਟ ਵਿੱਚ ਟੇਬਲ ਟੈਨਿਸ ਸਟੇਡੀਅਮ, ਜਲੰਧਰ ਦੀ 50 ਲੱਖ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਮੁਰੰਮਤ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਜਟ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਿਖੇ 15 ਕਰੋੜ ਰੁਪਏ ਦੀ ਵੱਖਰੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!