ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਤੋਂ ਲੋਕ ਸੇਵਾ ਬਦਲੇ ਪੁਲਿਸ ਵੱਲੋਂ ਕੀਤੀ ਪੁੱਛ ਗਿੱਛ ਅੱਤ ਨੀਵੇਂ ਪੱਧਰ ਦੀ ਰਾਜਨੀਤੀ- ਸੁਨੀਲ ਜਾਖੜ
ਆਪਣੀ ਜਿੰਮੇਵਾਰੀ ਤੋਂ ਭੱਜੀ ਭਾਜਪਾ ਸਰਕਾਰ ਹੁਣ ਜਨ ਸੇਵਾ ਵਿਚ ਲੱਗੇ ਲੋਕਾਂ ਨੂੰ ਕਰ ਰਹੀ ਹੈ ਪ੍ਰੇਸ਼ਾਨ
ਕਿਹਾ, ਮਾਫੀ ਮੰਗੇ ਮੋਦੀ ਸਰਕਾਰ
ਚੰਡੀਗੜ, 15 ਮਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਰੋਨਾ ਦੇ ਕਹਿਰ ਤੋਂ ਦੇਸ਼ ਦੇ ਅਵਾਮ ਨੂੰ ਬਚਾਉਣ ਵਿਚ ਪੂਰੀ ਤਰਾਂ ਅਸਫਲ ਸਿੱਧ ਹੋਈ ਭਾਜਪਾ ਸਰਕਾਰ ਇਸ ਮੁਸਕਿਲ ਦੌਰ ਵਿਚ ਜਨ ਸੇਵਾ ਵਿਚ ਲੱਗੇ ਲੋਕਾਂ ਨੂੰ ਪੁਲਿਸ ਦਬਾਅ ਰਾਹੀਂ ਤੰਗ ਪ੍ਰੇਸ਼ਾਨ ਕਰਕੇ ਅੱਤ ਨੀਵੇਂ ਦਰਜੇ ਦੀ ਰਾਜਨੀਤੀ ਤੇ ਉਤਰ ਆਈ ਹੈ।
ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਬੀਵੀ ਸ੍ਰੀਨਿਵਾਸ ਤੋਂ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਰੋਨਾ ਦੇ ਇਸ ਸੰਕਟ ਵਿਚ ਜਿੱਥੇ ਦੇਸ਼ ਦਾ ਅਵਾਮ ਵੱਡੀ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਹੈ ਉਥੇ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਲੋਕਤੰਤਰ ਅਤੇ ਇਸ ਦੇਸ਼ ਦੀਆਂ ਸਰਬਤ ਦੇ ਭਲੇ ਅਤੇ ਮਨੁੱਖਤਾ ਦੀ ਸੇਵਾ ਦੀਆਂ ਉਚ ਰਵਾਇਤਾਂ ਨੂੰ ਵੀ ਖੇਰੂ ਖੇਰੂ ਕਰਨ ਤੇ ਲੱਗੀ ਹੋਈ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਸ ਤਰਾਂ ਗੰਗਾ ਨਦੀ ਵਿਚ ਅਤੇ ਇਸਤੇ ਕਿਨਾਰਿਆਂ ਤੋਂ ਹਜਾਰਾਂ ਮਨੁੱਖੀ ਦੇਹਾਂ ਮਿਲ ਰਹੀਆਂ ਹਨ ਇਸ ਨੇ ਮੋਦੀ ਅਤੇ ਯੋਗੀ ਦੀ ਜੋੜੀ ਦੇ ਕੋਵਿਡ ਪ੍ਰਬੰਧਨ ਦਾ ਕੱਚਾ ਚਿੱਠਾ ਖੋਲ ਕੇ ਰੱਖ ਦਿੱਤਾ ਹੈ। ਉਨਾਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਸਮਾਂ ਰਹਿੰਦੇ ਤਿਆਰੀਆਂ ਕਰਦੇ ਤਾਂ ਅੱਜ ਇਹ ਹਲਾਤ ਪੈਦਾ ਨਾ ਹੁੰਦੇ। ਪਰ ਇੰਨਾਂ ਮਾੜੇ ਹਲਾਤਾਂ ਤੋਂ ਵੀ ਵੱਡੀ ਤ੍ਰਾਸਦੀ ਇਹ ਹੈ ਕਿ ਜੋ ਲੋਕ ਇਸ ਮੁਸਕਿਲ ਦੌਰ ਵਿਚ ਲੋਕਾਂ ਦੀ ਸੇਵਾ ਕਰ ਰਹੇ ਹਨ ਉਨਾਂ ਨੂੰ ਹੀ ਪੁਲਿਸ ਦੁਆਰਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨਾਂ ਨੇ ਕਿਹਾ ਕਿ ਸ੍ਰੀਨਿਵਾਸ ਤੋਂ ਕੋਵਿਡ ਸੰਕਟ ਦੌਰਾਨ ਲੋਕਾਂ ਦੀ ਮਦਦ ਸਬੰਧੀ ਪੁੱਛਗਿੱਛ ਦਾ ਕੀਤਾ ਜਾਣਾ ਭਾਜਪਾ ਸਰਕਾਰ ਦੇ ਘੰਮਡ ਅਤੇ ਲੋਕ ਹਿੱਤਾਂ ਪ੍ਰਤੀ ਇਸਦੇ ਲਾਪਰਵਾਹੀ ਵਾਲੇ ਵਤੀਰੇ ਨੂੰ ਉਜਾਗਰ ਕਰਦਾ ਹੈ। ਉਨਾਂ ਨੇ ਕਿਹਾ ਕਿ ਜਿਸ ਤਰਾਂ ਨਿਊਜੀਲੈਂਡ ਦੇ ਦੂਤਘਰ ਦੇ ਸਟਾਫ ਦੀ ਮਦਦ ਕੀਤੀ ਗਈ ਸੀ ਉਸਨਾਲ ਦੇਸ਼ ਦੇ ਲੋਕਾਂ ਦੇ ਜਨ ਸੇਵਾ ਦੇ ਵਿਹਾਰ ਦੀ ਦੁਨੀਆਂ ਭਰ ਵਿਚ ਸਲਾਘਾ ਹੋਈ ਸੀ ਪਰ ਮੋਦੀ ਸਰਕਾਰ ਅਜਿਹੀ ਸਮਾਜ ਸੇਵਾ ਲਈ ਲੋਕਾਂ ਨੂੰ ਤੰਗ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਇਹ ਸ੍ਰੀਨਿਵਾਸ ਤੋਂ ਪੁੱਛਗਿੱਛ ਦਾ ਹੀ ਮਾਮਲਾ ਨਹੀਂ ਹੈ ਬਲਕਿ ਯੁਪੀ ਵਿਚ ਅਨੇਕਾਂ ਅਜਿਹੇ ਲੋਕਾਂ ਤੇ ਪੁਲਿਸ ਕੇਸ ਦਰਜ ਕੀਤੇ ਗਏ ਹਨ ਜਿੰਨਾਂ ਨੇ ਸਰਕਾਰ ਦੀ ਨਾਕਾਮੀ ਦਾ ਭੇਦ ਖੋਲਿਆਂ ਜਾਂ ਜਿੰਨਾਂ ਨੇ ਕੋਵਿਡ ਮਰੀਜਾਂ ਦੀ ਮਦਦ ਕੀਤੀ।
ਜਾਖੜ ਨੇ ਮੋਦੀ ਸਰਕਾਰ ਦੇ ਇਸ ਵਿਹਾਰ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਦੇ ਇਸ ਵਿਹਾਰ ਦਾ ਡੱਟ ਕੇ ਵਿਰੋਧ ਕਰੇਗੀ । ਉਨਾਂ ਨੇ ਮੋਦੀ ਸਰਕਾਰ ਨੂੰ ਇਸ ਬੱਜਰ ਕੁਤਾਹੀ ਲਈ ਦੇਸ਼ ਤੋਂ ਮਾਫੀ ਮੰਗਣ ਲਈ ਕਿਹਾ ਤਾਂ ਜੋ ਜਨ ਸੇਵਾ ਵਿਚ ਲੱਗੇ ਲੋਕ ਬਿਨਾਂ ਕਿਸੇ ਡਰ ਭੈਅ ਦੇ ਮਨੁੱਖਤਾ ਦੀ ਸੇਵਾ ਕਰ ਸਕਨ।