ਕੱਚੇ ਮੁਲਾਜ਼ਮਾਂ ਨੇ ਚੰਨੀ ਸਰਕਾਰ ਵੱਲੋਂ ਲਗਾਏ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਹੋਰਡਿੰਗ ਦੀ ਪੰਡਿਤ ਕੋਲੋਂ ਕਰਵਾਈ ਪੂਜਾ, ਵੰਡਿਆ ਲੌਲੀਪੌਪ ਦਾ ਪ੍ਰਸ਼ਾਦ
ਕੱਚੇ ਮੁਲਾਜ਼ਮਾਂ ਨੇ ਚੰਨੀ ਸਰਕਾਰ ਵੱਲੋਂ ਲਗਾਏ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਹੋਰਡਿੰਗ ਦੀ ਪੰਡਿਤ ਕੋਲੋਂ ਕਰਵਾਈ ਪੂਜਾ, ਵੰਡਿਆ ਲੌਲੀਪੌਪ ਦਾ ਪ੍ਰਸ਼ਾਦ
ਸਰਵ ਸਿੱਖਿਆ ਅਭਿਆਨ ਦਫਤਰੀ ਕਾਮਿਆ ਵੱਲੋਂ ਰੈਗੁਲਰ ਹੋਣ ਤੱਕ ਸਿੱਖਿਆ ਭਵਨ ਦੇ ਬਾਹਰ ਪੱਕੇ ਧਰਨੇ ਦਾ ਸੱਤਵਾਂ ਦਿਨ
1 ਦਸੰਬਰ ਨੂੰ ਜਲੰਧਰ ਸੂਬਾ ਪੱਧਰੀ ਰੈਲੀ ਕਰਕੇ ਸਿੱਖਿਆ ਮੰਤਰੀ ਦੇ ਘਰ ਵੱਲ ਮਾਰਚ ਕਰਨਗੇ ਦਫ਼ਤਰੀ ਕਾਮੇ
ਮਿਤੀ 29-11-2021 (ਮੋਹਾਲੀ) ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 9 ਨਵੰਬਰ ਨੂੰ 36000 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕਰ ਦਿੱਤਾ ਅਤੇ 11 ਨਵੰਬਰ ਨੂੰ ਵਿਧਾਨ ਸਭਾ ਵਿਚ ਬਿੱਲ ਪਾਸ ਕੀਤਾ।36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਹਰ ਇਕ ਪਿੰਡ, ਸ਼ਹਿਰ , ਸੜਕਾਂ ਤੇ ਵੱਡੇ ਵੱਡੇ ਹੋਰਡਿੰਗ ਲਗਾ ਕੇ ਪਰਚਾਰ ਤਾਂ ਕਰ ਦਿੱਤਾ ਪਰ ਇਸ ਦੀ ਅਸਲੀਅਤ ਤਾਂ ਧਰਨਿਆ ਤੇ ਬੈਠੇ ਅਤੇ ਨਿੱਤ ਦਿਹਾੜੇ ਸੜਕਾਂ ਤੇ ਪਰਦਰਸ਼ਨ ਕਰ ਰਹੇ ਮੁਲਾਜ਼ਮਾਂ ਤੋਂ ਜੱਗ ਜ਼ਾਹਿਰ ਹੋ ਰਹੀ ਹੈ।ਇੰਨ੍ਹਾ ਹੋਰਡਿੰਗ ਨੂੰ ਲੈ ਕੇ ਅੱਜ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀਆਂ ਨੇ ਵੱਖਰਾ ਪ੍ਰਦਰਸ਼ਨ ਕੀਤਾ। ਸਿੱਖਿਆ ਭਵਨ ਦੇ ਬਾਹਰ ਪੱਕਾ ਧਰਨਾਂ ਸ਼ੁਰੂ ਕਰੀ ਬੈਠੇ ਦਫਤਰੀ ਕਾਮਿਆ ਨੇ ਅੱਜ ਕਾਂਗਰਸ ਪਾਰਟੀ ਵੱਲੋਂ ਲਗਵਾਏ ਹੋਰਡਿੰਗ ਦੀ ਪੰਡਿਤ ਤੋਂ ਪੂਜਾ ਕਰਵਾਈ ਅਤੇ ਲੌਲੀਪੌਪ ਦਾ ਪ੍ਰਸ਼ਾਦ ਵੰਡਿਆ । ਜਥੇਬੰਦੀ ਦੇ ਆਗੂਆਂ ਵਿਕਾਸ ਕੁਮਾਰ,ਅਸ਼ੀਸ਼ ਜੁਲਾਹਾ, ਚਮਕੌਰ ਸਿੰਘ, ਹਰਪ੍ਰੀਤ ਸਿੰਘ, ਦਵਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਐਲਾਨ ਅਤੇ ਹੋਰਡਿੰਗ ਅੱਜ ਤੱਕ ਕੱਚੇ ਮੁਲਾਜ਼ਮਾਂ ਨੂੰ ਲੌਲੀਪੌਪ ਹੀ ਜਾਪ ਰਹੇ ਹਨ। ਜਦੋਂ ਇਹ ਹੋਰਡਿੰਗ ਦੇਖਦੇ ਹਾਂ ਤਾਂ ਸਾਡੇ ਮਨਾਂ ਨੂੰ ਠੇਸ ਪਹੁੰਚਦੀ ਹੈ ਕਿਉਂਕਿ ਮੁਲਾਜ਼ਮ ਤਾਂ 36000 ਵਿੱਚੋਂ 36 ਵੀ ਰੈਗੂਲਰ ਨਹੀਂ ਹੋਏ। ਇਸ ਲਈ ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਇਸ ਹੋਰਡਿੰਗ ਦੀ ਪੂਜਾ ਪਾਠ ਕਰਵਾਉਣ ਦਾ ਮਨ ਬਣਾਇਆ ਤਾਂ ਕਿ ਰੱਬ ਮੁਲਾਜ਼ਮਾਂ ਦੀ ਫਰਿਆਦ ਸੁਣ ਲਵੇ ਤੇ ਸਰਕਾਰ ਨੂੰ ਸਦ ਬੁੱਧੀ ਦੇਵੇ ਤੇ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ।
ਆਗੂਆ ਨੇ ਕਿਹਾ ਕਿ ਵਿਧਾਨ ਸਭਾ ਵਿਚ ਬਿੱਲ ਪਾਸ ਹੋਣ ਦੇ 18 ਦਿਨ ਬੀਤਣ ਦੇ ਬਾਵਜੂਦ ਵੀ ਐਕਟ ਨੋਟੀਫਾਈ ਕਰਕੇ ਵਿਭਾਗਾਂ ਨੂੰ ਨਹੀ ਭੇਜਿਆ ਗਿਆ ਜਿਸ ਤੋਂ ਕਾਂਗਰਸ ਸਰਕਾਰ ਦੀ ਬਦਨੀਤੀ ਸਾਫ ਨਜ਼ਰ ਆ ਰਹੀ ਹੈ। ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀਆ ਵੱਲੋਂ ਸਿੱਖਿਆ ਭਵਨ ਦੇ ਬਾਹਰ ਸੱਤ ਦਿਨਾਂ ਤੋਂ ਪੱਕਾ ਧਰਨਾ ਜਾਰੀ ਹੈ।
ਸਰਕਾਰਾਂ ਨੇ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਤਾਂ ਸਮੇਂ ਸਮੇਂ ਤੇ ਰੈਗੂਲਰ ਕੀਤਾ ਪਰ 2004 ਤੋਂ ਭਰਤੀ ਦਫਤਰੀ ਮੁਲਾਜ਼ਮਾਂ ਨੂੰ ਅੱਜ ਤੱਕ ਅਣਗੌਲਿਆ ਕੀਤੀ ਗਿਆ ਅਤੇ 16 ਦਸੰਬਰ 2019 ਨੂੰ ਵਿੱਤ ਵਿਭਾਗ ਵੱਲੋਂ ਮੰਨਜ਼ੂਰੀ ਮਿਲਣ ਦੇ ਬਾਵਜੂਦ ਵੀ ਹੁਣ ਤੱਕ ਦਫਤਰੀ ਮੁਲਾਜ਼ਮਾਂ ਨੂੰ ਰੈਗੂਲਰ ਨਹੀ ਕੀਤਾ ਗਿਆ ਅਤੇ ਹੁਣ ਵਿਧਾਨ ਸਭਾ ਵਿਚ ਬਿੱਲ ਪਾਸ ਕਰਨ ਦੇ ਬਾਵਜੂਦ ਵੀ ਨੋਟੀਫਾਈ ਕਰਕੇ ਵਿਭਾਗਾਂ ਨੂੰ ਨਹੀ ਭੇਜਿਆ ਜਾ ਰਿਹਾ ਅਤੇ ਵਿਭਾਗਾਂ ਨੂੰ ਕੋਈ ਹਦਾਇਤਾਂ ਨਹੀ ਜ਼ਾਰੀ ਕੀਤੀਆ ਜਾ ਰਹੀਆ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਸਰਕਾਰਾਂ ਸਾਡੇ ਭਵਿੱਖ ਨਾਲ ਖਿਲਵਾੜ ਕਰ ਰਹੀਆਂ ਅਸੀਂ ਸਰਕਾਰ ਤੋਂ ਕੋਈ ਰਾਜ ਪਾਠ ਨਹੀਂ ਮੰਗ ਰਹੇ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਆਪਣਾ ਹੱਕ ਮੰਗ ਰਹੇ ਹਾਂ। ਆਗੂਆਂ ਨੇ ਐਲਾਨ ਕੀਤਾ ਕਿ 01-12-2021 ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਜਲੰਧਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।