ਸਿਹਤ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਮਨਾਇਆ ਗਿਆ ਵਿਸ਼ਵ ਤੰਬਾਕੂ ਰਹਿਤ ਦਿਵਸ
ਚੰਡੀਗੜ੍ਹ, 31 ਮਈ
ਸਿਹਤ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ ਹੈ। ਇਸ ਸੰਬੰਧ ਵਿੱਚ ਡਾਇਰੈਕਟੋਰੇਟ ਆਫ ਹੈਲਥ ਸਰਵਿਸਸ ਪੰਜਾਬ, ਸੈਕਟਰ 34 ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਤੇ ਤੰਬਾਕੂ ਨਾ ਸੇਵਨ ਕਰਨ ਦੀ ਸਹੁੰ ਚੁੱਕੀ ਗਈ ਤੇ ਹਸਤਾਖਰ ਮੁਹਿੰਮ ਚਲਾਈ ਗਈ। ਇਸ ਦੌਰਾਨ ਸਕੱਤਰ ਸਿਹਤ ਸ੍ਰੀ ਅਜੋਏ ਸ਼ਰਮਾ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਸਮੇਤ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨਾਲ ਇੱਕ ਵੀਡੀਓ ਕਾਨਫਰੰਸ ਕੀਤੀ ਗਈ ਅਤੇ ਸੰਬੰਧਿਤ ਵਿਭਾਗਾਂ ਵਿੱਚ ਤੰਬਾਕੂ ਵਿਰੋਧੀ ਗਤੀਵਿਧੀਆਂ ਕਰਨ ਨੂੰ ਕਿਹਾ ਗਿਆ l ਇਸ ਮੌਕੇ ਸਕੱਤਰ ਸਿਹਤ ਦੀ ਅਗਵਾਈ ਹੇਠ ਤੰਬਾਕੂ ਸੇਵਨ ਖਿਲਾਫ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸ੍ਰੀ ਅਜੋਏ ਸ਼ਰਮਾ ਨੇ ਦੱਸਿਆ ਕਿ ਇੱਕ ਸਿਗਰੇਟ ਵਿੱਚ 69 ਤਰ੍ਹਾਂ ਦੇ ਜ਼ਹਿਰੀਲੇ ਤੱਤ ਹੁੰਦੇ ਹਨ, ਜੋ ਕਿ ਮਨੁੱਖੀ ਸ਼ਰੀਰ ਲਈ ਜਾਨਲੇਵਾ ਹਨ। ਇਹ ਮਨੁੱਖੀ ਸਰੀਰ ਦੇ ਨਾਲ ਨਾਲ ਵਾਤਾਵਰਨ ਲਈ ਵੀ ਵੱਡਾ ਖ਼ਤਰਾ ਹੈ, ਕਿਉਂਕਿ 300 ਸਿਗਰੇਟ ਬਣਾਉਣ ਲਈ ਇੱਕ ਦਰੱਖਤ ਨੂੰ ਕੱਟਿਆ ਜਾਂਦਾ ਹੈ। ਇੱਕ ਸਿਗਰੇਟ ਬਣਾਉਣ ਲਈ 3.7 ਲੀਟਰ ਪਾਣੀ ਲੱਗਦਾ ਹੈ। ਇਸ ਲਈ ਤੰਬਾਕੂ ਦਾ ਸੇਵਨ ਅੱਜ ਹੀ ਬੰਦ ਕੀਤਾ ਜਾਵੇ। ਇਸ ਲਈ ਤੰਬਾਕੂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਤੰਬਾਕੂ ਖਿਲਾਫ ਜਾਗਰੂਕ ਕੀਤਾ ਜਾ ਸਕੇ।
ਸਕੱਤਰ ਸਿਹਤ ਨੇ ਦੱਸਿਆ ਕਿ ਭਾਰਤ ਵਿੱਚ ਪੰਜਾਬ ਦੂਜਾ ਰਾਜ ਹੈ, ਜਿਥੇ ਹੁੱਕਾ ਬਾਰ ਬੰਦ ਕਰਨ ਲਈ ਕੋਟਪਾ ਐਕਟ 2003 ਸਟੇਟ ਸਪੈਸਿਫਿਕ ਅਮੈਂਡਮੈਂਡ ਕੀਤੀ ਗਈ ਹੈ। ਪੰਜਾਬ ਵਿੱਚ 739 ਤੰਬਾਕੂ ਰਹਿਤ ਪਿੰਡ ਹਨ, ਜੋ ਕਿ ਪੰਚਾਇਤਾਂ ਵੱਲੋਂ ਤੰਬਾਕੂ ਵਿਰੋਧੀ ਰੈਜੂਲੇਸ਼ਨ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸਾਲ 2022 ਵਿੱਚ 13000 ਚਲਾਨ ਕੱਟੇ ਜਾ ਚੁੱਕੇ ਹਨ।
ਇਸ ਮੌਕੇ ਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਜੀਬੀ ਸਿੰਘ ਵੱਲੋ ਤੰਬਾਕੂ ਵਿਰੋਧੀ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਤੰਬਾਕੂ ਛੱਡਣਾ ਚਾਹੁੰਦਾ ਹੈ, ਉਹ ਪੰਜਾਬ ਵਿੱਚ ਖੋਲ੍ਹੇ ਗਏ ਤੰਬਾਕੂ ਛੁਡਾਓ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ। ਇਨ੍ਹਾਂ ਸੈਂਟਰਾਂ ਵਿੱਚ ਤੰਬਾਕੂ ਸੰਬੰਧੀ ਕਾਉਂਸਲਿੰਗ ਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਤੇਜ ਪ੍ਰਤਾਪ ਸਿੰਘ ਫੂਲਕਾ, ਤੰਬਾਕੂ ਕੰਟਰੋਲ ਪ੍ਰੋਗਰਾਮ ਦੇ ਪ੍ਰੋਗਰਾਮ ਅਫ਼ਸਰ ਡਾ. ਜਸਕਿਰਨ ਕੌਰ, ਸਟੇਟ ਮਾਸ ਮੀਡੀਆ ਤੇ ਸਿੱਖਿਆ ਅਫ਼ਸਰ ਸ਼੍ਰੀ ਜਗਤਾਰ ਸਿੰਘ ਬਰਾੜ ਤੇ ਡਾ. ਗੁਰਮਨ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।