Punjab

ਪੰਜਾਬ ਵਿਚ ਕੋਵਿਡ ਤੋਂ ਬਚਾਅ ਦੀਆਂ ਸਾਵਧਾਨੀਆਂ ਨਾਲ ਕਣਕ ਦੀ ਖਰੀਦ ਅੱਜ ਤੋਂ   

ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਆੜ੍ਹਤੀਆਂ ਲਈ ਸੂਬੇ ਦੀਆਂ ਸਾਰੀਆਂ 154 ਮਾਰਕੀਟ ਕਮੇਟੀਆਂ ਵਿਚ ਕੋਵਿਡ ਟੀਕਾਕਰਨ ਕੈਂਪ ਸਥਾਪਤ

ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਸਾਰੀਆਂ ਧਿਰਾਂ ਨੂੰ ਕੋਵਿਡ ਦੇ ਸੁਰੱਖਿਆ ਨੇਮਾਂ ਦਾ ਪਾਲਣ ਕਰਨ ਦੀ ਅਪੀਲ

ਕੋਵਿਡ ਦੇ ਮੱਦੇਨਜ਼ਰ ਕਣਕ ਦੀ ਖਰੀਦ ਦੇ ਚੁਣੌਤੀਪੂਰਨ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਮੰਡੀ ਬੋਰਡ ਦੇ ਮੁਲਾਜ਼ਮਾਂ ਲਈ 10000 ਐਨ-95 ਮਾਸਕ ਅਤੇ 10000 ਬੋਤਲਾਂ ਸੈਨੀਟਾਈਜ਼ਰ ਦੀ ਵਿਵਸਥਾ

ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ ਲਈ ਵੀ ਇਕ ਲੱਖ ਮਾਸਕ ਅਤੇ 35000 ਲੀਟਰ ਸੈਨੀਟਾਈਜ਼ਰ ਦਾ ਬੰਦੋਬਸਤ ਕੀਤਾ

130 ਲੱਖ ਮੀਟਰਕ ਟਨ ਕਣਕ ਖਰੀਦਣ ਲਈ ਮੰਡੀਆਂ ਦੀ ਗਿਣਤੀ ਦੁੱਗਣੀ ਕੀਤੀ

ਚੰਡੀਗੜ੍ਹ, 9 ਅਪ੍ਰੈਲ

       ਕੋਵਿਡ ਮਹਾਂਮਾਰੀ ਦੇ ਦਰਮਿਆਨ ਭਲਕੇ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਨੂੰ ਨਿਰਵਿਘਨ ਅਤੇ ਸੁਚਾਰੂ ਬਣਾਉਣ ਲਈ ਪੰਜਾਬ ਸਰਕਾਰ ਨੇ ਸੂਬਾ ਭਰ ਵਿਚ ਸਾਰੀਆਂ 154 ਮਾਰਕੀਟ ਕਮੇਟੀਆਂ ਵਿਚ ਕੋਵਿਡ ਟੀਕਾਕਰਨ ਕੈਂਪ ਸਥਾਪਤ ਕੀਤੇ ਤਾਂ ਕਿ ਹਾੜ੍ਹੀ ਮੰਡੀਕਰਨ ਸੀਜ਼ਨ ਦੌਰਾਨ ਅਨਾਜ ਮੰਡੀਆਂ ਵਿਚ ਆਉਣ ਵਾਲੇ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਾਇਆ ਜਾ ਸਕੇ।

       ਇਹ ਪ੍ਰਗਟਾਵਾ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਮੰਡੀ ਬੋਰਡ ਨੇ ਮਹਾਂਮਾਰੀ ਦੇ ਔਖੇ ਸਮੇਂ ਦੌਰਾਨ ਕਣਕ ਦੀ ਖਰੀਦ ਦੇ ਚੁਣੌਤੀਪੂਰਨ ਕਾਰਜ ਲਈ ਪੁਖਤਾ ਤਿਆਰੀਆਂ ਕੀਤੀਆਂ ਹਨ।

       ਕਰੋਨਾ ਵਾਇਰਸ ਨੂੰ ਮਾਤ ਦੇਣ ਲਈ ਖਰੀਦ ਕਾਰਜਾਂ ਨਾਲ ਜੁੜੀਆਂ ਸਾਰੀਆਂ ਧਿਰਾਂ ਨੂੰ ਕੋਵਿਡ ਦੇ ਸੁਰੱਖਿਆ ਨੇਮਾਂ ਦਾ ਪਾਲਣ ਕਰਨ ਦੀ ਅਪੀਲ ਕਰਦਿਆਂ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਜਿੱਥੇ ਮੰਡੀਆਂ ਵਿਚੋਂ ਕਣਕ ਦੇ ਇਕ-ਇਕ ਦਾਣੇ ਨੂੰ ਖਰੀਦਣ ਲਈ ਵਚਨਬੱਧ ਹੈ, ਉਥੇ ਹੀ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਏਗੀ।

       ਚੇਅਰਮੈਨ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਕੋਵਿਡ ਸਬੰਧੀ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੇ 5600 ਅਧਿਕਾਰੀਆਂ/ਕਰਮਚਾਰੀਆਂ ਨੂੰ 10,000 ਮਾਸਕ (ਐਨ-95) ਅਤੇ ਸੈਨੀਟਾਈਜ਼ਰਾਂ ਦੀਆਂ 10,000 ਬੋਤਲਾਂ ਮੁਹੱਈਆ ਕਰਵਾਈਆਂ ਹਨ ਤਾਂ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਸਾਲ 2021-22 ਦੇ ਹਾੜ੍ਹੀ ਮੰਡੀਕਰਨ ਸੀਜ਼ਨ ਲਈ ਖਰੀਦ ਕਾਰਜ ਸੁਚਾਰੂ ਬਣਾਉਣ ਲਈ ਢੁਕਵੇਂ ਬੰਦੋਬਸਤ ਕਰਨ ਵਾਸਤੇ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੰਡੀ ਬੋਰਡ ਨੇ ਖਰੀਦ ਕੇਂਦਰਾਂ ਉਪਰ ਆਪਣੀ ਫਸਲ ਲੈ ਕੇ ਪਹੁੰਚਣ ਵਾਲੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਇਕ ਲੱਖ ਮਾਸਕ ਅਤੇ 35,000 ਲਿਟਰ ਸੈਨੀਟਾਈਜ਼ਰ ਦਾ ਵੀ ਇੰਤਜਾਮ ਕੀਤਾ ਹੈ।

       ਲਾਲ ਸਿੰਘ ਨੇ ਅੱਗੇ ਕਿਹਾ ਕਿ ਮੰਡੀਆਂ ਵਿਚ ਭੀੜ-ਭੜੱਕਾ ਰੋਕਣ ਲਈ ਅਨਾਜ ਮੰਡੀਆਂ ਦੀ ਗਿਣਤੀ 1872 ਤੋਂ ਵਧਾ ਕੇ 4000 ਕੀਤੀ ਗਈ ਹੈ ਅਤੇ ਇਸ ਸੀਜ਼ਨ ਦੌਰਾਨ 130 ਲੱਖ ਮੀਟਰਕ ਟਨ ਕਣਕ ਖਰੀਦਣ ਦਾ ਟੀਚਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਆਪਣੀ ਉਪਜ ਪੜਾਅ ਵਾਰ ਮੰਡੀਆਂ ਵਿਚ ਲਿਆਉਣ ਲਈ ਆਖਿਆ ਜਾ ਰਿਹਾ ਹੈ ਤਾਂ ਕਿ ਕੋਵਿਡ ਦੀ ਰੋਕਥਾਮ ਲਈ ਸਾਰੇ ਇਹਤਿਆਦ ਵਰਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਨੇ ਇਸ ਸੀਜ਼ਨ ਦੌਰਾਨ ਪੀਣ ਵਾਲਾ ਸਾਫ ਪਾਣੀ ਅਤੇ ਸਾਫ-ਸਫਾਈ ਤੋਂ ਇਲਾਵਾ ਪਾਸ ਜਾਰੀ ਕਰਨ ਲਈ ਰੂਪ-ਰੇਖਾ ਉਲੀਕੀ ਹੈ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਪਾਸ ਜਾਰੀ ਕੀਤੇ ਜਾਣਗੇ।

       ਦੱਸਣਯੋਗ ਹੈ ਕਿ ਪਿਛਲੇ ਹਾੜ੍ਹੀ ਸੀਜ਼ਨ ਦੌਰਾਨ ਸੂਬਾ ਸਰਕਾਰ ਕੋਵਿਡ ਦੀਆਂ ਬੰਦਿਸ਼ਾਂ ਦੇ ਬਾਵਜੂਦ 127.13 ਲੱਖ ਮੀਟਰਕ ਟਨ ਕਣਕ ਦੀ ਸਫਲ ਖਰੀਦ ਕੀਤੀ ਸੀ ਅਤੇ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ 17.51 ਲੱਖ ਪਾਸ ਕੀਤੇ ਗਏ ਸਨ।

       ਲਾਲ ਸਿੰਘ ਨੇ ਅੱਗੇ ਦੱਸਿਆ ਕਿ ਸਭ ਤੋਂ ਵੱਧ ਤਰਜੀਹ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਸਿਹਤ ਸੁਰੱਖਿਆ ਸਬੰਧੀ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕਾਰਜਾਂ ਦੌਰਾਨ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਮਾਰਕੀਟ ਕਮੇਟੀਆਂ ਅਤੇ ਖਰੀਦ ਏਜੰਸੀਆਂ ਦਰਮਿਆਨ ਸਮਾਜਿਕ ਦੂਰੀ ਬਣਾਈ ਰੱਖਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।

       ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਵੱਲੋਂ ਨਿਭਾਈ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਨੇ ਉਨ੍ਹਾਂ ਨੂੰ ਆਪਣੀ ਡਿਊਟੀ ਹੋਰ ਵੀ ਸਮਰਪਣ ਭਾਵਨਾ, ਸੰਜੀਦਗੀ ਅਤੇ ਵਚਨਬੱਧਤਾ ਨਾਲ ਨਿਭਾਉਣ ਦੀ ਅਪੀਲ ਕੀਤੀ ਤਾਂ ਕਿ ਇਸ ਵਿਆਪਕ ਕਾਰਜ ਨੂੰ ਨੇਪਰੇ ਚਾੜਿਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!