‘ਪੰਜਾਬ ਮਾਡਲ’ ਦਾ ਧੁਰਾ ਪੰਜਾਬ ਦੀ ਭਲਾਈ ਹੈ : ਪੰਜਾਬ ਕਾਂਗਰਸ ਪ੍ਰਧਾਨ
ਅਮਲੋਹ 25 ਦਸੰਬਰ, 2021
ਅਮਲੋਹ ਵਿਖੇ ਇੱਕ ਸਮਾਗਮ ਵਿੱਚ ਬੋਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਦਾ ਉਦੇਸ਼ ਲੋਕਾਂ ਦੀ ਭਲਾਈ ਹੈ। ਇਹ ਮਾਡਲ ਸੂਬੇ ਦੇ ਸਰੋਤਾਂ ਦੀ ਸਹਾਇਤਾ ਉੱਪਰ ਆਧਾਰਿਤ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਸਹੀ ਮਾਇਨਿਆਂ ਵਿਚ ਲੋਕਾਂ ਦੀ ਭਲਾਈ ਰਾਜ ਦੇ ਸਰੋਤਾਂ ਦੁਆਰਾ ਕੀਤੀ ਜਾਂਦੀ ਹੈ, ਇਹ ਭਾਰਤ ਵਰਗੇ ਸੰਵਿਧਾਨਕ ਲੋਕਤੰਤਰ ਦੀ ਸਮਾਜਿਕ ਵਚਨਬੱਧਤਾ ਵੀ ਹੈ। ਸੂਬੇ ਦੇ ਟੀਚਿਆਂ ਨੂੰ ਸਹੀ ਨੀਤੀ ਅਤੇ ਰੋਡਮੈਪ ਰਾਹੀਂ ਪੂਰਾ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ‘ਪੰਜਾਬ ਮਾਡਲ’ ਹੈ। ਵਿਰੋਧੀਆਂ ਦੇ ਖੋਖਲੇ ਵਾਅਦੇ ਪੰਜਾਬ ਨੂੰ ਖੁਸ਼ਹਾਲ ਸੂਬਾ ਨਹੀਂ ਬਣਾ ਸਕਦੇ।
ਕਿਸਾਨਾਂ ਦੇ ਮੁੱਦੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਸੰਕਟ ਦਾ ਹੱਲ ਕਿਸਾਨਾਂ ਦੀ ਆਮਦਨ ਹੈ ਅਤੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਖੇਤੀ ਉਤਪਾਦਾਂ ਦੀ ਖਰੀਦ ਕਿਸਾਨਾਂ ਦਾ ਅਧਿਕਾਰ ਹੈ। ਉਨ੍ਹਾਂ ਦਾ ‘ਪੰਜਾਬ ਮਾਡਲ’ ਇਸ ਮਾਮਲੇ ਵਿਚ ਕਿਸਾਨਾਂ ਦੇ ਨਾਲ ਖੜ੍ਹਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਫ਼ਸਲੀ ਵਿਭਿੰਨਤਾ ਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਸ਼ ਅਜੇ ਵੀ ਪ੍ਰਤੀ ਸਾਲ 80,000 ਕਰੋੜ ਰੁਪਏ ਦੀਆਂ ਦਾਲਾਂ ਅਤੇ ਤੇਲ ਬੀਜ ਦਰਾਮਦ ਕਰ ਰਿਹਾ ਹੈ, ਇਸ ਖੱਪੇ ਨੂੰ ਪੰਜਾਬ ਦੇ ਕਿਸਾਨਾਂ ਰਾਹੀਂ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਪੰਜਾਬ ਵਿਸ਼ਵ ਵਿੱਚ ਚੌਲਾਂ ਅਤੇ ਕਣਕ ਵਰਗੇ “ਭੋਜਨ ਅਨਾਜ” ਦਾ ਸਭ ਤੋਂ ਮੋਹਰੀ ਉਤਪਾਦਕ ਹੈ। ਫਿਰ ਵੀ ਖੁਰਾਕੀ ਪਦਾਰਥਾਂ ਜਿਵੇਂ ਕਿ ਰਾਈਸ ਸਟਾਰਚ, ਰਾਈਸ ਬ੍ਰਾਨ, ਰਾਈਸ ਆਇਲ, ਰਾਈਸ ਪ੍ਰੋਟੀਨ, ਰਾਈਸ ਫੈਟ, ਰਾਈਸ ਫਲੋਰ ਦਾ ਸਿਰਫ਼ ਅਨਾਜ ਨਾਲੋਂ 10-20 ਗੁਣਾ ਜ਼ਿਆਦਾ ਮੁੱਲ ਹੈ, ਪੰਜਾਬ ਦੇ ਕਿਸਾਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਭੋਜਨ ਸਹਿ-ਉਤਪਾਦਾਂ (food derivatives) ਦੀ ਗਲੋਬਲ ਮਾਰਕੀਟ 100 ਮਿਲੀਅਨ ਹੈ ਅਤੇ ਪੰਜਾਬ ਦਾ ਇਸ ਵਿੱਚ 0.01% ਹਿੱਸਾ ਵੀ ਨਹੀਂ ਹੈ।
‘ਪੰਜਾਬ ਮਾਡਲ’ ਦੀ ਵਿਆਖਿਆ ਕਰਦੇ ਹੋਏ, ਨਵਜੋਤ ਸਿੰਘ ਸਿੱਧੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਅਜਿਹੇ ਕਿਸਾਨਾਂ ਦੀ ਸਹਾਇਤਾ ਲਈ ਬਾਜ਼ਾਰ ਵਿਚ ਦਖਲ ਦੇਣ ਵਾਲੀਆਂ (Market Intervention) ਸਕੀਮਾਂ ਵਰਗੀਆਂ ਨੀਤੀਆਂ ਲਿਆਵੇਗਾ, ਜਿਸ ਨਾਲ ‘ਪੀਲੀ ਕ੍ਰਾਂਤੀ’ ਦੀ ਅਗਵਾਈ ਕਰਨ ਵਾਲੇ ਪੰਜਾਬ ਵਿੱਚ ਦਾਲਾਂ, ਤੇਲ ਬੀਜਾਂ ਅਤੇ ਖੁਰਾਕੀ ਪਦਾਰਥਾਂ ਦੀ ਖੇਤੀ ਦਾ ਵਿਕਾਸ ਹੋਵੇਗਾ। ਇਸ ਮੁੱਦੇ ਨੂੰ ਸੰਬੋਧਿਤ ਕਰਦੇ ਹੋਏ, ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਉਨ੍ਹਾਂ ਦਾ ਮਾਡਲ ਪੰਜਾਬ ਵਿੱਚ ਗੋਦਾਮ, ਕੋਲਡ ਸਟੋਰੇਜ ਅਤੇ ਏ.ਪੀ.ਐਮ.ਸੀ ਮੰਡੀਆਂ ਵਿੱਚ ਆਧੁਨਿਕੀਕਰਨ ਅਤੇ ਸੁਧਾਰ ਲਿਆਏਗਾ।
ਆਪਣੇ ਸੋਮਿਆਂ ਦੀ ਵਰਤੋਂ ਕਰਕੇ ਸੂਬੇ ਨੂੰ ਸੁਤੰਤਰ ਤੇ ਆਤਮ-ਨਿਰਭਰ ਬਣਾਉਣਾ ਅਤੇ ਮਾਲੀਏ ਦੇ ਬਹੁਤ ਸਾਰੇ ਸੋਮਿਆਂ ਦੇ ਨੱਕੇ ਸੂਬੇ ਦੇ ਖ਼ਜ਼ਾਨੇ ਵੱਲ ਖੋਲ੍ਹਣ ਵਾਲੇ ਪਾਸੇ ਸੂਬੇ ਦਾ ਧਿਆਨ ਹੋਣਾ ਚਾਹੀਦਾ ਹੈ। ‘ਪੰਜਾਬ ਮਾਡਲ’ ਸਿਸਟਮ ਨਾਲ ਲੜਨ ਅਤੇ ਆਪਣੇ ਟੀਚੇ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ। ਫ਼ਜ਼ੂਲ ਖਰਚੇ ਰੋਕਣਾ ਅਤੇ ਮਾਲੀਆ ਪ੍ਰਣਾਲੀ ਅਤੇ ਰੁਜ਼ਗਾਰ ਪੈਦਾ ਕਰਕੇ ਸੰਪੂਰਨ ਵਿਕਾਸ ਵੱਲ ਵਧਣਾ ਪੰਜਾਬ ਸੂਬੇ ਲਈ ਅੱਗੇ ਵਧਣ ਦਾ ਇੱਕੋ-ਇੱਕ ਰਾਹ ਹੈ।