ਵਿਸ਼ਵ ਸਟ੍ਰੋਕ ਦਿਵਸ: ਸਟ੍ਰੋਕ ਦੇ ਮਰੀਜ਼ਾਂ ਨੂੰ ਮੁਫ਼ਤ ਮਕੈਨੀਕਲ ਥ੍ਰੋਮਬੈਕਟੋਮੀ ਪ੍ਰਦਾਨ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੀ.ਐਮ.ਸੀ. ਲੁਧਿਆਣਾ ਅਤੇ ਮੈਡਟ੍ਰੋਨਿਕ ਨਾਲ ਸਾਂਝੇਦਾਰੀ ਤਹਿਤ ਸਟ੍ਰੋਕ ਕੇਅਰ ਮਾਡਲ ਲਾਂਚ
ਪੰਜਾਬ ਸਰਕਾਰ ਸਟ੍ਰੋਕ ਦੇ ਮਰੀਜ਼ਾਂ ਨੂੰ 6 ਲੱਖ ਰੁਪਏ ਦਾ ਟਰਸ਼ਰੀ ਕੇਅਰ ਟ੍ਰੀਟਮੈਂਟ ਮੁਫ਼ਤ ਮੁਹੱਈਆ ਕਰਵਾਏਗੀ: ਡਾ. ਬਲਬੀਰ ਸਿੰਘ
ਚੰਡੀਗੜ੍ਹ, 29 ਅਕਤੂਬਰ:
ਵਿਸ਼ਵ ਸਟ੍ਰੋਕ ਦਿਵਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪੰਜਾਬ ਸਰਕਾਰ, ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀ.ਐੱਮ.ਸੀ.) ਲੁਧਿਆਣਾ ਅਤੇ ਇੰਡੀਆ ਮੈਡਟ੍ਰੋਨਿਕ ਪ੍ਰਾਈਵੇਟ ਲਿਮਟਿਡ ਦਰਮਿਆਨ ਸਾਂਝੇਦਾਰੀ ਦਾ ਐਲਾਨ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਇਸ ਨਿਵੇਕਲੀ ਪਹਿਲਕਦਮੀ ਦਾ ਉਦੇਸ਼ ਜਨਤਕ-ਨਿੱਜੀ ਭਾਈਵਾਲੀ ਤਹਿਤ ਸਟ੍ਰੋਕ ਦੇ ਮਰੀਜ਼ਾਂ ਲਈ ਬਿਹਤਰੀਨ ਇਲਾਜ ਸੇਵਾਵਾਂ ਮੁਹੱਈਆ ਕਰਵਾ ਕੇ ਸੂਬੇ ਵਿੱਚ ਸਟ੍ਰੋਕ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣਾ ਹੈ।
ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਭਾਈਵਾਲੀ ਸੂਬੇ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਮਿਆਰੀ ਸਿਹਤ ਸੇਵਾਵਾਂ ਤੱਕ ਪੰਜਾਬ ਦੇ ਲੋਕਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਸੀਐਮਸੀ ਲੁਧਿਆਣਾ, ਅਤੇ ਮੈਡਟ੍ਰੋਨਿਕ ਦਰਮਿਆਨ ਇਹ ਸਾਂਝੇਦਾਰੀ ਹੈਲਥਕੇਅਰ ਇਨੋਵੇਸ਼ਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਕ੍ਰਿਟੀਕਲ ਕੇਅਰ ਤੱਕ ਬਿਹਤਰ ਪਹੁੰਚ ਨੂੰ ਯਕੀਨੀ ਬਣਾਉਣ ‘ਤੇ ਕੇਂਦਰਿਤ ਇਸ ਪਹਿਲਕਦਮੀ ਦਾ ਉਦੇਸ਼ ਸਟ੍ਰੋਕ ਨਾਲ ਸਬੰਧਤ ਮੌਤਾਂ ਅਤੇ ਅਪੰਗਤਾਵਾਂ ਦੇ ਮਾਮਲਿਆਂ ਨੂੰ ਘਟਾਉਂਦਿਆਂ ਦੇਸ਼ ਵਿੱਚ ਸਟ੍ਰੋਕ ਪ੍ਰਬੰਧਨ ਲਈ ਇੱਕ ਨਵਾਂ ਮਾਪਦੰਡ ਸਥਾਪਤ ਕਰਨਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਭਾਈਵਾਲੀ ਨੇ ਸਟ੍ਰੋਕ ਕੇਅਰ ਲਈ ਇੱਕ ਹੱਬ ਅਤੇ ਸਪੋਕ ਮਾਡਲ ਪੇਸ਼ ਕੀਤਾ ਹੈ, ਜਿਸਦਾ ਉਦੇਸ਼ ਫੌਰੀ ਢੰਗ ਅਤੇ ਆਪਸੀ ਤਾਲਮੇਲ ਨਾਲ ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਮਰੀਜ਼ਾਂ ਦੇ ਮਿਆਰੀ ਇਲਾਜ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਦੱਸਿਆ ਕਿ ਸੀ.ਐਮ.ਸੀ. ਲੁਧਿਆਣਾ ਇੱਕ ਪ੍ਰਮੁੱਖ ਮੈਡੀਕਲ ਸੰਸਥਾ ਅਤੇ ਵਿਸ਼ਵ ਸਟ੍ਰੋਕ ਆਰਗੇਨਾਈਜ਼ੇਸ਼ਨ ਅਤੇ ਐਨ.ਏ.ਬੀ.ਐਚ. ਦੁਆਰਾ ਪ੍ਰਮਾਣਿਤ ਭਾਰਤ ਦਾ ਪਹਿਲਾ ਐਡਵਾਂਸਡ ਸਟ੍ਰੋਕ ਸੈਂਟਰ ਹੈ, ਜੋ ਐਡਵਾਂਸਡ ਸਟ੍ਰੋਕ ਟ੍ਰੀਟਮੈਂਟ ਲਈ ਸਟ੍ਰੋਕ ਦੇ ਸੈਂਟਰਲ “ਹੱਬ” ਵਜੋਂ ਕੰਮ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਦਾ ਇੱਕ ਨੈਟਵਰਕ “ਸਪੋਕ” ਸੈਂਟਰਾਂ ਵਜੋਂ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਨੂੰ ਸਟ੍ਰੋਕ ਦੇ ਮਰੀਜ਼ਾਂ ਨੂੰ ਮਕੈਨੀਕਲ ਥ੍ਰੋਮਬੈਕਟੋਮੀ ਸਮੇਤ ਐਡਵਾਂਸਡ ਇਲਾਜ ਸੁਵਿਧਾਵਾਂ ਵਾਸਤੇ ਹੱਬ ਲਈ ਰੈਫਰ ਕਰਨ ਤੋਂ ਪਹਿਲਾਂ ਮਰੀਜ਼ਾਂ ਨੂੰ ਤੁਰੰਤ ਦੇਖਭਾਲ ਅਤੇ ਹੋਰ ਮੁੱਢਲੀਆਂ ਸੇਵਾਵਾਂ ਪ੍ਰਦਾਨ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ।
ਇਸ ਮੌਕੇ ਬੋਲਦਿਆਂ ਡਾ. ਬਲਬੀਰ ਸਿੰਘ ਨੇ ਸੂਬੇ ਵਿੱਚ ਸਟ੍ਰੋਕ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਟ੍ਰੋਕ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਅਤੇ ਸਾਨੂੰ ਇਸ ਨਾਲ ਨਜਿੱਠਣ ਲਈ ਇੱਕ ਨਵੀਨ ਪਹੁੰਚ ਅਪਣਾਉਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਭਾਈਵਾਲੀ ਸੂਬੇ ਵਿੱਚ ਸਟ੍ਰੋਕ ਕੇਅਰ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲਕਦਮੀ ਬਹੁਤ ਸਾਰੇ ਪਰਿਵਾਰਾਂ ਨੂੰ ਸਟ੍ਰੋਕ ਦੇ ਇਲਾਜ ‘ਤੇ ਆਉਣ ਵਾਲੇ ਖਰਚਿਆਂ ਤੋਂ ਰਾਹਤ ਦੇਵੇਗੀ ਕਿਉਂਕਿ ਇਸ ਪਹਿਲਕਦਮੀ ਤਹਿਤ ਸਟ੍ਰੋਕ ਦੇ ਮਰੀਜ਼ਾਂ ਨੂੰ ਲਗਭਗ 6 ਲੱਖ ਰੁਪਏ ਦਾ ਇਲਾਜ ਅਤੇ ਦੇਖਭਾਲ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ।
ਸੀ.ਐਮ.ਸੀ. ਲੁਧਿਆਣਾ ਦੇ ਨਿਊਰੋਲੋਜੀ ਦੇ ਪ੍ਰਿੰਸੀਪਲ ਤੇ ਪ੍ਰੋਫੈਸਰ ਅਤੇ ਵਿਸ਼ਵ ਸਟ੍ਰੋਕ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਡਾ. ਜੈਰਾਜ ਡੀ. ਪਾਂਡੀਅਨ ਨੇ ਦੱਸਿਆ ਕਿ ਡੀਏਡਬਲਿਊਐਨ (ਡਾਅਨ) ਅਤੇ ਡੀਈਐਫਯੂਐਸਈ (ਡੀਫਿਊਜ਼) -3 ਸਮੇਤ ਐਡਵਾਂਸਡ ਕਲੀਨਿਕਲ ਤਕਨੀਕਾਂ ਨੇ ਮਕੈਨੀਕਲ ਥ੍ਰੋਮਬੈਕਟੋਮੀ ਲਈ ਇਲਾਜ ਦੀ ਅਵਧੀ, ਇਸਕੈਮਿਕ ਸਟ੍ਰੋਕ ਦੇ ਲੱਛਣ ਦੀ ਸ਼ੁਰੂਆਤ ਤੋਂ ਅਗਲੇ 24 ਘੰਟਿਆਂ ਤੱਕ ਵਧਾ ਦਿੱਤੀ ਹੈ। ਡਾ. ਪਾਂਡੀਅਨ ਨੇ ਅੱਗੇ ਕਿਹਾ ਕਿ ਇਸ ਅਵਧੀ ਦੌਰਾਨ ਸਾਨੂੰ ਸਟ੍ਰੋਕ ਮਰੀਜ਼ਾਂ ਦਾ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਮਰੀਜ਼ਾਂ ਵਿੱਚ ਅਪੰਗਤਾਵਾਂ ਦੇ ਮਾਮਲਿਆਂ ਘਟਣ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਹੋਵੇਗਾ।
ਮੈਡਟ੍ਰੋਨਿਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਵਾਈਸ ਪ੍ਰੈਜ਼ੀਡੈਂਟ ਮਨਦੀਪ ਸਿੰਘ ਕੁਮਾਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਭਾਈਵਾਲੀ ਗੰਭੀਰ ਸਿਹਤ ਸੰਭਾਲ ਚੁਣੌਤੀਆਂ ਦੇ ਟਾਕਰੇ ਲਈ ਜਨਤਕ-ਨਿੱਜੀ ਭਾਈਵਾਲੀ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸੀਐਮਸੀ ਲੁਧਿਆਣਾ ਦੀ ਮੁਹਾਰਤ ਅਤੇ ਸਰਕਾਰ ਦੇ ਸਿਹਤ ਸੰਭਾਲ ਢਾਂਚੇ ਨਾਲ ਉੱਨਤ ਮੈਡੀਕਲ ਤਕਨਾਲੋਜੀ ਨੂੰ ਜੋੜ ਕੇ ਤਿਆਰ ਕੀਤਾ ਇਹ ਮਾਡਲ ਪੂਰੇ ਪੰਜਾਬ ਵਿੱਚ ਸਟ੍ਰੋਕ ਸਬੰਧੀ ਇਲਾਜ ਅਤੇ ਦੇਖਭਾਲ ਸੇਵਾਵਾਂ ਵਿੱਚ ਮਹੱਤਵਪੂਰਨ ਸੁਧਾਰ ਲਿਆਏਗਾ।
ਇਸ ਮੌਕੇ ਪ੍ਰਸ਼ਾਸਨਿਕ ਸਕੱਤਰ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਸੀਐਮਸੀ ਲੁਧਿਆਣਾ ਡਾ. ਵਿਲੀਅਮ ਭੱਟੀ ਅਤੇ ਡਾ. ਧੀਰਜ ਖੁਰਾਣਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।