June 14, 2021

ਪਾਰਟੀਆਂ ਆਗੂਆਂ ਖਿਲਾਫ ਵਿਜੀਲੈਂਸ ਜਾਂਚ ਕੋਰੀਆ ਅਫਵਾਹਾਂ ਸੁਨੀਲ ਜਾਖੜ, ਪ੍ਰਗਟ ਸਿੰਘ ਨੂੰ ਦੱਸਿਆ ਨੌਜਵਾਨਾਂ ਦਾ ਆਦਰਸ਼

ਪਾਰਟੀਆਂ ਆਗੂਆਂ ਖਿਲਾਫ ਵਿਜੀਲੈਂਸ ਜਾਂਚ ਕੋਰੀਆ ਅਫਵਾਹਾਂ ਸੁਨੀਲ ਜਾਖੜ, ਪ੍ਰਗਟ ਸਿੰਘ ਨੂੰ ਦੱਸਿਆ ਨੌਜਵਾਨਾਂ ਦਾ ਆਦਰਸ਼

ਪਾਰਟੀ ਦਾ ਏਂਜਡਾ ਲੋਕਾਂ ਨੂੰ ਕੋਵਿਡ ਤੋਂ ਬਚਾਉਣਾ ਅਤੇ ਬੇਅਦਬੀ ਦੇ ਗੁਨਹਾਗਾਰਾਂ ਨੂੰ ਸਜਾ ਦਿਵਾਉਣਾ
ਮੁੱਖ ਮੰਤਰੀ ਨੂੰ ਬੇਬੁਨਿਆਦ ਅਫਵਾਹਾਂ ਫੈਲਾਉਣ ਵਾਲਿਆਂ ਦੀ ਜਾਂਚ ਲਈ ਕਿਹਾ

ਚੰਡੀਗੜ, 17 ਮਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਪਾਰਟੀ ਦੇ ਆਗੂਆਂ ਖਿਲਾਫ ਵਿਜੀਲੈਂਸ ਜਾਂਚ ਦੀ ਗੱਲ ਕੋਰੀ ਅਫਵਾਹ ਹੈ ਅਤੇ ਜਮੀਨੀ ਪੱਧਰ ਤੇ ਇਸ ਵਿਚ ਕੋਈ ਸੱਚਾਈ ਨਹੀਂ ਹੈ। ਉਨਾਂ ਨੇ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਨੂੰ ਨੌਜਵਾਨਾਂ ਦਾ ਆਦਰਸ਼ ਦੱਸਦਿਆਂ ਕਿਹਾ ਕਿ ਪਾਰਟੀ ਉਨਾਂ ਦਾ ਪੂਰਾ ਸਨਮਾਨ ਕਰਦੀ ਹੈ। ਉਨਾਂ ਨੇ ਕਿਹਾ ਕਿ ਇਸ ਸਮੇਂ ਪਾਰਟੀ ਦਾ ਮੁੱਖ ਏਂਜਡਾ ਲੋਕਾਂ ਨੂੰ ਕੋਵਿਡ ਤੋਂ ਬਚਾਉਣਾ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾ ਦਿਵਾਉਣਾ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਬਦਲੇ ਦੀ ਰਾਜਨੀਤੀ ਨਹੀਂ ਕਰਦੀ ਹੈ। ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਅਸੂਲ ਰਿਹਾ ਹੈ ਕਿ ਇਹ ਸੰਵਿਧਾਨਕ ਅਦਾਰਿਆਂ ਦਾ ਆਪਣੇ ਨਿੱਜੀ ਹਿੱਤਾਂ ਲਈ ਇਸਤੇਮਾਲ ਨਹੀਂ ਕਰਦੀ ਹੈ ਅਤੇ ਆਪਣੇ ਵਿਧਾਇਕ ਖਿਲਾਫ ਅਜਿਹਾ ਕਰਨ ਦਾ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਹੈ। ਉਨਾਂ ਨੇ ਕਿਹਾ ਕਿ ਅਸਲ ਵਿਚ ਇੰਨਾਂ ਅਫਵਾਹਾਂ ਵਿਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਕੈਪਟਨ ਸੰਦੀਪ ਸੰਧੂ ਨੇ ਤਾਂ ਆਪ ਸਪੱਸ਼ਟ ਕਰ ਦਿੱਤਾ ਹੈ ਕਿ ਉਨਾਂ ਨੇ ਪ੍ਰਗਟ ਸਿੰਘ ਨੂੰ ਧਮਕੀ ਦੇਣ ਵਾਲਾ ਜਾਂ ਧਮਕੀ ਭਰਿਆ ਕੋਈ ਫੋਨ ਨਹੀਂ ਕੀਤਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਿਹੇ ਵਿਚ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਪਾਰਟੀ ਦੇ ਅਕਸ਼ ਨੂੰ ਢਾਹ ਲਗਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਦੀ ਜਾਂਚ ਹੋਵੇ। ਉਨਾਂ ਨੇ ਕਿਹਾ ਕਿ ਪਾਰਟੀ ਵਿਧਾਇਕ ਪ੍ਰਗਟ ਸਿੰਘ ਸੂਬੇ ਦੇ ਨੌਜਵਾਨਾਂ ਦੇ ਆਦਰਸ਼ ਹਨ ਅਤੇ ਉਨਾਂ ਦੀ ਇਮਾਨਦਾਰ ਛਵੀ ਤੇ ਕਿਸੇ ਨੂੰ ਸ਼ੱਕ ਨਹੀਂ ਹੈ ਅਤੇ ਪਾਰਟੀ ਆਪਣੇ ਸਾਰੇ ਵਿਧਾਇਕਾਂ ਦਾ ਪੂਰਾ ਸਤਿਕਾਰ ਕਰਦੀ ਹੈ।
ਜਾਖੜ ਨੇ ਕਿਹਾ ਕਿ ਪਾਰਟੀ ਇਸ ਸਮੇਂ ਕੋਵਿਡ ਸੰਕਟ ਵਿਚ ਆਪਣੇ ਲੋਕਾਂ ਨਾਲ ਖੜੀ ਹੈ ਅਤੇ ਸਰਕਾਰ ਨਾਲ ਮਿਲ ਕੇ ਲੋਕਾਂ ਦੀ ਮਦਦ ਕਰਨਾ ਅਤੇ ਬੇਅਦਵੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਜਾਂਚ ਪੂਰੀ ਕਰਵਾ ਕੇ ਦੋਸ਼ੀਆਂ ਨੂੰ ਕਾਨੂੰਨ ਦੇ ਸਿੰਕਜੇ ਵਿਚ ਲਿਆਉਣਾ ਹੀ ਪਾਰਟੀ ਦਾ ਉਦੇਸ਼ ਹੈ। ਉਨਾਂ ਨੇ ਕਿਹਾ ਕਿ ਇੰਨਾਂ ਦੋ ਮੁੱਦਿਆਂ ਤੋਂ ਭਟਕਾਉਣ ਲਈ ਹੀ ਇਸ ਤਰਾਂ ਦੀਆਂ ਅਫਵਾਹਾ ਫੈਲਾਈਆਂ ਜਾ  ਰਹੀਆਂ ਹਨ ਪਰ ਆਗੂਆਂ ਖਿਲਾਫ ਵਿਜੀਲੈਂਸ ਜਾਂਚ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਸਰਕਾਰ ਵੱਲੋਂ ਅਜਿਹਾ ਕੁਝ ਨਾ ਕੀਤਾ ਜਾ ਰਿਹਾ ਅਤੇ ਨਾ ਕੀਤਾ ਜਾਵੇਗਾ।