ਲਾਪਤਾ ਪਤਨੀ ਦੀ ਤਲਾਸ਼ ਵਿੱਚ ਪੁਲਿਸ ਅਤੇ ਰਸੂਖਦਾਰਾਂ ਵਲੋਂ ਸਤਾਏ ਪਤੀ ਨੇ ਕੀਤੀ ਖੁਦਕੁਸ਼ੀ : 9ਵੀਂ ਜਮਾਤ ਵਿੱਚ ਪੜਦੀ ਬੇਟੀ ਨੇ ਕਮਿਸ਼ਨ ਤੋਂ ਮੰਗਿਆ ਇਨਸਾਫ
ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਡੀਸੀ ਅਤੇ ਐਸਐਸਪੀ ਤੋਂ ਮੰਗਿਆ ਜਵਾਬ
ਚੰਡੀਗੜ, 10 ਅਗਸਤ ( )- ਲਾਪਤਾ ਪਤਨੀ ਦੀ ਤਲਾਸ਼ ਵਿੱਚ ਪੁਲਿਸ ਅਤੇ ਰਸੂਖਦਾਰਾਂ ਤੋਂ ਪ੍ਰਤਾੜਿਤ ਪਤੀ ਦੁਆਰਾ ਖੁਦਕੁਸ਼ੀ ਕਰਨ ਦੇ ਮਾਮਲੇ ਨੂੰ ਸਖਤੀ ਨਾਲ ਿਦਿਆਂ ਰਾਸ਼ਟਰੀ ਅਨੁਸੂਚੀਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਡੀਸੀ ਅਤੇ ਐਸਐਸਪੀ ਨੂੰ ਨੋਟਿਸ ਜਾਰੀ ਕਰ ਤੁਰੰਤ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ। 9ਵੀਂ ਜਮਾਤ ਵਿੱਚ ਪੜਦੀ ਮਿ੍ਰਤਕ ਦੀ ਪੁੱਤਰੀ ਮਹਿਕਪ੍ਰੀਤ ਕੌਰ ਨੇ ਕਮਿਸ਼ਨ ਨੂੰ ਆਪਣੇ ਪਿਤਾ ਦੇ ਸੁਸਾਇਡ ਨੋਟ ਦੇ ਨਾਲ ਲਿਖਤੀ ਸ਼ਿਕਾਇਤ ਭੇਜ ਕੇ ਇੰਸਾਫ ਦੀ ਮੰਗ ਕੀਤੀ ਹੈ।
ਕਮਿਸ਼ਨ ਨੂੰ ਪ੍ਰਾਪਤ ਸ਼ਿਕਾਇਤ ਦੇ ਅਨੁਸਾਰ ਮਿ੍ਰਤਕ ਜਗਮੀਤ ਸਿੰਘ ਨਿਵਾਸੀ ਪਿੰਡ ਚੱਕ ਤਾਮਕੋਟ ਜਿਲਾ ਸ਼੍ਰੀ ਮੁਕਤਸਰ ਸਾਹਿਬ ਨੇ ਆਪਣੀ ਪਤਨੀ ਦੀ ਗੁਮਸ਼ੁਦਾ ਦੀ ਸ਼ਿਕਾਇਤ ਲੱਖੋਵਾਲੀ ਥਾਣੇ ਅਤੇ ਪਿੰਡ ਦੇ ਸਰਪੰਚ ਨੂੰ ਦਿੱਤੀ ਸੀ ਅਤੇ ਦੱਸਿਆ ਸੀ ਕਿ ਉਸਦੀ ਪਤਨੀ ਦੇ ਗੁੰਮ ਹੋਣ ਦੇ ਪਿੱਛੇ ਪਿੰਡ ਦੇ ਹੀ ਕੁੱਝ ਰਸੂਖਦਾਰ ਵਿਅਕਤੀਆਂ ਜਿਨਾਂ ਵਿੱਚ ਖੁਸ਼ਬਾਗ ਸਿੰਘ ਉਰਫ ਭੋਲਾ ਧਨੋਆ ਪੁੱਤਰ ਅਰਜਨ ਸਿੰਘ, ਛਿੰਦਰਭਗਵਾਨ ਸਿੰਘ ਉਰਫ ਛਿੰਦਾ ਪੁੱਤਰ ਸੰਤੋਖ ਸਿੰਘ ਅਤੇ ਆਰਐਮਪੀ ਡਾਕਟਰ ਗੋਰਾ ਸਿੰਘ ਦੇ ਨਾਂ ਸ਼ਾਮਿਲ ਹਨ, ਦੀ ਸਾਜਿਸ਼ ਹੈ। ਸ਼ਿਕਾਇਤ ਵਿੱਚ ਮਹਕਪ੍ਰੀਤ ਕੌਰ ਨੇ ਇਲਜ਼ਾਮ ਲਗਾਇਆ ਹੈ ਕਿ ਥਾਣਾ ਪੁਲਿਸ ਮੁਲਾਜਮਾਂ ਦੁਆਰਾ ਰਸੂਖਦਾਰਾਂ ਦੀ ਸ਼ਹਿ ’ਤੇ ਉਸਦੇ ਪਿਤਾ ਨੂੰ ਇੰਨਾ ਪ੍ਰਤਾੜਿਤ ਅਤੇ ਮਾਨਸਿਕ ਤਾੜਨਾ ਕੀਤਾ ਕਿ ਉਹ ਆਪ ਲਿਖ ਕੇ ਦੇਵੇ ਕਿ ਉਸਦੀ ਪਤਨੀ ਆਪਣੀ ਮਰਜੀ ਨਾਲ ਭੱਜੀ ਹੈ। ਉਸ ਨੇ ਇਲਜ਼ਾਮ ਲਗਾਇਆ ਕਿ ਡੀਐਸਪੀ ਮਲੋਟ ਅਤੇ ਐਸਐਚਓ ਲੱਖੋਵਾਲੀ ਦੁਆਰਾ ਰਸੂਖਦਾਰਾਂ ਦੀ ਸ਼ਹਿ ’ਤੇ ਠੀਕ ਕਾੱਰਵਾਈ ਨਹੀਂ ਕਰਨ ਦੇ ਚਲਦੇ ਉਸਦੇ ਪਿਤਾ ਨੇ ਫਾਹਾ ਲਾਇਆ ਹੈ ਅਤੇ ਪਿਤਾ ਨੇ ਵੀ ਆਪਣੇ ਸੁਸਾਇਡ ਨੋਟ ਵਿੱਚ ਉਕਤ ਦੋਸ਼ੀਆਂ ਦਾ ਨਾਂ ਲਿਖਿਆ ਹੈ।
ਨੈਸ਼ਨਲ ਐਸਸੀ ਕਮਿਸ਼ਨ ਨੇ ਸ਼੍ਰੀ ਮੁਕਤਸਰ ਸਾਹਿਬ ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਲਿਖਿਆ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਆਉਣ ਵਾਲੇ 7 ਦਿਨਾਂ ਦੇ ਅੰਦਰ ਕਾੱਰਵਾਈ ਰਿਪੋਰਟ ਪੇਸ਼ ਕੀਤੀ ਜਾਵੇ। ਜੇਕਰ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਜਿਲਾ ਅਧਿਕਾਰੀਆਂ ਨੂੰ ਨਵੀਂ ਦਿੱਲੀ ਕਮਿਸ਼ਨ ਦੀ ਅਦਾਲਤ ਵਿੱਚ ਤਲਬ ਕੀਤਾ ਜਾਵੇਗਾ।