Punjab
ਪੰਜਾਬ ਪੁਲਿਸ ਨੇ ਬਟਾਲਾ ਦੇ ਪਿੰਡ ਵਿੱਚੋਂ 4 ਹੋਰ ਹੱਥ-ਗੋਲ਼ੇ ਅਤੇ ਹਥਿਆਰ ਕੀਤੇ ਬਰਾਮਦ
ਚੰਡੀਗੜ/ਅੰਮਿ੍ਰਤਸਰ, 17 ਅਗਸਤ:
ਦੋ ਅੱਤਵਾਦੀਆਂ ਦੀ ਗਿ੍ਰਫਤਾਰੀ ਤੋਂ ਦੋ ਦਿਨਾਂ ਬਾਅਦ ਪੰਜਾਬ ਪੁਲਿਸ ਵਲੋਂ ਮੰਗਲਵਾਰ ਨੂੰ ਜਿਲਾ ਬਟਾਲਾ ਦੇ ਪਿੰਡ ਸੁਚੇਤਗੜ ਨੇੜੇ ਧਾਰੀਵਾਲ-ਬਟਾਲਾ ਰੋਡ ‘ਤੇ ਲੁਕਾਏ ਹੋਏ 4 ਹੱਥ -ਗੋਲ਼ੇ(ਹੈਂਡ ਗ੍ਰਨੇਡ), ਹਥਿਆਰ ਅਤੇ ਗੋਲਾ-ਬਾਰੂਦ ਦੀ ਇੱਕ ਹੋਰ ਖੇਪ ਬਰਾਮਦ ਕੀਤੀ।
ਜ਼ਿਕਰਯੋਗ ਹੈ ਕਿ ਅੰਮਿ੍ਰਤਸਰ (ਦਿਹਾਤੀ) ਪੁਲਿਸ ਨੇ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਦੋ ਅੱਤਵਾਦੀਆਂ ਜਿਹਨਾਂ ਦੀ ਪਛਾਣ ਅੰਮਿ੍ਰਤਪਾਲ ਸਿੰਘ ਅਤੇ ਸੈਮੀ, ਦੋਵੇਂ ਵਾਸੀ ਅੰਮਿ੍ਰਤਸਰ, ਵਜੋਂ ਹੋਈ ਹੈ, ਕੋਲੋਂ ਦੋ ਹੈਂਡ-ਗ੍ਰਨੇਡ, ਇੱਕ ਪਿਸਤੌਲ (9 ਐਮ.ਐਮ.) ਸਮੇਤ ਜਿੰਦਾ ਕਾਰਤੂਸ ਤੇ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਕਥਿਤ ਤੌਰ ‘ਤੇ ਇਹ ਦੋਵੇਂ ਯੂਕੇ ਅਧਾਰਤ ਅੱਤਵਾਦੀ ਗਿਰੋਹ ਨਾਲ ਜੁੜੇ ਹੋਏ ਸਨ ਅਤੇ ਯੂ.ਕੇ ਦੇ ਅੱਤਵਾਦੀ ਗੁਰਪ੍ਰੀਤ ਸਿੰਘ ਖਾਲਸਾ ਉਰਫ ਗੁਰਪ੍ਰੀਤ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ।
ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਦੇ ਖੁਲਾਸਿਆਂ ਤੋਂ ਬਾਅਦ, ਐਸਐਸਪੀ ਅੰਮਿ੍ਰਤਸਰ (ਦਿਹਾਤੀ) ਗੁਲਨੀਤ ਸਿੰਘ ਨੇ ਐਸਐਚਓ ਘਰਿੰਡਾ ਦੀ ਅਗਵਾਈ ਵਿੱਚ ਪੁਲਿਸ ਟੀਮ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਸੁਚੇਤਗੜ ਵਿਖੇ ਤਲਾਸ਼ੀ ਲਈ ਭੇਜੀ।
ਉਨਾਂ ਦੱਸਿਆ ਕਿ ਪੁਲਿਸ ਟੀਮ ਨੇ ਮੌਕੇ ਤੋਂ ਚਾਰ ਹੋਰ ਹੈਂਡ ਗ੍ਰਨੇਡ ਸਮੇਤ ਤਿੰਨ ਪਿਸਤੌਲ (9 ਐਮਐਮ), ਛੇ ਮੈਗਜੀਨ ਅਤੇ 30 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਉਨਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਪਤਾ ਲਗਦਾ ਹੈ ਕਿ ਬਰਾਮਦ ਕੀਤੇ ਹਥਿਆਰ ਅਤੇ ਗੋਲਾ-ਬਾਰੂਦ ਦੀ ਵਰਤੋਂ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਕੀਤੀ ਜਾਣੀ ਸੀ।
ਡੀਜੀਪੀ ਨੇ ਕਿਹਾ ਕਿ ਇਸ ਕਾਰਵਾਈ ਤੋਂ ਬਾਅਦ ਪੁਲਿਸ ਨੇ ਐਫਆਈਆਰ ਵਿਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਧਾਰਾਵਾਂ 13, 16, 18, 20 ਵੀ ਸ਼ਾਮਲ ਕਰ ਲਈਆਂ ਗਈਆਂ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਰਮਜ ਐਕਟ ਦੀ ਧਾਰਾ 25/27 ਅਤੇ ਵਿਸਫੋਟਕ ਪਦਾਰਥ (ਸੋਧ) ਐਕਟ ਦੀ 3,4,5 ਤਹਿਤ ਐਫਆਈਆਰ ਨੰ. 187 ਮਿਤੀ 16.8.2021 ਨੂੰ ਥਾਣਾ ਘਰਿੰਡਾ, ਅੰਮਿ੍ਰਤਸਰ ਵਿਖੇ ਦਰਜ ਕੀਤੀ ਗਈ ਸੀ।
ਦੱਸਣਯੋਗ ਹੈ ਕਿ ਸੁਤੰਤਰਤਾ ਦਿਵਸ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਵਲੋਂ ਪਿੰਡ ਬੇੜੇਵਾਲ ਥਾਣਾ ਲੋਪੋਕੇ, ਅੰਮਿ੍ਰਤਸਰ ਤੋਂ ਡ੍ਰੋਨ ਰਾਹੀਂ ਸੁੱਟੇ ਗਏ ਟਿਫਿਨ ਬਾਕਸ ਵਿੱਚ ਫਿੱਟ ਕੀਤੇ ਇੱਕ ਇੰਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ (ਆਈਈਡੀ) ਜਾਂ ਟਿਫਨ ਬੰਬ ਤੋਂ ਇਲਾਵਾ ਪੰਜ ਹੈਂਡ ਗ੍ਰਨੇਡ ਅਤੇ 9 ਐਮ.ਐਮ ਪਿਸਤੌਲ ਦੇ 100 ਕਾਰਤੂਸ ਵੀ ਬਰਾਮਦ ਕੀਤੇ ਸਨ।
ਇਸ ਦੌਰਾਨ ਪਾਕਿਸਤਾਨੀ ਆਈਐਸਆਈ ਅਤੇ ਵਿਦੇਸ਼ਾਂ ਵਿੱਚ ਸਥਿਤ ਆਈਐਸਆਈ ਦੇ ਸਹਿਯੋਗ ਨਾਲ ਚਲਾਏ ਜਾਂਦੇ ਅੱਤਵਾਦੀ ਗਿਰੋਹਾਂ ਵਲੋਂ ਸੁਤੰਤਰਤਾ ਦਿਵਸ ਮੌਕੇ ਜਾਂ ਇਸਦੇ ਨੇੜੇ-ਤੇੜੇ ਭਾਰਤ ਵਿੱਚ ਹਮਲਾ ਕਰਨ ਸਬੰਧੀ ਯੋਜਨਾ ਨੂੰ ਦਰਸਾਉਂਦੀ ਖੁਫੀਆ ਜਾਣਕਾਰੀ ਦੇ ਮੱਦੇਨਜਰ, ਪੰਜਾਬ ਪੁਲਿਸ ਵਲੋਂ ਵਿਆਪਕ ਰੂਪ ਵਿੱਚ ਸਰਹੱਦਾਂ ‘ਤੇ ਸੁਰੱਖਿਆ ਪ੍ਰਬੰਧ ਵਿਸ਼ੇਸ਼ ਸੁਰੱਖਿਆ ਚੌਕੀਆਂ ਸਥਾਪਤ ਕੀਤੀਆਂ ਗਈਆਂ ਸਨ ਅਤੇ 24 ਘੰਟੇ ਗਸ਼ਤ ਤੇਜ਼ੀ ਲਿਆਂਦੀ ਗਈ ਸੀ।