ਮਗਨਰੇਗਾ ਤਹਿਤ ਹਜ਼ਾਰਾਂ ਪੌਦੇ ਲਗਾ ਕੇ ਰੋਪੜ ਬਾਈਪਾਸ ਨੂੰ ਦਿੱਤੀ ਜਾਵੇਗੀ ਨਵੀਂ ਦਿੱਖ
ਪੰਜਾਬ ਦੇ ਵਾਤਾਵਰਣ ਵਿੱਚ ਸ਼ੁੱਧਤਾ ਲਿਆਉਣ ਅਤੇ ਇਸ ਨੂੰ ਆਲਮੀ ਤਪਸ਼ ਦੇ ਪ੍ਰਕੋਪ ਤੋਂ ਬਚਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਆਪਣੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਲਗਾਤਾਰ ਯਤਨਸ਼ੀਲ ਹੈ । ਇਸ ਮੰਤਵ ਲਈ ਜਿਥੇ ਹਵਾ , ਪਾਣੀ ਅਤੇ ਜ਼ਮੀਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਸਦੇ ਨਾਲ ਹੀ ਪੇਂਡੂ ਕਾਮਿਆਂ ਨੂੰ ਮਨਰੇਗਾ ਤਹਿਤ ਰੋਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਕਰੋਨਾ ਕਾਲ ਦੇ ਚਲਦਿਆਂ ਆਰਥਿਕਤਾ ਤੇ ਪੈਣ ਵਾਲੇ ਮਾੜੇ ਪ੍ਰਭਾਵ ਤੋਂ ਵੀ ਮੁਕਤ ਕੀਤਾ ਜਾ ਰਿਹਾ ਹੈ ।
ਇਸੇ ਸਿਲਸਿਲੇ ‘ ਚ ਵਿਭਾਗ ਦੇ ਜੁਆਇੰਟ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵੱਲੋਂ ਰੂਪਨਗਰ ਦੇ ਬਾਈਪਾਸ ਉਪਰ ਸਜਾਵਟੀ ਬੂਟੇ ਲਗਾ ਕੇ ਇਸ ਦੀ ਦਿੱਖ ਨੂੰ ਸੁਧਾਰਨ , ਇਲਾਕੇ ਵਿਚ ਹਰਿਆਵਲ ਨੂੰ ਬੜ੍ਹਾਵਾ ਦੇਣ ਅਤੇ ਮਨਰੇਗਾ ਕਾਮਿਆਂ ਲਈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਨ ਲਈ , ਰੋਪੜ ਜ਼ਿਲੇ ਦਾ ਦੌਰਾ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਬਾਈਪਾਸ ਦੇ ਡਿਵਾਈਡਰ ਨੂੰ ਸਜਾਵਟੀ ਰੂਪ ਦੇਣ ਲਈ ਇਸ ਵਿਚ ਸਦਾ ਬਹਾਰ ਫੁੱਲਦਾਰ ਪੌਦੇ ਜਿਵੇਂ ਕਨੇਰ , ਟਕੋਮਾ ਅਤੇ ਬੋਗਨਵਿਲੀਆ ਦੀ ਪਲਾਂਟੇਸ਼ਨ ਕੀਤੀ ਜਾਵੇਗੀ । ਇਸ ਨਾਲ ਜਿਥੇ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ ਉਥੇ ਮਨਰੇਗਾ ਕਾਮਿਆਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਸਕੇਗਾ । ਇਸ ਸਮੇਂ ਸ੍ਰੀ ਭੁੱਲਰ ਨਾਲ ਵਧੀਕ ਡਿਪਟੀ ਕਮਿਸ਼ਨਰ ( ਵਿ ) ਦਿਨੇਸ਼ ਵਸ਼ਿਸਟ , ਡੀ. ਡੀ .ਪੀ. ਓ . ਬਰਜਿੰਦਰ ਸਿੰਘ , ਮਨਰੇਗਾ ਦੇ ਆਈ.ਟੀ . ਮੈਨੇਜਰ ਸ੍ਰੀ ਗਣੇਸ਼ ਕੁਮਾਰ , ਟੈਕਨੀਕਲ ਅਸਿਸਟੈਂਟ ਅਤੇ ਏ ਪੀ .ਓ.ਵੀ ਹਾਜ਼ਰ ਸਨ । ਏਡੀਸੀ ਵਿਕਾਸ ਸ੍ਰੀ ਵਸ਼ਿਸਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਈਪਾਸ ਦੀ ਕੁੱਲ ਲੰਬਾਈ ਉਪਰ ਤਕਰੀਬਨ 10,000 ਫੁੱਲਦਾਰ ਬੂਟੇ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਕਰੀਬ 50 ਵਣ ਮਿੱਤਰ ਲਗਾਤਾਰ ਮਨਰੇਗਾ ਸਕੀਮ ਚੋਂ ਰੋਜ਼ਗਾਰ ਪ੍ਰਾਪਤ ਕਰ ਸਕਣਗੇ ।