Punjab
ਸਰਕਾਰੀ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਿਤਾਬਾਂ ਪੜ੍ਹ ਕੇ ਮਨਾਇਆ ਵਿਸ਼ਵ ਕਿਤਾਬ ਦਿਵਸ
ਊਸਾਰੂ ਸਾਹਿਤ ਪੜ੍ਹਣ ਨਾਲ ਬੱਚਿਆਂ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ – ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਅਤੇ ਸੈਸਿ
ਸਰਕਾਰੀ ਸਕੂਲਾਂ ਦੀਆਂ ਲਾਈਬ੍ਰੇਰੀਆਂ ਅਤੇ ਰੀਡਿੰਗ ਕਾਰਨਰਾਂ ਵਿੱਚ ਸਾਹਿਤ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਜਾਰੀ ਕੀਤੀਆਂ ਗਈਆਂ
ਐੱਸ.ਏ.ਐੱਸ. ਨਗਰ 23 ਅਪ੍ਰੈਲ ( )
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਕਿਤਾਬ ਦਿਵਸ ਮਨਾਇਆ ਗਿਆ। ਵਿਸ਼ਵ ਕਿਤਾਬ ਦਿਵਸ ਮੌਕੇ ਸਕੂਲਾਂ ਦੇ ਮੁਖੀਆਂ, ਅਧਿਆਪਕਾਂ, ਲਾਇਬ੍ਰੇਰੀਅਨਾਂ ਅਤੇ ਰੀਡਿੰਗ ਕਾਰਨਰਾਂ ਦੇ ਇੰਚਾਰਜਾਂ ਵੱਲੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੂੰ ਲਾਇਬ੍ਰੇਰੀ/ਰੀਡਿੰਗ ਕਾਰਨਰਾਂ ਵਿੱਚੋਂ ਪੜ੍ਹਣ ਲਈ ਕਿਤਾਬਾਂ ਦਿੱਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੀ ਅਗਵਾਈ ਵਿੱਚ ਬੱਚਿਆਂ ਨੂੰ ਪਾਠ ਪੁਸਤਕਾਂ ਤੋਂ ਇਲਾਵਾ ਲਾਇਬ੍ਰੇਰੀ ਵਿੱਚ ਉਪਲਬਧ ਸਾਹਿਤ ਦੀਆਂ ਪੁਸਤਕਾਂ ਪੜ੍ਹਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 23 ਅਪ੍ਰੈਲ ਨੂੰ ਵਿਸ਼ਵ ਕਿਤਾਬ ਦਿਵਸ ਮਨਾਇਆ ਜਾਂਦਾ ਹੈ ਇਸ ਲਈ ਸਰਕਾਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਇਸ ਵਾਰ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪਸੰਦ ਦੀਆਂ ਕਿਤਾਬਾਂ ਪੜ੍ਹਣ ਲਈ ਦਿੱਤੀਆਂ। ਕਿਤਾਬਾਂ ਪੜ੍ਹਣ ਨਾਲ ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ। ਬੱਚਿਆਂ ਦੇ ਪੜ੍ਹਣ ਕੌਸ਼ਲ ਵਿੱਚ ਸੁਧਾਰ ਆਉਂਦਾ ਹੈ ਅਤੇ ਸਮਝ ਵਧਦੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਿਵੇਕਲੀ ਐਕਟੀਵਿਟੀ ਲਈ ਸਭਨਾਂ ਦਾ ਧੰਨਵਾਦ ਕਰਦੇ ਹਨ।
ਸਰਕਾਰੀ ਸਕੂਲਾਂ ਵਿੱਚ ਵਿਸ਼ਵ ਕਿਤਾਬ ਦਿਵਸ ਸਬੰਧੀ ਮਨਾਉਣ ਲਈ ਅਧਿਆਪਕਾਂ ਨੇ ਸਵੇਰੇ ਤੋਂ ਹੀ ਬੱਚਿਆਂ ਨੂੰ ਕਿਤਾਬਾਂ ਪੜ੍ਹਣ ਲਈ ਪ੍ਰੇਰਿਤ ਕੀਤਾ। ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਵੀ ਤਸਵੀਰਾਂ ਕਿਤਾਬਾਂ ਪੜ੍ਹਦੇ-ਦੇਖਦੇ ਹੋਏ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖੀਆਂ ਗਈਆਂ। ਬਹੁਤ ਸਾਰੇ ਸਕੂਲਾਂ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਸ਼ਵ ਕਿਤਾਬ ਦਿਵਸ ਮੌਕੇ ਕਿਤਾਬਾਂ ਪੜ੍ਹਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ। ਸਾਹਿਤ ਪੜ੍ਹਣ ਦੇ ਸ਼ੌਕੀਨ ਪਤਵੰਤੇ ਸੱਜਣਾਂ ਨੇ ਸਕੂਲਾਂ ਵਿੱਚ ਜਾ ਕੇ ਸਾਹਿਤ ਦੀਆਂ ਕਿਤਾਬਾਂ ਵੀ ਪੜ੍ਹੀਆਂ।