ਕਿਸਾਨ ਨੇਤਾ ਰਾਕੇਸ਼ ਟਿਕੈਤ ’ਤੇ ਹਮਲੇ ਦੀ ਉੱਚ–ਪੱਧਰੀ ਜਾਂਚ ਹੋਵੇ: ਰਾਜਿੰਦਰ ਸਿੰਘ ਬਡਹੇੜੀ
ਕਿਸਾਨ ਨੇਤਾ ਰਾਕੇਸ਼ ਟਿਕੈਤ ’ਤੇ ਹਮਲੇ ਦੀ ਉੱਚ–ਪੱਧਰੀ ਜਾਂਚ ਹੋਵੇ: ਰਾਜਿੰਦਰ ਸਿੰਘ ਬਡਹੇੜੀ
ਚੰਡੀਗੜ੍ਹ:
ਉੱਘੇ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਰਾਜਸਥਾਨ ’ਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ’ਤੇ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਅਲਵਰ ਲਾਗੇ ਤਤਾਰਪੁਰ ’ਚ ਕਿਸਾਨਾਂ ਤੇ ਆਮ ਜਨਤਾ ਦੇ ਹਰਮਨਪਿਆਰੇ ਆਗੂ ਰਾਕੇਸ਼ ਟਿਕੈਤ ਉੱਤੇ ਇੱਕ ਭੀੜ ਵੱਲੋਂ ਹਮਲਾ ਕੀਤਾ ਜਾਣਾ ਤੇ ਸਿਆਹੀ ਸੁੱਟਣਾ ਆਪਣੇ–ਆਪ ਵਿੱਚ ਬੇਹੱਦ ਸ਼ਰਮਨਾਕ ਘਟਨਾ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਓਨੀ ਘੱਟ ਹੈ।
ਕਿਸਾਨ ਨੇਤਾ ਸ. ਬਡਹੇੜੀ ਨੇ ਕਿਹਾ ਕਿ ਇਸ ਹਮਲੇ ਦੀ ਉੱਚ–ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਪਤਾ ਲਾਉਣ ਦੀ ਲੋੜ ਹੈ ਕਿ ਇਹ ਹਮਲਾ ਕਿਤੇ ਕੇਂਦਰ ਸਰਕਾਰ ਦੀ ਕਿਸੇ ਏਜੰਸੀ ਦੇ ਇਸ਼ਾਰੇ ’ਤੇ ਤਾਂ ਨਹੀਂ ਹੋਇਆ।
ਬਡਹੇੜੀ ਨੇ ਅੱਗੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਰਾਜਸਥਾਨ ’ਚ ਵੀ ਭਾਜਪਾ ਦਾ ਹਾਲ ਪੰਜਾਬ ਤੇ ਹਰਿਆਣਾ ਵਰਗਾ ਹੀ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਕਿਸਾਨਾਂ ਤੇ ਆਮ ਜਨਤਾ ’ਚ ਭਾਜਪਾ ਪ੍ਰਤੀ ਰੋਹ ਤੇ ਰੋਸ ਨਿੱਤ ਦਿਨ ਵਧਦਾ ਹੀ ਜਾ ਰਿਹਾ ਹੈ।
ਰਾਜਿੰਦਰ ਸਿੰਘ ਬਡਹੇੜੀ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਜਪਾ ਹੁਣ ਆਪਣੇ ਪੈਰਾਂ ’ਤੇ ਕੁਹਾੜੇ ਮਾਰ ਰਹੀ ਹੈ ਤੇ ਆਪਣੀਆਂ ਕੀਤੀ ਹਰੇਕ ਗ਼ਲਤ ਹਰਕਤ ਦੇ ਨਤੀਜੇ ਉਸ ਨੂੰ ਆਉਂਦੀਆਂ ਸਾਰੀਆਂ ਚੋਣਾਂ ’ਚ ਭੁਗਤਣੇ ਪੈਣਗੇ।