Punjab
ਜਨਰਲ ਵਰਗ ਦੀ ਇਸਤਰੀ ਵਿੰਗ ਨੇ ਸੰਭਾਲੀ ਕਮਾਨ ਲੜੀਵਾਰ ਭੁੱਖ ਹੜਤਾਲ 16ਵੇਂ ਦਿਨ ‘ਚ ਦਾਖਲ
ਚਮਕੌਰ ਸਾਹਿਬ- ਜਨਰਲ ਵਰਗ ਵਲ਼ੋਂ ਜਨਰਲ ਕੈਟਾਗਰੀਜ਼ ਕਮਿਸ਼ਨ ਅਤੇ ਭਲਾਈ ਵਿਭਾਗ ਬਣਾਉਣ ਦੀ ਮੰਗ ਨੂੰ ਲੈ ਕੇ ਜਾਰੀ ਭੁੱਖ ਹੜਤਾਲ 16ਵੇਂ ਦਿਨ ‘ਚ ਦਾਖਲ ਹੋ ਗਈ। ਅੱਜ ਇੱਥੇ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਝੰਡੇ ਹੇਠ ਚੱਲ ਰਹੀ ਭੁੱਖ ਹੜਤਾਲ ‘ਚ ਸ਼੍ਰੀਮਤੀ ਕੁਲਦੀਪ ਕੌਰ, ਸ਼੍ਰੀਮਤੀ ਸੀਮਾ ਦੇਵੀ, ਸ਼੍ਰੀਮਤੀ ਰਵਿੰਦਰ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ, ਮਨਵੀਰ ਕੌਰ ਤੇ ਅਮਨਦੀਪ ਕੌਰ ਸ਼ਾਮਿਲ ਹੋਏ। ਇਨ੍ਹਾਂ ਨੇ ਹਿਮਾਚਲ ਸਰਕਾਰ ਵਲ਼ੋਂ ਜਨਰਲ ਕੈਟਾਗਰੀ ਕਮਿਸ਼ਨ ਬਣਾਉਣ ਦਾ ਪੁਰਜ਼ੋਰ ਸਵਾਗਤ ਕੀਤਾ। ਇਨ੍ਹਾਂ ਦਾ ਕਹਿਣਾ ਹੈ ਕਿ ਚੰਨੀ ਸਰਕਾਰ ਜਾਣਬੁੱਝ ਕੇ ਜਨਰਲ ਕੈਟਾਗਰੀ ਕਮਿਸ਼ਨ ਪੰਜਾਬ ਦੀ ਸਥਾਪਨਾ ਨਹੀਂ ਕਰ ਰਹੀ। ਉਹ ਅਫ਼ਸਰਸ਼ਾਹੀ ਨਾਲ ਮਿਲ ਕੇ ਮਾਮਲੇ ਨੂੰ ਉਲਝਾ ਰਹੀ ਹੈ। ਫੈਡਰੇਸ਼ਨ ਦੇ ਪ੍ਰਧਾਨ ਸੁਖਬੀਰ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਦੀ ਹਰ ਸਾਜ਼ਿਸ਼ ਦਾ ਮੂੰਹ ਤੋੜ ਜਵਾਬ ਦੇਣਗੇ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਇਕੱਲੇ-ਇਕੱਲੇ ਘਰ ‘ਚ ਜਾ ਕੇ ਜਨਰਲ ਵਰਗ ਨਾਲ ਕੀਤੇ ਜਾ ਰਹੇ ਵਿਤਕਰੇ ਸਬੰਧੀ ਦੱਸਿਆ ਜਾਵੇਗਾ। ਫੈਡਰੇਸ਼ਨ ਨੇ ਕਿਹਾ ਕਿ ਚੰਨੀ ਸਰਕਾਰ ਲਾਰੇ ਲਾ ਕੇ ਟਾਈਮ ਲੰਘਾ ਰਹੀ ਹੈ। ਜਿਸ ਨੂੰ ਜਨਰਲ ਵਰਗ ਸਮਝ ਚੁੱਕਾ ਹੈ। ਫੈਡਰੇਸ਼ਨ ਦੇ ਕੱਲ੍ਹ ਬੇਰੁਜ਼ਗਾਰ ਈ ਟੀ ਟੀ ਟੈਟ ਪਾਸ ਅਧਿਆਪਕਾਂ ਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਫੈਡਰੇਸ਼ਨ ਮੰਗ ਕਰਦੀ ਹੈ ਕਿ ਦੋਸ਼ੀ ਅਫ਼ਸਰਾਂ ਨੂੰ ਤੁਰੰਤ ਸਜਾ ਦਿੱਤੀ ਜਾਵੇ। ਜਿਨ੍ਹਾਂ ਨੇ ਅੰਤਰਰਾਸ਼ਟਰੀ ਹਿਊਮਨ ਰਾਈਟਸ ਦਿਵਸ ਤੇ ਮਨੁੱਖਤਾ ਨੂੰ ਕਲੰਕਿਤ ਕੀਤਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਰਸ਼ਪਾਲ ਸਿੰਘ, ਗੁਰਜੀਤ ਸਿੰਘ ਤੇ ਸੰਤੋਖ ਸਿੰਘ ਸ਼ਾਮਿਲ ਹੋਏ।