Punjab
ਸਿਆਸਤ ਤੋਂ ਪ੍ਰੇਰਿਤ ਬੇਅਦਬੀ ’ਚ ਫਸਾਉਣ ਦਾ ਮਾਮਲਾ, ਬੇਅਦਬੀ ਕਰਨਾ ਤਾਂ ਦੂਰ ਸੋਚ ਤੱਕ ਨਹੀਂ ਸਕਦੈ : ਡੇਰਾ ਸੱਚਾ ਸੌਦਾ
— ਡੇਰਾ ਸੱਚਾ ਸੌਦਾ ਵਲੋਂ ਨਕਾਰੇ ਗਏ ਸਾਰੇ ਦੋਸ਼, ਕਾਂਗਰਸ ਸਰਕਾਰ ’ਤੇ ਝੂਠੇ ਮਾਮਲੇ ‘ਚ ਫਸਾਉਣ ਦੇ ਦੋਸ਼
— ਬੇਅਦਬੀ ਦੇ ਦੋਸ਼ੀਆਂ ਨੂੰ ਮਿਲੇ ਸਖ਼ਤ ਤੋਂ ਸਖ਼ਤ ਸਜਾ, ਅਸਲੀ ਦੋਸ਼ੀਆ ਤੱਕ ਪੁੱਜੇ ਆਪ ਸਰਕਾਰ : ਡੇਰਾ ਸੱਚਾ ਸੌਦਾ
— ਕਿਹਾ, ਬ੍ਰੈਨ ਮੈਪਿੰਗ ਅਤੇ ਲਾਈ ਡਿਡੇਕਟਰ ਟੈਸਟ ਹੋਣ ਦੇ ਬਾਵਜੂਦ ਫਸਾ ਰਹੀ ਐ ਪੁਲਿਸ ਝੂਠੇ ਮਾਮਲੇ ’ਚ
— ਜਾਂਚ ਅਧਿਕਾਰੀ ਰਣਬੀਰ ਖਟੜਾ ਦੀ ਹੋਵੇ ਬੈ੍ਰਨ ਮੈਪਿੰਗ ਅਤੇ ਲਾਈ ਡਿਡੇਕਟਰ ਟੈਸਟ ਤਾਂ ਸੱਚ ਆਏਗਾ ਬਾਹਰ
ਚੰਡੀਗੜ੍ਹ, 30 ਮਾਰਚ।
ਪੰਜਾਬ ‘ਚ 2015 ਦੌਰਾਨ ਹੋਈ ਬੇਅਦਬੀ ਦੇ ਮਾਮਲੇ ਵਿੱਚ ਪਿਛਲੀ ਕਾਂਗਰਸ ਸਰਕਾਰ ਵਲੋਂ ਸਿਆਸਤ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸਰਧਾਂਲੂਆਂ ਨੂੰ ਅਤੇ ਹੁਣ ਗੁਰੂ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਫਸਉਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ। ਡੇਰਾ ਸੱਚਾ ਸੌਦਾ ਦੇ ਗੁਰੂ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤਾਂ ਦੂਰ ਦੀ ਗੱਲ ਹੈ, ਇਸ ਤਰ੍ਹਾਂ ਦੇ ਘਿਣੌਣੇ ਕੰਮ ਕਰਨ ਕਰਨ ਲਈ ਡੇਰਾ ਸੱਚਾ ਸੌਦਾ ਦਾ ਕੋਈ ਸਰਧਾਂਲੂ ਵੀ ਸੋਚ ਨਹੀਂ ਸਕਦਾ ਹੈ। ਪਿਛਲੀ ਕਾਂਗਰਸ ਸਰਕਾਰ ਨੇ ਇਹੋ ਜਿਹੇ ਵੱਡੇ ਮਾਮਲੇ ਵਿੱਚ ਵੀ ਸਾਜਿਸ਼ ਦੇ ਤਹਿਤ ਰਾਜਨੀਤੀ ਕਰਦੇ ਹੋਏ ਅਸਲ ਦੋਸ਼ੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਸਗੋਂ ਡੇਰਾ ਸੱਚਾ ਸੌਦਾ ’ਤੇ ਝੂਠੇ ਦੋਸ਼ ਲਗਾ ਦਿੱਤੇ ਹਨ। ਇਨ੍ਹਾਂ ਦੋਸ਼ਾ ਨੂੰ ਡੇਰਾ ਸੱਚਾ ਸੌਦਾ ਸਿਰੇ ਤੋਂ ਨਕਾਰਦਾ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਕਰਦੇ ਹੋਏ ਅਸਲ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਦੇ ਹੋਏ ਸਖ਼ਤ ਤੋਂ ਸਖ਼ਤ ਸਜਾ ਦੇਵੇ।
ਇਹ ਪ੍ਰਗਟਾਵਾ ਡੇਰਾ ਸੱਚਾ ਸੌਦਾ ਦੇ ਬੁਲਾਰੇ ਅਤੇ ਵਕੀਲਾਂ ਦੀ ਟੀਮ ਵਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਖ਼ੁਰਾਣਾ, ਸੰਦੀਪ ਕੌਰ ਅਤੇ ਵਕੀਲ ਹਰੀਸ਼ ਛਾਬੜਾ ਤੇ ਕੇਵਲ ਬਰਾੜ ਵਲੋਂ ਮੀਡੀਆ ਨੂੰ ਸੰਬੋਧਨ ਕੀਤਾ ਗਿਆ।
ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਖ਼ੁਰਾਣਾ ਨੇ ਪ੍ਰੈਸ ਕਾਂਨਫਰੰਸ ਵਿੱਚ ਕਿਹਾ ਕਿ ਪੰਜਾਬ ਵਿੱਚ ਹੋਈ ਬੇਅਦਬੀ ਦੀ ਘਟਨਾਵਾ ਨਾਲ ਡੇਰਾ ਸੱਚਾ ਸੌਦਾ ਦਾ ਕੋਈ ਵੀ ਸਬੰਧ ਨਹੀਂ ਹੈ, ਸਗੋਂ ਇਨ੍ਹਾਂ ਮਾਮਲੇ ਦੀ ਜਾਂਚ ਕਰ ਰਹੇ ਸਾਬਕਾ ਡੀਆਈਜੀ ਰਣਬੀਰ ਖਟੜਾ ਖ਼ੁਦ ਇਸ ਮਾਮਲੇ ਵਿੱਚ ਕਹਿ ਚੁੱਕੇ ਹਨ ਕਿ ਮੁਆਫ਼ੀ ਨਾਮਾ ਕਬੂਲ ਹੋਣ ਦੀ ਖ਼ੁਸੀ ਮਨਾ ਰਿਹਾ ਡੇਰਾ ਸੱਚਾ ਸੌਦਾ ਕਦੇ ਵੀ ਇਸ ਤਰ੍ਹਾਂ ਦੀ ਘਿਣੌਣੀ ਘਟਨਾ ਨਹੀਂ ਕਰ ਸਕਦਾ ਹੈ ਪਰ ਬਾਅਦ ਵਿੱਚ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰਦੇ ਹੋਏ ਸਾਬਕਾ ਡੀਆਈਜੀ ਰਣਬੀਰ ਖਟੜਾ ਵਲੋਂ ਇਸ ਮਾਮਲੇ ਵਿੱਚ ਹੀ ਡੇਰਾ ਸੱਚਾ ਸੌਦਾ ਨੂੰ ਝੂਠੇ ਦੋਸ਼ ਲਗਾਉਂਦੇ ਹੋਏ ਫਸਾ ਦਿੱਤਾ।
ਜਤਿੰਦਰ ਖ਼ੁਰਾਣਾ ਨੇ ਦੱਸਿਆ ਕਿ ਜਦੋਂ ਮਹਿੰਦਪਾਲ ਬਿੱਟੂ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਸੀਬੀਆਈ ਇਨ੍ਹਾਂ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਪੁਲਿਸ ਵਲੋਂ ਸੀਬੀਆਈ ਦੇ ਹਵਾਲੇ ਮਹਿੰਦਰਪਾਲ ਬਿੱਟੂ ਅਤੇ ਹੋਰਣਾ ਨੂੰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸੀਬੀਆਈ ਵਲੋਂ ਆਪਣੀ ਜਾਂਚ ਦੌਰਾਨ ਹਰ ਪਹਿਲੂ ਦੇਖਣ ਤੋਂ ਬਾਅਦ ਮਹਿੰਦਰਪਾਲ ਬਿੱਟੂ ਦੇ ਹੀ ਕਹਿਣ ’ਤੇ ਵਿਸ਼ਵ ਦੇ ਸਭ ਤੋਂ ਵੱਡੇ ਟੈਸਟ ਲਾਈ ਡਿਡੇਕਟਰ ਅਤੇ ਬ੍ਰੈਨ ਮੈਪਿੰਗ ਵੀ ਕਰਵਾਈ। ਜਿਥੇ ਕਿ ਸੀਬੀਆਈ ਦੇ ਹੱਥ ਕੁਝ ਵੀ ਨਹੀਂ ਲੱਗਿਆ ਅਤੇ ਇਨ੍ਹਾਂ ਟੈਸਟ ਵਿੱਚ ਮਹਿੰਦਰਪਾਲ ਬਿੱਟੂ ਅਤੇ ਹੋਰ ਕਥਿਤ ਦੋਸ਼ੀ ਬੇਗੁਨਾਫ ਪਾਏ ਗਏ, ਜਿਸ ਤੋਂ ਬਾਅਦ ਸੀਬੀਆਈ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ।
ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਪੰਜਾਬ ਪੁਲਿਸ ਨੇ ਮਾੜੀ ਭਾਵਨਾ ਦੇ ਤਹਿਤ ਇਹ ਮਾਮਲਾ ਸੀਬੀਆਈ ਤੋਂ ਵਾਪਸ ਲਿਆ ਅਤੇ ਮੁੜ ਤੋਂ ਹੀ ਮਹਿੰਦਰਪਾਲ ਬਿੱਟੂ ਅਤੇ ਹੋਰਣਾ ਨੂੰ ਇਸ ਮਾਮਲੇ ਵਿੱਚ ਫਸਾਉਂਦੇ ਹੋਏ ਝੂਠੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਤਿੰਦਰ ਖ਼ੁਰਾਣਾ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਨੇ ਗਲਤ ਨਿਯਤ ਨਾਲ ਆਖਰੀਲੇ 3 ਮਹੀਨੇ ਦੌਰਾਨ ਡੇਰਾ ਸੱਚਾ ਸੌਦਾ ਦੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਾਅ ਇਨ੍ਹਾਂ ਮਾਮਲੇ ਵਿੱਚ ਪਾਉਂਦੇ ਹੋਏ ਜਾਂਚ ਤੱਕ ਕੀਤੀ ਪਰ ਕੁਝ ਵੀ ਹੱਥ ਨਹੀਂ ਲਗਣ ਦੇ ਚਲਦੇ ਕਲੀਨ ਚਿੱਟ ਦੇਣ ਦੀ ਥਾਂ ’ਤੇ ਚਲਾਨ ਪੇਸ਼ ਕਰਦੇ ਹੋਏ ਗੁਰੂ ਜੀ ਦੇ ਨਾਅ ਇਹ ਦੋਸ਼ ਮੜ੍ਹ ਦਿੱਤੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ ਸਰਕਾਰ ਦਾ ਜਾਣਾ ਤੈਅ ਸੀ ਪਰ ਕਾਂਗਰਸ ਦੇ ਇਸ਼ਾਰੇ ’ਤੇ ਵੋਟਾਂ ਪੈਣ ਤੋਂ ਇੱਕ ਹਫ਼ਤੇ ਬਾਅਦ ਇਹ ਚਲਾਨ ਜਾਨਬੂਝ ਕੇ ਪੇਸ਼ ਕੀਤਾ ਗਿਆ ਅਤੇ ਝੂਠੇ ਦੋਸ਼ ਡੇਰਾ ਸੱਚਾ ਸੌਦਾ ’ਤੇ ਲਗਾਏ ਗਏ।
ਡੱਬੀ-1
ਦੇਸ਼ ਦੀ ਕਿਸੇ ਵੀ ਵੱਡੀ ਏਜੰਸੀ ਤੋਂ ਜਾਂਚ ਕਰਵਾ ਸਕਦੀ ਐ ਆਪ ਸਰਕਾਰ
ਡੇਰਾ ਸੱਚਾ ਸੌਦਾ ਦੇ ਵਕੀਲ ਹਰੀਸ਼ ਛਾਬੜਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕਾਫ਼ੀ ਜਿਆਦਾ ਝੂਠ ਪਰੋਸ ਦਿੱਤਾ ਹੈ ਅਤੇ ਪੰਜਾਬ ਪੁਲਿਸ ਅਸਲ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ’ਤੇ ਡੇਰਾ ਸੱਚਾ ਸੌਦਾ ਨੂੰ ਫਸਾਉਣਾ ਚਾਹੁੰਦੀ ਹੈ, ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਪੀਲ ਹੈ ਕਿ ਉਹ ਇਸ ਮਾਮਲੇ ਵਿੱਚ ਦੇਸ਼ ਦੀ ਕਿਸੇ ਵੀ ਵੱਡੀ ਏਜੰਸੀ ਤੋਂ ਜਾਂਚ ਕਰਵਾਏ ਤਾਂ ਕਿ ਬੇਅਦਬੀ ਦੀ ਘਟਨਾ ਕਰਨ ਵਾਲੇ ਅਸਲੀ ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਵੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀ ਬਾਹਰ ਖੁਲ੍ਹੇਆਮ ਘੁੰਮ ਰਹੇ ਹਨ, ਜਦੋਂ ਕਿ ਨਿਰਦੋਸ਼ ਹੋਣ ਦੇ ਬਾਵਜੂਦ ਡੇਰਾ ਸੱਚਾ ਸੌਦਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਡੱਬੀ-2
ਰਣਬੀਰ ਖਟੜਾ ਦੀ ਹੋਵੇ ਬੈ੍ਰਨ ਮੈਪਿੰਗ ਅਤੇ ਲਾਈ ਡਿਡੇਕਟਰ ਟੈਸਟ
ਡੇਰਾ ਸੱਚਾ ਸੌਦਾ ਦੇ ਬੁਲਾਰੇ ਸਦੀਪ ਕੌਰ ਅਤੇ ਜਤਿੰਦਰ ਖ਼ੁਰਾਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਮੰਗ ਕੀਤੀ ਕਿ ਸਾਬਕਾ ਡੀਆਈਜੀ ਰਣਬੀਰ ਖਟੜਾ ਦੀ ਬੈ੍ਰਨ ਮੈਪਿੰਗ ਅਤੇ ਲਾਈ ਡਿਡੇਕਟਰ ਟੈਸਟ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਹ ਸੱਚ ਬਾਹਰ ਆ ਸਕੇ ਕਿ ਕਿਹੜੇ ਕਾਂਗਰਸੀ ਲੀਡਰਾਂ ਦੇ ਇਸ਼ਾਰੇ ’ਤੇ ਉਹ ਇਸ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਨੂੰ ਝੂਠਾ ਫਸਾਉਣ ਅਤੇ ਅਸਲੀ ਦੋਸ਼ੀਆ ਨੂੰ ਛੱਡਣਾ ਚਾਹੁੰਦੇ ਸਨ। ਇਨ੍ਹਾਂ ਨੇ ਮੰਗ ਕੀਤੀ ਕਿ ਜੇਕਰ ਰਣਬੀਰ ਖਟੜਾ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ ਤਾਂ ਉਹ ਖ਼ੁਦ ਅੱਗੇ ਆ ਕੇ ਆਪਣੇ ਇਹ ਟੈਸਟ ਕਰਵਾਉਣ ਤਾਂਕਿ ਪੰਜਾਬ ਸਣੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਇਸ ਮਾਮਲੇ ਦੀ ਅਸਲ ਸਚਾਈ ਪੱਤਾ ਚਲ ਸਕੇ।
ਡੱਬੀ-3
ਮਹਿੰਦਰਪਾਲ ਬਿੱਟੂ ਨੇ ਰਣਬੀਰ ਖਟੜਾ ’ਤੇ ਲਾਏ ਦੋਸ਼ ਤਾਂ ਜਾਂਚ ਅਧਿਕਾਰੀ ਵੀ ਖਟੜਾ ਹੀ
ਡੇਰਾ ਸੱਚਾ ਸੌਦਾ ਦੇ ਵਕੀਲ ਕੇਵਲ ਬਰਾੜ ਨੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਮਹਿੰਦਰਪਾਲ ਬਿੱਟੂ ਦਾ ਕਤਲ ਨਾਭਾ ਜੇਲ੍ਹ ਵਿੱਚ ਹੋਇਆ ਸੀ ਤਾਂ ਕਤਲ ਤੋਂ ਪਹਿਲਾਂ ਮਹਿੰਦਰਪਾਲ ਬਿੱਟੂ ਵਲੋਂ ਲਿੱਖੀ ਗਈ ਡਾਇਰੀ ਵਿੱਚ ਰਣਬੀਰ ਖਟੜਾ ’ਤੇ ਕਾਫ਼ੀ ਜਿਆਦਾ ਗੰਭੀਰ ਦੋਸ਼ ਲਗਾਏ ਗਏ ਸਨ। ਮਹਿੰਦਰਪਾਲ ਬਿੱਟੂ ਵਲੋਂ ਖ਼ੁਦ ਦਾ ਕਤਲ ਵੀ ਕਰਵਾਉਣ ਦੀ ਸਾਜ਼ਿਸ ਦਾ ਜਿਕਰ ਕੀਤਾ ਗਿਆ ਸੀ। ਮਹਿੰਦਰਪਾਲ ਬਿੱਟੂ ਦਾ ਕਤਲ ਹੋਣ ਤੋਂ ਬਾਅਦ ਜਿਹੜੇ ਅਧਿਕਾਰੀ ਰਣਬੀਰ ਖਟੜਾ ’ਤੇ ਦੋਸ਼ ਸਨ ਤਾਂ ਉਸੇ ਰਣਬੀਰ ਖਟੜਾ ਨੂੰ ਕਤਲ ਦਾ ਜਾਂਚ ਅਧਿਕਾਰੀ ਪੰਜਾਬ ਸਰਕਾਰ ਵਲੋਂ ਲਗਾ ਦਿੱਤਾ ਗਿਆ। ਇਸ ਤੋਂ ਸਾਫ਼ ਹੁੰਦਾ ਹੈ ਕਿ ਮਹਿੰਦਪਾਲ ਬਿੱਟੂ ਦੇ ਕਤਲ ਦੀ ਸਾਜਿਸ ਨੂੰ ਵੀ ਪੰਜਾਬ ਸਰਕਾਰ ਬਾਹਰ ਨਹੀਂ ਆਉਣ ਦੇਣਾ ਚਾਹੁੰਦੀ ਸੀ, ਜਿਸ ਕਾਰਨ ਇੱਕ ਵਾਰ ਫਿਰ ਤੋਂ ਰਣਬੀਰ ਖਟੜਾ ਦੀ ਹੀ ਜਾਂਚ ’ਤੇ ਡਿਊਟੀ ਲਗਾਈ ਗਈ ਸੀ।