Punjab

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ

ਚੋਣ ਕਮਿਸ਼ਨ ਵਲੋਂ ਪੰਜਾਬ ਚ 4 ਸੀਟਾਂ ਤੇ ਉਪ ਚੋਣ ਦਾ ਐਲਾਨ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ

13 ਨਵੰਬਰ ਨੂੰ ਪੈਣਗੀਆਂ ਵੋਟਾਂ, 23 ਨਵੰਬਰ ਨੂੰ ਆਉਣਗੇ ਨਤੀਜੇ : ਸਿਬਿਨ ਸੀ

ਚਾਰੋਂ ਵਿਧਾਨ ਸਭਾ ਹਲਕਿਆਂ ‘ਚ ਕੁੱਲ ਵੋਟਰਾਂ ਦੀ ਗਿਣਤੀ 6 ਲੱਖ 96 ਹਜ਼ਾਰ 316 ਅਤੇ ਕੁੱਲ ਪੋਲਿੰਗ ਸਟੇਸ਼ਨ 831 : ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ, 15 ਅਕਤੂਬਰ :

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 10-ਡੇਰਾ ਬਾਬਾ ਨਾਨਕ, 44-ਚੱਬੇਵਾਲ (ਐਸ.ਸੀ), 84- ਗਿੱਦੜਬਾਹਾ ਅਤੇ 103 ਬਰਨਾਲਾ ਲਈ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ 18 ਅਕਤੂਬਰ (ਸ਼ੁੱਕਰਵਾਰ) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 25 ਅਕਤੂਬਰ (ਸ਼ੁੱਕਰਵਾਰ) ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ (ਸੋਮਵਾਰ) ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਮਿਤੀ 30 ਅਕਤੂਬਰ (ਬੁੱਧਵਾਰ) ਹੈ।

ਸਿਬਿਨ ਸੀ ਨੇ ਦੱਸਿਆ ਕਿ ਚਾਰੋਂ ਸੀਟਾਂ ਉੱਤੇ 13 ਨਵੰਬਰ (ਬੁੱਧਵਾਰ) ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ (ਸ਼ਨਿਚਰਵਾਰ) ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਮਨੀ ਚੋਣ ਦੇ ਐਲਾਨ ਨਾਲ ਹੀ ਅੱਜ ਤੋਂ ਯਾਨੀ ਕਿ ਮੰਗਲਵਾਰ ਤੋਂ ਉਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇਹ ਵਿਧਾਨ ਸਭਾ ਹਲਕੇ ਮੌਜੂਦ ਹਨ। ਇਹ ਚਾਰ ਜ਼ਿਲ੍ਹੇ ਹਨ- ਗੁਰਦਾਸਪੁਰ, ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ।  ਚੋਣ ਜ਼ਾਬਤਾ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ 25 ਨਵੰਬਰ, 2024 (ਸੋਮਵਾਰ) ਤੱਕ ਲਾਗੂ ਰਹੇਗਾ।

ਚਾਰ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ ਵੋਟਰਾਂ ਅਤੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਜ਼ਿਮਨੀ ਚੋਣ ਵਾਲੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 10 ਅਕਤੂਬਰ, 2024 ਤੱਕ ਕੁੱਲ ਵੋਟਰਾਂ ਦੀ ਗਿਣਤੀ 6 ਲੱਖ 96 ਹਜ਼ਾਰ 316 ਹੈ ਅਤੇ ਕੁੱਲ 831 ਪੋਲਿੰਗ ਸਟੇਸ਼ਨ ਹਨ।

ਉਨ੍ਹਾਂ ਦੱਸਿਆ ਕਿ 10-ਡੇਰਾ ਬਾਬਾ ਨਾਨਕ ਵਿੱਚ ਕੁੱਲ ਵੋਟਰ 1 ਲੱਖ 93 ਹਜ਼ਾਰ 268 ਹਨ। ਇੱਥੇ 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸੇ ਤਰ੍ਹਾਂ 44-ਚੱਬੇਵਾਲ (ਐਸ ਸੀ) ਵਿਧਾਨ ਸਭਾ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 59 ਹਜ਼ਾਰ 254 ਹੈ ਅਤੇ ਇੱਥੇ ਕੁੱਲ 205 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਸਿਬਿਨ ਸੀ ਨੇ ਅੱਗੇ ਦੱਸਿਆ ਕਿ 84-ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਕੁੱਲ ਵੋਟਰ 1 ਲੱਖ 66 ਹਜ਼ਾਰ 489 ਹਨ। ਇੱਥੇ ਕੁੱਲ 173 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉੱਧਰ 103-ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਕੁੱਲ ਸੰਖਿਆ 1 ਲੱਖ 77 ਹਜ਼ਾਰ 305 ਹੈ ਅਤੇ 212 ਪੋਲਿੰਗ ਸਟੇਸ਼ਨ ਹਨ।

ਸਿਬਿਨ ਸੀ ਨੇ ਜਾਣਕਾਰੀ ਦਿੱਤੀ ਕਿ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਹਨ, ਜਦਕਿ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਿਧਾਨ ਸਭਾ ਹਲਕਾ ਚੱਬੇਵਾਲ (ਐੱਸ ਸੀ) ਦੀ ਜ਼ਿਲ੍ਹਾ ਚੋਣ ਅਧਿਕਾਰੀ ਹੈ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਹਨ।  ਬਰਨਾਲਾ ਦੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਬਰਨਾਲਾ ਵਿਧਾਨ ਸਭਾ ਹਲਕਾ ਦੀ ਜ਼ਿਮਨੀ ਚੋਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਨਿਯੁਕਤ ਕੀਤੀ ਗਈ ਹੈ।

ਸਿਬਿਨ ਸੀ ਨੇ ਅੱਗੇ ਦੱਸਿਆ ਕਿ ਐੱਸਡੀਐੱਮ ਡੇਰਾ ਬਾਬਾ ਨਾਨਕ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦਾ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ,  ਜਦਕਿ ਹੁਸ਼ਿਆਰਪੁਰ ਦੇ ਏਡੀਸੀ (ਜੀ) ਵਿਧਾਨ ਸਭਾ ਹਲਕਾ ਚੱਬੇਵਾਲ (ਐਸ ਸੀ) ਦੇ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਉੱਥੇ ਹੀ ਐੱਸਡੀਐੱਮ ਗਿੱਦੜਬਾਹਾ ਨੂੰ ਵਿਧਾਨ ਸਭਾ ਹਲਕਾ ਗਿੱਦੜਬਾਹਾ ਦਾ ਰਿਟਰਨਿੰਗ ਅਧਿਕਾਰੀ ਅਤੇ ਐੱਸਡੀਐਮ ਬਰਨਾਲਾ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਦਾ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ।

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਚਾਰੋਂ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਅਮਨ ਅਮਾਨ, ਨਿਰਪੱਖਤਾ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Related Articles

Back to top button
error: Sorry Content is protected !!