Punjab

ਮੁੱਖ ਮੰਤਰੀ ਨੇ ਖਰੜ ਵਿਖੇ 127 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ 

 

ਮੁੱਖ ਮੰਤਰੀ ਨੇ ਖਰੜ ਵਿਖੇ 127 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

ਪਿੰਡ ਘੜੂੰਆਂ ਨੂੰ ਨਗਰ ਪੰਚਾਇਤ ਦਾ ਦਰਜਾ ਦੇਣ ਦਾ ਐਲਾਨ

ਖਾਲਸਾ ਸਕੂਲ ਨੂੰ ਐਸਟ੍ਰੋਟਰਫ ਵਿਛਾਉਣ ਲਈ ਜਾਰੀ ਕੀਤੇ ਜਾਣਗੇ 10 ਕਰੋੜ ਰੁਪਏ

ਖਰੜ (ਐਸ.ਏ.ਐਸ. ਨਗਰ), 26 ਨਵੰਬਰ:

ਖਰੜ ਇਲਾਕੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਖਰੜ ਵਿਖੇ 127.54 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇੱਕ ਇਤਿਹਾਸਕ ਪਹਿਲਕਦਮੀ ਨਾਲ ਉਨ੍ਹਾਂ ਨੇ ਘੜੂੰਆਂ ਨੂੰ ਪੰਚਾਇਤ ਤੋਂ ਨਗਰ ਪੰਚਾਇਤ ਦਾ ਦਰਜਾ ਦੇਣ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਇੱਥੇ ਇੱਕ ਸਬ ਤਹਿਸੀਲ ਵੀ ਬਣਾਈ ਜਾਵੇਗੀ।

ਮੁੱਖ ਮੰਤਰੀ ਵੱਲੋਂ ਜਿਨ੍ਹਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਹਨ ਉਨ੍ਹਾਂ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ (59.06 ਕਰੋੜ ਰੁਪਏ), ਕਜੌਲੀ ਵਿਖੇ ਵਾਟਰ ਟਰੀਟਮੈਂਟ ਪਲਾਂਟ (47.06 ਕਰੋੜ ਰੁਪਏ), ਅਜ ਸਰੋਵਰ ਦਾ ਸੁੰਦਰੀਕਰਨ (4.83 ਕਰੋੜ ਰੁਪਏ), ਪਿੰਡ ਬਡਾਲੀ ਵਿਖੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (13.47 ਕਰੋੜ ਰੁਪਏ) ਅਤੇ ਪਾਂਡੂਸਰ ਸਰੋਵਰ (3.14 ਕਰੋੜ ਰੁਪਏ) ਸ਼ਾਮਲ ਹਨ।

ਇਸ ਤੋਂ ਪਹਿਲਾਂ ਨਗਰ ਕੌਂਸਲ ਖਰੜ ਦੇ ਦਫ਼ਤਰ ਵਿਖੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਆਪਣੇ ਇਸ ਦੌਰੇ ਨੂੰ ਆਪਣੀ ਘਰ ਵਾਪਸੀ ਦੱਸਦਿਆਂ ਕਿਹਾ ਕਿ ਖਰੜ ਨੇ ਉਨ੍ਹਾਂ ਨੂੰ ਸਭ ਕੁਝ ਦਿੱਤਾ ਹੈ ਅਤੇ ਜੋ ਉਹ ਅੱਜ ਹਨ, ਇਹ ਸਭ ਖਰੜ ਦੀ ਦੇਣ ਹੈ। ਉਹਨਾਂ ਅੱਗੇ ਕਿਹਾ ਕਿ ਮੈਂ ਆਪਣਾ ਸਿਆਸੀ ਸਫ਼ਰ ਇੱਥੋਂ ਹੀ ਸ਼ੁਰੂ ਕੀਤਾ ਸੀ। ਮੈਂ ਸ਼ਹਿਰ ਦੇ ਕੋਨੇ-ਕੋਨੇ ਤੋਂ ਵਾਕਫ਼ ਹਾਂ। ਉਹਨਾਂ ਕਿਹਾ ਕਿ ਖਰੜ ਦੇ ਲੋਕਾਂ ਨੇ ਮੇਰੇ ਪ੍ਰਤੀ ਅਥਾਹ ਪਿਆਰ ਦਾ ਪ੍ਰਗਟਾਵਾ ਕੀਤਾ ਹੈ ਕਿਉਂਕਿ ਤਿੰਨ ਵਾਰ ਜਦੋਂ ਮੈਂ ਇੱਥੋਂ ਮਿਉਂਸਪਲ ਕੌਂਸਲਰ ਚੁਣਿਆ ਗਿਆ ਅਤੇ ਇਸ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਤਾਂ ਹਰ ਵਾਰ ਮੇਰੀ ਵੋਟ ਪ੍ਰਤੀਸ਼ਤਤਾ ਵਧਦੀ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਉਹ ਹਮੇਸ਼ਾ ਇੱਥੋਂ ਦੇ ਲੋਕਾਂ ਦੇ ਰਿਣੀ ਰਹਿਣਗੇ। ਉਨ੍ਹਾਂ ਕੌਂਸਲਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਅਤੇ ਖ਼ਾਸ ਕਰਕੇ ਨਾਜਾਇਜ਼ ਕਬਜ਼ਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਵੀ ਕਿਹਾ।

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਵਿਕਾਸਮੁਖੀ ਪ੍ਰੋਜੈਕਟ ਇਸ ਖੇਤਰ ਦੀ ਨੁਹਾਰ ਬਦਲ ਦੇਣਗੇ ਅਤੇ ਇਸ ਨੂੰ ਉੱਚ ਵਿਕਾਸ ਦੀ ਲੀਹ ‘ਤੇ ਲਿਆਉਣਗੇ। ਕਜੌਲੀ ਵਿਖੇ ਵਾਟਰ ਟਰੀਟਮੈਂਟ ਪਲਾਂਟ ਦੀ ਮਹੱਤਤਾ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਮੋਰਿੰਡਾ ਅਤੇ ਖਰੜ ਨੂੰ ਪੀਣ ਵਾਲਾ ਸਾਫ਼ ਪਾਣੀ ਯਕੀਨੀ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਜ ਸਰੋਵਰ ਦਾ ਸੁੰਦਰੀਕਰਨ ਕਰਨਾ ਉਨ੍ਹਾਂ ਦਾ ਸੁਪਨਾ ਸੀ ਜਦੋਂ ਉਹ ਸ਼ਹਿਰ ਦੇ ਐਮਸੀ ਸਨ ਅਤੇ ਹੁਣ ਇਹ ਸੁਪਨਾ ਸਾਕਾਰ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪਵਿੱਤਰ ਸਥਾਨ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 10 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਜਾਵੇਗੀ। ਇਸ ਸਬੰਧੀ ਵਿਕਾਸ ਬੋਰਡ ਦਾ ਗਠਨ ਕੀਤਾ ਗਿਆ ਹੈ ਅਤੇ ਸੈਰ ਸਪਾਟਾ ਵਿਭਾਗ ਇਸ ਪ੍ਰਾਜੈਕਟ ਦੀ ਨਿਗਰਾਨੀ ਕਰੇਗਾ।

ਪਿੰਡ ਬਡਾਲੀ ਵਿਖੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਜੇਕਰ ਪਿੰਡ ਦੀ ਪੰਚਾਇਤ ਸਕੂਲ ਦੀ ਉਸਾਰੀ ਲਈ ਪਹਿਲਾਂ ਦਿੱਤੀ ਗਈ 5 ਏਕੜ ਜ਼ਮੀਨ ਤੋਂ ਇਲਾਵਾ ਸਟੇਡੀਅਮ ਦੀ ਉਸਾਰੀ ਲਈ ਹੋਰ 3 ਏਕੜ ਜ਼ਮੀਨ ਦਿੰਦੀ ਹੈ ਤਾਂ ਉਹ ਸਕੂਲ ਦੇ ਬੁਨਿਆਦੀ ਢਾਂਚੇ ਲਈ 5 ਕਰੋੜ ਰੁਪਏ ਹੋਰ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਕੂਲ ਨਾਲ ਆਸ-ਪਾਸ ਦੇ 37 ਪਿੰਡਾਂ ਦੇ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਪਿੰਡ ਲਈ ਕਮਿਊਨਿਟੀ ਸੈਂਟਰ ਬਣਾਉਣ ਦਾ ਵੀ ਐਲਾਨ ਕੀਤਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਖਾਲਸਾ ਸਕੂਲ ਵਿਖੇ ਐਸਟ੍ਰੋਟਰਫ ਵਿਛਾਉਣ ਲਈ 10 ਕਰੋੜ ਰੁਪਏ, ਸਨੀ ਐਨਕਲੇਵ ਵਿਖੇ ਸਪੋਰਟਸ ਕੰਪਲੈਕਸ ਨੂੰ ਮਨਜ਼ੂਰੀ, ਪਿੰਡ ਘੜੂੰਆਂ ਵਿਖੇ ਪਾਣੀ ਦੀ ਸਪਲਾਈ ਲਈ 2.50 ਕਰੋੜ ਰੁਪਏ ਅਤੇ ਬੱਸ ਸਟੈਂਡ ਸਬੰਧੀ ਐਲਾਨ ਕੀਤਾ ਜਿਸ ਲਈ ਟੈਂਡਰ ਅਲਾਟ ਕੀਤਾ ਗਿਆ ਹੈ ਜੋ ਇਸ ਸਾਲ 16 ਦਸੰਬਰ ਨੂੰ ਖੋਲ੍ਹਿਆ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਬੱਸ ਸਟੈਂਡ ਦੇ ਨੇੜੇ ਇੱਕ ਪਾਰਕ ਬਣਾਇਆ ਜਾਵੇਗਾ ਜਿੱਥੇ ਫੌਜ ਦੀ ਯਾਦਗਾਰ ਉਸਾਰੀ ਜਾਵੇਗੀ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਹਲਕਾ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਲੋਕਾਂ ਦਾ ਨੁਮਾਇੰਦਾ ਸੂਬੇ ਦਾ ਮੁੱਖ ਮੰਤਰੀ ਬਣ ਕੇ ਉੱਭਰਿਆ ਹੈ। ਮੁੱਖ ਮੰਤਰੀ ਦੀ ਲੋਕ ਪੱਖੀ ਅਤੇ ਵਿਕਾਸ ਪੱਖੀ ਪਹੁੰਚ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਸ ਪ੍ਰਗਟਾਈ ਕਿ ਚੰਨੀ ਦੀ ਅਗਵਾਈ ਹੇਠ ਖੇਤਰ ਦਾ ਹੋਰ ਵਿਕਾਸ ਹੋਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਖਰੜ ਤੋਂ ਸਾਬਕਾ ਵਿਧਾਇਕ ਬੀਰ ਦਵਿੰਦਰ ਸਿੰਘ, ਏਸੀਐਸ ਸੈਰ ਸਪਾਟਾ ਸੰਜੈ ਕੁਮਾਰ, ਡਾਇਰੈਕਟਰ ਟੂਰਿਜ਼ਮ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਐਸਐਸਪੀ ਨਵਜੋਤ ਸਿੰਘ ਮਾਹਲ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!