Punjab

ਆਤਮ ਪਰਗਾਸ ਸੰਸਥਾ ਨੇ ਘੜੈਲੀ ਪਿੰਡ ਦੇ ਸ਼ਹੀਦ ਕਿਸਾਨ ਸ. ਲੀਲਾ ਸਿੰਘ ਦੇ ਘਰ ਦੇ ਨਿਰਮਾਣ ਅਤੇ ਪਰਿਵਾਰ ਦੀ ਪਰਵਰਿਸ਼ ਲਈ ਚੁੱਕੀ ਜ਼ੁੰਮੇਵਾਰੀ

*ਆਤਮ ਪਰਗਾਸ ਸੰਸਥਾ ਨੇ ਘੜੈਲੀ ਪਿੰਡ ਦੇ ਸ਼ਹੀਦ ਕਿਸਾਨ ਸ. ਲੀਲਾ ਸਿੰਘ ਦੇ ਘਰ ਦੇ ਨਿਰਮਾਣ ਅਤੇ ਪਰਿਵਾਰ ਦੀ ਪਰਵਰਿਸ਼ ਲਈ ਚੁੱਕੀ ਜ਼ੁੰਮੇਵਾਰੀ*

 

* ਪਰਿਵਾਰ ਨੂੰ ਸੰਸਥਾ ਵੱਲੋਂ ਦਸ ਹਜ਼ਾਰ ਰੁਪਏ ਮਾਸਿਕ ਪੈਨਸ਼ਨ ਤੇ ਹੋਰ ਸਹਾਇਤਾ ਸ਼ੁਰੂ*

 

ਬਠਿੰਡਾ:

ਕੇਂਦਰ ਸਰਕਾਰ ਦੇ ਸਮਾਜ ਵਿਰੋਧੀ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਕਿਸਾਨਾਂ ਵੱਲੋਂ ਵਿੱਢੇ ਸ਼ਾਤਮਈ ਸੰਘਰਸ਼ ਵਿੱਚ ਸੇਵਾਵਾਂ ਨਿਭਾਉਂਦਿਆਂ ਅੱਜ ਤੱਕ 491 ਕਿਸਾਨ ਆਪਣੀਆਂ ਜਾਨਾਂ ਵਾਰ ਚੁੱਕੇ ਹਨ। ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਲਈ ‘ਆਤਮ ਪਰਗਾਸ ਸੰਸਥਾ’ ਵੱਲੋਂ ਨਿਵੇਕਲ਼ਾ ਅਤੇ ਵਿਉਂਤਬੱਧ ਕਾਰਜ ਅਰੰਭ ਕੀਤਾ ਗਿਆ ਹੈ। ਆਤਮ ਪਰਗਾਸ ਵੱਲੋਂ ਸਮੁੱਚੇ ਦੇਸ਼ ਵਿੱਚ ਤਾਇਨਾਤ 25 ਟੀਮਾਂ ਇਨ੍ਹਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ, ਉਨ੍ਹਾਂ ਦੀ ਲੋੜਾਂ ਨੂੰ ਸਮਝਣ ਅਤੇ ਲੋੜਵੰਦ ਪਰਿਵਾਰਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਦਿਨ ਰਾਤ ਜੁਟੀਆਂ ਹੋਈਆਂ ਹਨ। ਇਸ ਕਾਰਜ ਦੀ ਵਿਲੱਖਣਤਾ ਇਹ ਵੀ ਹੈ ਕਿ ਇਨ੍ਹਾਂ ਟੀਮਾਂ ਵਿੱਚ ਦੇਸ਼ ਦੇ ਪ੍ਰਮੱਖ ਵਿੱਦਿਅਕ ਅਦਾਰਿਆਂ ਦੇ ਪ੍ਰੋਫੈਸਰ ਅਤੇ ਵਿਗਿਆਨੀ ਆਪ ਕਿਸਾਨਾਂ ਦੇ ਘਰੋ-ਘਰੀ ਪਹੁੰਚ ਕੇ ਉਨ੍ਹਾਂ ਦਾ ਦੁੱਖ ਵੰਡਾ ਰਹੇ ਹਨ। ਕਿਹੜੇ ਪਰਿਵਾਰ ਦੀਆਂ ਕੀ ਲੋੜਾਂ ਹਨ, ਕਿਹੜੀਆਂ ਪੂਰੀਆਂ ਹੋ ਚੁੱਕੀਆਂ ਹਨ, ਇਹ ਲੋੜਾਂ ਕਿਸ-ਕਿਸ ਸੰਸਥਾ ਨੇ ਪੂਰੀਆਂ ਕੀਤੀਆਂ ਹਨ, ਹੋਰ ਕਿਹੜੀਆਂ ਲੋੜ ਪੂਰੀਆਂ ਹੋਣੀਆਂ ਬਾਕੀ ਹਨ, ਆਦਿ ਸਭ ਜਾਣਕਾਰੀ ਪਾਰਦਰਸ਼ੀ ਰੂਪ ਵਿੱਚ ਆਤਮ ਪਰਗਾਸ ਦੀ ਵੈੱਬਸਾਈਟ ਤੇ ਵੀ ਉਪਲਬਧ ਕਰਵਾਈ ਜਾ ਰਹੀ ਹੈ।

ਆਤਮ ਪਰਗਾਸ ਸੰਸਥਾ ਦੇ ਚੇਅਰਮੈਨ ਅਤੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਭਾਰਤ ਸਰਕਾਰ ਦੇ ਮੰਤਰੀ ਪਾਸੋਂ ਮੰਚ ਉੱਪਰ ਖੜੋ ਕੇ ਰਾਸ਼ਟਰੀ ਸਨਮਾਨ ਅਤੇ ਸੋਨੇ ਦਾ ਤਮਗਾ ਠੂਕਰਾਉਣ ਵਾਲੇ ਡਾ. ਵਰਿੰਦਰਪਾਲ ਸਿੰਘ ਨੇ ਅੱਜ ਬਠਿੰਡਾ ਜਿਲ੍ਹੇ ਦੇ 16 ਕਿਸਾਨਾਂ ਦੇ ਪਰਿਵਾਰਾਂ ਨੂੰ ਨਿੱਜੀ ਤੌਰ ਤੇ ਮਿਲ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਯਥਾਸ਼ਕਤ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ।ਪਿੰਡ ਘੜੈਲੀ, ਜ਼ਿਲ੍ਹਾ ਬਠਿੰਡਾ ਦੇ ਸ਼ਹੀਦ ਸ. ਲੀਲਾ ਸਿੰਘ ਦੇ ਘਰ ਦਾ ਦੌਰਾ ਕਰਦਿਆਂ ਉਨ੍ਹਾਂ ਕਿਹਾ ਕਿ ਲੀਲਾ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਸਮੇਤ ਦੋ ਜਵਾਨ ਲੜਕੀਆਂ ਅਤੇ ਇੱਕ ਛੋਟਾ ਲੜਕਾ ਛੱਡ ਗਏ ਹਨ ਪਰ ਇਨ੍ਹਾਂ ਬੱਚਿਆਂ ਕੋਲ ਸਿਰ ਢਕਣ ਲਈ ਯੋਗ ਥਾਂ ਨਹੀਂ ਹੈ। ਡਾ. ਵਰਿੰਦਰਪਾਲ ਸਿੰਘ ਨੇ ਉਨ੍ਹਾਂ ਦੇ ਘਰ ਦੇ ਨਿਰਮਾਣ ਲਈ ਲੋੜੀਂਦੀ ਸਮੱਗਰੀ ਦੇਣ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਦੋਂ ਤੱਕ ਦਸ ਹਜ਼ਾਰ ਰੁਪਏ ਮਾਸਿਕ ਪੈਨਸ਼ਨ ਦੇਣ ਦਾ ਐਲਾਨ ਕੀਤਾ, ਜਦੋਂ ਤੱਕ ਉਨ੍ਹਾਂ ਦੇ ਬੱਚੇ ਪੜ੍ਹ-ਲਿਖ ਕੇ ਆਪਣੀ ਕਮਾਈ ਕਰਨ ਦੇ ਯੋਗ ਨਹੀਂ ਹੋ ਜਾਂਦੇ। ਸ. ਲੀਲਾ ਸਿੰਘ ਦੀ ਸੁਪਤਨੀ ਜਸਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਸਿਕ ਸਹਾਇਤਾ ਮਿਲਣੀ ਅਰੰਭ ਹੋ ਚੁੱਕੀ ਹੈ ਅਤੇ ਘਰ ਦੀ ਉਸਾਰੀ ਲਈ ਇੱਕ ਲੱਖ ਰੁਪਏ ਦੀ ਪਹਿਲੀ ਕਿਸ਼ਤ ਵੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪ੍ਰਾਪਤ ਹੋ ਚੁੱਕੀ ਹੈ।

ਸ. ਦਰਬਾਰਾ ਸਿੰਘ, ਸਾਬਕਾ ਏ ਜੀ ਐੱਮ, ਓ ਬੀ ਸੀ ਬੈਂਕ ਨੂੰ ਪਰਿਵਾਰ ਦੀ ਦੇਖ-ਰੇਖ ਲਈ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ।ਉਨ੍ਹਾਂ ਜਾਣਕਾਰੀ ਦਿੱਤੀ ਕਿ ਸ਼ਹੀਦ ਲੀਲਾ ਸਿੰਘ ਦੇ ਸਪੁੱਤਰ ਦੀ ਸਕੂਲ ਫ਼ੀਸ ਮੁਆਫ਼ ਕਰਨ ਲਈ ਗੁਰੂ ਹਰਿਗੋਬਿੰਦ ਸਕੂਲ, ਪਿੱਥੋ ਦੇ ਪ੍ਰਿੰਸੀਪਲ ਸਾਹਿਬ ਨੇ ਭਰੋਸਾ ਦੇ ਦਿੱਤਾ ਹੈ। ਇਸ ਸਮੇਂ ਕਿਸਾਨ ਯੂਨੀਅਨ (ਉਗਰਾਹਾਂ) ਦੀ ਘੜੈਲੀ ਇਕਾਈ ਦੇ ਪ੍ਰਧਾਨ ਸ. ਜਸਵੰਤ ਸਿੰਘ ਅਤੇ ਸ. ਸਵਰਨ ਸਿੰਘ ਪੁੱਤਰ ਸਵ. ਲਾਲ ਸਿੰਘ ਮੈਂਬਰ ਆਈ ਐਨ ਏ, ਸ. ਜਸਵੰਤ ਸਿੰਘ ਨੰਬਰਦਾਰ, ਘੜੈਲੀ ਉਚੇਚੇ ਤੌਰ ਤੇ ਹਾਜ਼ਰ ਸਨ। ਡਾ. ਵਰਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਸ. ਲੀਲਾ ਸਿੰਘ ਦੇ ਪਰਿਵਾਰ ਨੂੰ ਸਨਮਾਨ ਚਿੰਨ, ਪੁਸਤਕਾਂ ਅਤੇ ਇੱਕ ਸੁਖਚੈਨ ਦਾ ਬੂਟਾ ਦੇ ਕੇ ਸਨਮਾਨਿਤ ਕੀਤਾ। ਡਾ. ਵਰਿੰਦਰਪਾਲ ਸਿੰਘ ਨੇ ਲੀਲਾ ਸਿੰਘ ਜੀ ਦੀ ਯਾਦ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬੂਟਾ ਲਗਾ ਕੇ ਪਰਿਵਾਰ ਨੂੰ ਇਸ ਬੂਟੇ ਦੀ ਸੇਵਾ ਸੰਭਾਲ ਦੀ ਪ੍ਰੇਰਨਾ ਕੀਤੀ। ਇਸ ਸਮੇਂ ਆਤਮ ਪਰਗਾਸ ਦੇ ਸਕੱਤਰ ਡਾ. ਸੁਖਵਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ, ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਸ. ਜਸਦੀਪ ਸਿੰਘ, ਅਧਿਆਪਕ, ਜੀਨੀਅਸ ਇੰਸਨੀਚਿਊਟ, ਬਠਿੰਡਾ ਅਤੇ ਪਿੰਡ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!