•ਅਧਿਆਤਮਿਕ ਅਤੇ ਧਾਰਮਿਕ ਆਗੂਆਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਤੀ ਸ਼ਰਧਾਂਜਲੀ
•ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲੋਂ ਦਰਸਾਈ ਧਾਰਮਿਕ ਆਜ਼ਾਦੀ ਅਤੇ ਸੱਚ ‘ਤੇ ਪਹਿਰਾ ਦੇਣ ਦੀ ਵਿਰਾਸਤ ਵਜੋਂ ਕਰਵਾਇਆ ਗਿਆ ਸਰਬ-ਧਰਮ ਸੰਮੇਲਨ
ਸ੍ਰੀ ਅਨੰਦਪੁਰ ਸਾਹਿਬ, 23 ਨਵੰਬਰ:
ਇੱਥੇ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ ਵਿਖੇ ਅੱਜ ਇੱਕ ਇਤਿਹਾਸਕ ਸਰਬ-ਧਰਮ ਸੰਮੇਲਨ ਕਰਵਾਇਆ ਗਿਆ, ਜਿੱਥੇ ਸਿੱਖ ,ਹਿੰਦੂ , ਬੁੱਧ , ਜੈਨ , ਈਸਾਈ , ਇਸਲਾਮ ਅਤੇ ਯਹੂਦੀ ਧਰਮ ਦੇ ਪ੍ਰਸਿੱਧ ਅਧਿਆਤਮਿਕ ਅਤੇ ਧਾਰਮਿਕ ਆਗੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਇਕੱਤਰ ਹੋਏ।

ਇਸ ਇਤਿਹਾਸਕ ਸਮਾਗਮ ਦੌਰਾਨ ਸਮੁੱਚਾ ਮਾਹੌਲ ਸ਼ਰਧਾ ਭਾਵਨਾ ਵਾਲਾ ਸੀ ਕਿਉਂ ਜੋ ਧਾਰਮਿਕ ਅਤੇ ਅਧਿਆਤਮਿਕ ਆਗੂਆਂ ਨੇ ਆਪੋ-ਆਪਣੇ ਅੰਦਾਜ਼ ਵਿੱਚ ਨੌਵੇਂ ਸਿੱਖ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੂੰ ਧਰਮ ਦੇ ਰਾਖੇ ਅਤੇ ਸੱਚ ਦੇ ਪੁੰਜ ਵਜੋਂ ਜਾਣਿਆ ਜਾਂਦਾ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਸਰਬ-ਧਰਮ ਸੰਮੇਲਨ ਵਿੱਚ ਅਧਿਆਤਮਿਕ ਆਗੂਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਗੁਰੂ ਦੀ ਮਹਾਨ ਵਿਰਾਸਤ `ਤੇ ਡੂੰਘੀ ਵਿਚਾਰ-ਚਰਚਾ ਕਰਨ ਲਈ ਇਤਿਹਾਸਕ ਮੰਚ ਹੈ, ਉਨ੍ਹਾਂ ਇਸ ਨੂੰ ਸਾਰੀ ਮਨੁੱਖਤਾ ਲਈ ਰਾਹ-ਦਸੇਰਾ ਦੱਸਿਆ।
ਇਸ ਸਮਾਗਮ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਸਮੇਤ ਸਤਿਕਾਰਿਤ ਸਿੱਖ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪਿਆਰ, ਸਦਭਾਵਨਾ, ਸ਼ਾਂਤੀ ਅਤੇ ਮਨੁੱਖਤਾ-ਨਾਮ ਜਪੋ, ਵੰਡ ਛਕੋ-ਦਾ ਸੰਦੇਸ਼ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਦਰਸਾਉਂਦੇ ਹਨ ਤਾਂ ਜੋ ਸਾਰੇ ਧਰਮਾਂ ਦੇ ਮੰਨਣ ਵਾਲੇ ਆਪਸ ਵਿੱਚ ਮਿਲ ਜੁਲ ਕੇ ਰਹਿ ਸਕਣ।

ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਗੁਰਿੰਦਰ ਸਿੰਘ ਢਿੱਲੋਂ (ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ) ਅਤੇ ਨਾਨਕਸਰ ਸੰਪਰਦਾ ਵੱਲੋਂ ਬਾਬਾ ਘਾਲਾ ਸਿੰਘ ਨੇ ਵੀ ਇਸ ਸੰਮੇਲਨ ਵਿੱਚ ਸ਼ਿਰਕਤ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਦੀ ਸ਼ਹਾਦਤ ਮਨੁੱਖਤਾ (ਮਨੁੱਖਤਾ) ਲਈ ਸੇਧ ਤੇ ਚਾਨਣ-ਮੁਨਾਰਾ ਹੈ।
ਨਵੀਂ ਦਿੱਲੀ ਦੇ ਜੂਡਾ ਹਯਾਮ ਸਿਨਾਗੌਗ ਦੇ ਮੁੱਖ ਧਾਰਮਿਕ ਆਗੂ ਡਾ. ਰੱਬੀ ਏਜ਼ਕਾਈਲ ਇਸਹਾਕ ਮਾਲੇਕਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ, ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਣ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਦੱਬੇ-ਕੁਚਲੇ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ, ਸਿਮਰਨ ਅਤੇ ਹਿੰਮਤ ਦੇ ਮਾਰਗ ਨੂੰ ਦਰਸਾਇਆ । ਇਹ ਭਗਤੀ ਅਤੇ ਸ਼ਕਤੀ ਦੇ ਸੰਪੂਰਨ ਤਾਲਮੇਲ ਹੈ, ਜਿਸਦੀ ਅੱਜ ਕੁੱਲ ਦੁਨੀਆ ਨੂੰ ਬਹੁਤ ਲੋੜ ਹੈ।
ਸੇਵਾ ਦੀ ਭਾਵਨਾ ਨੂੰ ਦੁਹਰਾਉਂਦੇ ਹੋਏ, ਬੋਧੀ ਭਾਈਚਾਰੇ ਦੇ ਸ਼੍ਰੀ ਭਿੱਖੂ ਸੰਘਸੇਨਾ ਜੀ ਨੇ ਸਿੱਖ ਭਾਈਚਾਰੇ ਨੂੰ ਰਾਸ਼ਟਰ ਦਾ ਮਾਣ ਦੱਸਿਆ। ਉਹਨਾ ਨੇ ਕੋਵਿਡ-19 ਮਹਾਂਮਾਰੀ ਦੌਰਾਨ ਉਨ੍ਹਾਂ ਦੀ ਮਿਸਾਲੀ ਸੇਵਾ ਨੂੰ ਉਜਾਗਰ ਕੀਤਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, “ਸਿੱਖ ਧਰਮ ਦੀ ਭਾਵਨਾ ਨੂੰ ਸਾਡੇ ਵਿਦਿਅਕ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਰਸਵਾਰਥ ਸੇਵਾ ਵੱਲ ਪ੍ਰੇਰਿਤ ਕੀਤਾ ਜਾ ਸਕੇ,” ।
ਆਰਟ ਆਫ਼ ਲਿਵਿੰਗ ਇੰਟਰਨੈਸ਼ਨਲ ਆਸ਼ਰਮ ਦੇ ਸੰਸਥਾਪਕ ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਧਰਮ ਲਈ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ, ਜਦੋਂ ਕਿ ਬਿਸ਼ਪ ਜੋਸ ਸੇਬੇਸਟੀਅਨ ਦੀ ਨੁਮਾਇੰਦਗੀ ਕਰਦੇ ਹੋਏ ਫਾਦਰ ਜੌਨ ਨੇ ਸ਼ਹਾਦਤ ਨੂੰ ਪੂਰੀ ਦੁਨੀਆ ਲਈ ਇੱਕ ਸਰਵਉੱਚ ਮਿਸਾਲ ਕਿਹਾ- ਜੋ ਦੂਜਿਆਂ ਦੇ ਅਕੀਦੇ ਅਤੇ ਭਰੋਸੇ ਲਈ ਆਪਣੀ ਜਾਨ ਕੁਰਬਾਨ ਕਰਨ ਦਾ ਇੱਕ ਮਹਾਨ ਕਾਰਜ ਹੈ।
ਚਿਸ਼ਤੀ ਫਾਊਂਡੇਸ਼ਨ ਦੇ ਚੇਅਰਮੈਨ ਅਜਮੇਰ ਸ਼ਰੀਫ ਦਰਗਾਹ ਦੇ ਗੱਦੀ ਨਸ਼ੀਨ, ਹਾਜ਼ੀ ਸਈਦ ਸਲਮਾਨ ਚਿਸ਼ਤੀ ਨੇ ਨੌਵੇਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਬੜੇ ਭਾਵੁਕ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸੰਗਤਾਂ ਹਿੰਦ ਦੀ ਚਾਦਰ ਦੇ ਮਹਾਨ ਬਲੀਦਾਨ ਨੂੰ ਹਮੇਸ਼ਾ ਯਾਦ ਕਰਦੀਆਂ ਰਹਿਣਗੀਆਂ।
ਇਸ ਇਕੱਠ ਦੌਰਾਨ ਕਸ਼ਮੀਰੀ ਪੰਡਿਤ ਭਾਈਚਾਰੇ ਲਈ ਵੀ ਡੂੰਘੀ ਭਾਵਨਾਤਮਕ ਮਹੱਤਤਾ ਪੇਸ਼ ਕੀਤੀ, ਜਿਨ੍ਹਾਂ ਦੇ ਨੁਮਾਇੰਦਿਆਂ ਨੇ ਆਪਣੇ ਪੁਰਖਿਆਂ ਦੇ ਧਾਰਮਿਕ ਆਜ਼ਾਦੀ ਦੇ ਅਧਿਕਾਰ ਲਈ ਗੁਰੂ ਵੱਲੋਂ ਦਿੱਤੇ ਬਲੀਦਾਨ ਨੂੰ ਦਾ ਕੋਟਿਨ-ਕੋਟਿ ਧੰਨਵਾਦ ਕੀਤਾ।
ਇਸ ਸੰਮੇਲਨ ਵਿੱਚ ਆਚਾਰੀਆ ਡਾ. ਲੋਕੇਸ਼ ਮੁਨੀ (ਜੈਨ ਭਾਈਚਾਰਾ), ਰਾਜਯੋਗਿਨੀ ਡਾ. ਬਿੰਨੀ ਸਰੀਨ (ਬ੍ਰਹਮਾ ਕੁਮਾਰੀ) ਅਤੇ ਸਈਦ ਅਫਸਰ ਅਲੀ ਨਿਜ਼ਾਮੀ, ਚੇਅਰਮੈਨ ਦਰਗਾਹ ਹਜ਼ਰਤ ਨਿਜ਼ਾਮੁਦੀਨ ਔਲੀਆ, ਨਵੀਂ ਦਿੱਲੀ, ਮਹੰਤ ਗਿਆਨਦੇਵ (ਨਿਰਮਲ ਅਖਾੜਾ), ਸ਼੍ਰੀਮਤੀ ਜਗਦਗੁਰੂ ਸ਼ੰਕਰਾਚਾਰੀਆ ਦੇਵਦੱਤਾਨੰਦ ਸਰਸਵਤੀ ਮਹਾਰਾਜ, ਦਿੱਲੀ ਤੇ ਹੋਰ ਮਹਾਨ ਆਗੂ ਸ਼ਾਮਲ ਸਨ।
ਇਤਿਹਾਸਕ ਸਰਬ-ਧਰਮ ਸੰਮੇਲਨ ਸ਼ਾਨਦਾਰ ਸੰਕਲਪ ਨਾਲ ਸਮਾਪਤ ਹੋਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਇੱਕ ਪ੍ਰੇਰਨਾ-ਸਰੋਤ ਹੈ, ਜੋ ਮਨੁੱਖਤਾ ਨੂੰ ਜ਼ੁਲਮ ਦੇ ਵਿਰੁੱਧ ਖੜ੍ਹੇ ਹੋਣ, ਸਵੈ-ਮਾਣ ਕਾਇਮ ਰੱਖਣ ਅਤੇ ਧਾਰਮਿਕ ਅਜ਼ਾਦੀ ‘ਤੇ ਪਹਿਰਾ ਦੇਣ ਦੀ ਅਪੀਲ ਕਰਦੀ ਹੈ। ਇਹ ਇਕੱਤਰਤਾ ਸਮੂਹਿਕ ਵਿਸ਼ਵਾਸ ਦੀ ਸ਼ਕਤੀ ਦੀ ਸੱਚੀ-ਸੁੱਚੀ ਮਿਸਾਲ ਹੈ, ਜਿਸਦਾ ਉਦੇਸ਼ ਆਲਮੀ ਸ਼ਾਂਤੀ ਅਤੇ ਸਦਭਾਵਨਾ ਨੂੰ ਵਧਾਉਣਾ ਹੈ।

