Punjab

ਖੇਡ ਮੰਤਰੀ ਪਰਗਟ ਸਿੰਘ ਨੇ ਖਿਡਾਰੀਆਂ ਤੇ ਕੋਚਾਂ ਨੂੰ 11.80 ਕਰੋੜ ਰੁਪਏ ਦੀ ਰਾਸ਼ੀ ਵੰਡੀ

 ਬਜਟ ਦਾ 10 ਤੋਂ 15 ਫੀਸਦੀ ਨੌਜਵਾਨਾਂ ਤੇ ਖਿਡਾਰੀਆਂ ਉਤੇ ਖਰਚਣ ਉਪਰ ਦਿੱਤਾ ਜ਼ੋਰ

 

·       ਚੀਨ ਦੇ ਹਵਾਲੇ ਦੇ ਕੇ ਰਾਸ਼ਟਰ ਪੱਧਰ ਉਪਰ ਖੇਡ ਨੀਤੀ ਬਣਾਉਣ ਦੀ ਕੀਤੀ ਨਿਸ਼ਾਨਦੇਹੀ

 

ਚੰਡੀਗੜ੍ਹ, 15 ਦਸੰਬਰ

 

ਕੌਮੀ ਬਜਟ ਦਾ 10 ਤੋਂ 15 ਫੀਸਦੀ ਨੌਜਵਾਨਾਂ ਖ਼ਾਸ ਤੌਰ ਉਤੇ ਖਿਡਾਰੀਆਂ ਉਪਰ ਖਰਚਣ ਉਤੇ ਜ਼ੋਰ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਮਨੁੱਖੀ ਸਰੋਤਾਂ ਉਤੇ ਪੈਸਾ ਖਰਚਣ ਨਾਲ ਤੁਹਾਨੂੰ ਸਿਹਤ ਸੇਵਾਵਾਂ ਉਤੇ ਜ਼ਿਆਦਾ ਪੈਸਾ ਖਰਚਣ ਦੀ ਲੋੜ ਨਹੀਂ ਪੈਂਦੀ।

 

ਇੱਥੇ ਮੈਗਸੀਪਾ ਵਿਖੇ ਪੰਜਾਬ ਦੇ 3309 ਖਿਡਾਰੀਆਂ ਤੇ 10 ਕੋਚਾਂ ਨੂੰ ਕੁੱਲ 11.80 ਕਰੋੜ ਰੁਪਏ ਦੀ ਰਾਸ਼ੀ ਸੌਂਪਣ ਮੌਕੇ ਸੰਬੋਧਨ ਕਰਦਿਆਂ ਸ. ਪਰਗਟ ਸਿੰਘ ਨੇ ਕਿਹਾ ਕਿ ਚੀਨ ਨੇ ਮਨੁੱਖੀ ਸਰੋਤਾਂ ਦੇ ਵਿਕਾਸ ਉਤੇ ਖਰਚ ਕੀਤਾ ਜਿਸ ਕਾਰਨ ਉਥੋਂ ਦੇ ਲੋਕਾਂ ਦੀ ਪਿਛਲੇ ਦਹਾਕਿਆਂ ਦੌਰਾਨ ਔਸਤਨ ਲੰਬਾਈ 2.5 ਇੰਚ ਵਧੀ ਹੈ।

ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਮੱਲਾਂ ਮਾਰਨ ਲਈ ਉਤਸ਼ਾਹਤ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਖੇਡ ਨੀਤੀ ਵਿੱਚ ਲੋੜ ਮੁਤਾਬਕ ਤਬਦੀਲੀਆਂ ਕਰਨ ਦੀ ਗੱਲ ਆਖਦਿਆਂ ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਸਮੇਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਸਰੀਰਿਕ ਸਿੱਖਿਆ ਅਧਿਆਪਕਾਂ ਨੂੰ ਦੱਖਣੀ ਅਫ਼ਰੀਕਾ ਦੇ ਕੋਚਾਂ ਤੋਂ ਸਿਖਲਾਈ ਦਿਵਾਉਣ ਦੀ ਗੱਲ ਆਖਦਿਆਂ ਸ.ਪਰਗਟ ਸਿੰਘ ਨੇ ਆਖਿਆ ਕਿ ਵਿਦੇਸ਼ੀ ਕੋਚਾਂ ਦੀ ਮੁਹਾਰਤ ਦਾ ਲਾਹਾ ਲੈਣ ਦੀ ਲੋੜ ਹੈ। ਸਿੱਖਿਆ ਵਿਭਾਗ ਤੇ ਖੇਡ ਵਿਭਾਗ ਮਿਲ ਕੇ ਖੇਡ ਪਨੀਰੀ ਤਿਆਰ ਕਰਨਗੇ।

 

ਆਪਣੇ ਖੇਡ ਪਿਛੋਕੜ ਦਾ ਜ਼ਿਕਰ ਕਰਦਿਆਂ ਪਰਗਟ ਸਿੰਘ ਨੇ ਖਿਡਾਰੀਆਂ ਨੂੰ ਵੀ ਸਮਾਜ ਲਈ ਰੋਲ ਮਾਡਲ ਬਣਨ ਲਈ ਪ੍ਰੇਰਦਿਆਂ ਖੇਡ ਮੈਦਾਨ ਦੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਟੀਮ ਭਾਵਨਾ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਵੱਖ ਵੱਖ ਵਿਭਾਗਾਂ ਵਿੱਚ 3 ਫੀਸਦੀ ਖੇਡ ਕੋਟੇ ਤਹਿਤ ਹੁੰਦੀ ਭਰਤੀ ਦੀ ਥਾਂ ਇਸ ਸਾਰੇ ਖੇਡ ਕੋਟੇ ਨੂੰ ਖੇਡ ਵਿਭਾਗ ਅਧੀਨ ਹੀ ਲਿਆਂਦਾ ਜਾਵੇ ਤਾਂ ਜੋ ਇਹ ਖਿਡਾਰੀ ਅੱਗੇ ਹੋਰ ਖਿਡਾਰੀ ਤਿਆਰ ਕਰ ਕੇ ਭਾਰਤ ਨੂੰ ਦੁਨੀਆ ਦੇ ਖੇਡ ਨਕਸ਼ੇ ਦਾ ਧੁਰਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ।

 

ਇਸ ਤੋਂ ਪਹਿਲਾਂ ਸਵਾਗਤੀ ਸ਼ਬਦ ਬੋਲਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਕੁੱਲ 11.80 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 3309 ਖਿਡਾਰੀਆਂ ਨੂੰ 9.37 ਕਰੋੜ ਰੁਪਏ ਅਤੇ 10 ਕੋਚਾਂ ਨੂੰ 2.43 ਕਰੋੜ ਰੁਪਏ ਦਿੱਤੇ ਗਏ। ਇਨ੍ਹਾਂ ਵਿੱਚ 1298 ਖਿਡਾਰੀਆਂ ਨੂੰ ਸਾਲ 2018-19 ਲਈ 4.84 ਕਰੋੜ (4,84,30,000) ਰੁਪਏ ਅਤੇ 2011 ਖਿਡਾਰੀਆਂ ਨੂੰ 4.49 ਕਰੋੜ (4,49,96,000) ਰੁਪਏ ਦਿੱਤੇ ਗਏ।

 

ਅੱਜ ਦੇ ਸਮਾਗਮ ਵਿੱਚ ਖੇਡ ਮੰਤਰੀ ਪਰਗਟ ਸਿੰਘ ਨੇ ਸੰਕੇਤਕ ਤੌਰ ਉਤੇ 10 ਕੋਚਾਂ ਅਤੇ 14 ਖਿਡਾਰੀਆਂ ਨੂੰ ਚੈੱਕ ਸੌਂਪੇ ਜਦੋਂ ਕਿ ਬਾਕੀ ਸਾਰੇ ਖਿਡਾਰੀਆਂ ਦੇ ਖਾਤਿਆਂ ਵਿੱਚ ਡੀ.ਬੀ.ਟੀ. ਰਾਹੀਂ ਰਾਸ਼ੀ ਪਾ ਦਿੱਤੀ ਗਈ। 10 ਕੋਚਾਂ ਵਿੱਚੋਂ ਦਰੋਣਾਚਾਰੀਆ ਐਵਾਰਡੀ ਮਹਿੰਦਰ ਸਿੰਘ ਢਿੱਲੋਂ ਤੇ ਦਰੋਣਾਚਾਰੀਆ ਐਵਾਰਡੀ ਸੁਖਦੇਵ ਸਿੰਘ ਪੰਨੂੰ ਨੂੰ 40-40 ਲੱਖ ਰੁਪਏ, ਬੈਡਮਿੰਟਨ ਕੋਚ ਵਿਜੈਦੀਪ ਸਿੰਘ ਨੂੰ 30 ਲੱਖ ਰੁਪਏ, ਓਲੰਪੀਅਨ ਵੇਟ ਲਿਫਟਿੰਗ ਕੋਚ ਸੰਦੀਪ ਕੁਮਾਰ ਨੂੰ 28 ਲੱਖ ਰੁਪਏ, ਬੈਡਮਿੰਟਨ ਕੋਚ ਸੁਰੇਸ਼ ਕੁਮਾਰ ਤੇ ਅਥਲੈਟਿਕਸ ਕੋਚ ਹਰਮਿੰਦਰ ਪਾਲ ਸਿੰਘ ਨੂੰ 20-20 ਲੱਖ ਰਪਏ, ਹਾਕੀ ਕੋਚ ਅਵਤਾਰ ਸਿੰਘ, ਗੁਰਦੇਵ ਸਿੰਘ ਤੇ ਯੁਧਵਿੰਦਰ ਸਿੰਘ ਨੂੰ 16.66-16.66 ਲੱਖ ਰੁਪਏ ਅਤੇ ਅਥਲੈਟਿਕਸ ਕੋਚ ਜਸਪਾਲ ਸਿੰਘ ਨੂੰ 16 ਲੱਖ ਰੁਪਏ ਦਿੱਤੇ ਗਏ।

 

14 ਖਿਡਾਰੀਆਂ ਵਿੱਚੋਂ ਓਲੰਪੀਅਨ ਨਿਸ਼ਾਨੇਬਾਜ਼ ਅੰਜੁਮ ਮੌਦਗਿੱਲ ਨੂੰ 1.12 ਕਰੋੜ ਰੁਪਏ, ਅਰਜੁਨਾ ਐਵਾਰਡੀ ਨਿਸ਼ਾਨੇਬਾਜ਼ ਗੁਰਪ੍ਰੀਤ ਸਿੰਘ ਨੂੰ 61 ਲੱਖ ਰੁਪਏ, ਬੈਡਮਿੰਟਨ ਖਿਡਾਰੀ ਧਰੁਵ ਕਪੀਲਾ ਨੇ 15 ਲੱਖ ਰੁਪਏ, ਤਲਵਾਰਬਾਜ਼ੀ ਦੀ ਖਿਡਾਰਨ ਜਗਮੀਤ ਕੌਰ ਨੂੰ 7 ਲੱਖ ਰੁਪਏ, ਈਨਾ ਅਰੋੜਾ ਨੂੰ 6.57 ਲੱਖ ਰੁਪਏ, ਵਰਿੰਦਰ ਸਿੰਘ ਨੂੰ 5.30 ਲੱਖ ਰੁਪਏ, ਕੋਮਲਪ੍ਰੀਤ ਸ਼ੁਕਲਾ, ਅਨੁਸ਼ਕਾ, ਅਥਲੀਟ ਨਵਜੀਤ ਕੌਰ ਢਿੱਲੋਂ, ਅਥਲੀਟ ਕ੍ਰਿਪਾਲ ਸਿੰਘ, ਜੂਡੋਕਾ ਜਸਲੀਨ ਸਿੰਘ ਸੈਣੀ, ਕਬੱਡੀ ਖਿਡਾਰਨ ਹਰਵਿੰਦਰ ਕੌਰ ਤੇ ਵਾਲੀਬਾਲ ਖਿਡਾਰੀ ਰਣਜੀਤ ਸਿੰਘ ਨੂੰ 5-5 ਲੱਖ ਰੁਪਏ ਦਿੱਤੇ ਗਏ।

 

ਇਸ ਤੋਂ ਪਹਿਲਾਂ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ.ਐਸ.ਸਿੱਧੂ ਨੇ ਕਿਹਾ ਕਿ ਖਿਡਾਰੀ ਸਖਤ ਮਿਹਨਤ ਕਰ ਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ ਪ੍ਰੰਤੂ ਕਈ ਵਾਰ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲਦਾ ਪਰ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਜਿਸ ਨੇ ਅੱਜ ਵੱਡੀ ਗਿਣਤੀ ਵਿੱਚ ਖਿਡਾਰੀਆਂ ਤੇ ਕੋਚਾਂ ਨੂੰ ਨਗਦ ਇਨਾਮਾਂ ਨਾਲ ਸਨਮਾਨਤ ਕੀਤਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਿਆ ਜਾਵੇਗਾ।

 

ਇਸ ਮੌਕੇ ਖਿਡਾਰੀਆਂ ਤਰਫੋਂ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਦਾ ਤਮਗਾ ਜੇਤੂ ਨਵਜੀਤ ਕੌਰ ਢਿੱਲੋਂ ਅਤੇ ਮੈਰਾਥਨ ਵਿੱਚ ਸੈਫ ਖੇਡਾਂ ਦੇ ਸੋਨ ਤਮਗਾ ਜੇਤੂ ਰਛਪਾਲ ਸਿੰਘ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਸੂਬਾ ਸਰਕਾਰ ਦਾ ਇਸ ਉਦਮ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਉਤਸ਼ਾਹ ਨਾਲ ਉਨ੍ਹਾਂ ਨੂੰ ਅੱਗੇ ਆਉਣ ਵਾਲੇ ਮੁਕਾਬਲਿਆਂ ਵਿੱਚ ਹੋਰ ਵੀ ਪ੍ਰਾਪਤੀਆਂ ਕਰਨ ਲਈ ਪ੍ਰੇਰਨਾ ਮਿਲੇਗੀ।

 

ਅੰਤ ਵਿੱਚ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕ੍ਰਿਪਾਲ ਵੀਰ ਸਿੰਘ ਨੇ ਮੁੱਖ ਮਹਿਮਾਨ ਅਤੇ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਖਿਡਾਰੀ ਦਾ ਨਗਦ ਇਨਾਮ ਕਿਸੇ ਦਸਤਾਵੇਜ਼ ਦੀ ਕਮੀ ਕਾਰਨ ਰਹਿ ਗਿਆ ਹੋਵੇ ਤਾਂ ਉਹ ਲੋੜੀਂਦੇ ਕਾਗਜ਼ਾਂ ਵਿਭਾਗ ਨੂੰ ਜਮ੍ਹਾਂ ਕਰਵਾ ਸਕਦਾ ਹੈ।

 

ਇਸ ਮੌਕੇ ਹਾਕੀ ਓਲੰਪੀਅਨ ਸਰਦਾਰ ਸਿੰਘ, ਕੌਮਾਂਤਰੀ ਹਾਕੀ ਖਿਡਾਰੀ ਤੇ ਓਲੰਪੀਅਨ ਕੋਚ ਸੁਖਬੀਰ ਸਿੰਘ ਗਰੇਵਾਲ, ਅਰਜੁਨਾ ਐਵਾਰਡੀ ਅਥਲੀਟ ਮਾਧੁਰੀ ਸਕਸੈਨਾ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!