Punjab

ਮੁੱਖ ਸਕੱਤਰ ਵੱਲੋਂ ਅਹਿਮ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਨੂੰ ਛੇਤੀ  ਮੁਕੰਮਲ ਕਰਨ ਦੇ ਆਦੇਸ਼


ਉੱਚ ਪੱਧਰੀ ਮੀਟਿੰਗ ਦੌਰਾਨ 10,533 ਕਰੋੜ ਰੁਪਏ ਦੇ 49 ਪ੍ਰਮੁੱਖ ਕਾਰਜਾਂ ਦੀ ਸਥਿਤੀ ਦਾ ਲਿਆ ਜਾਇਜ਼ਾ

ਚੰਡੀਗੜ੍ਹ, 13 ਅਪ੍ਰੈਲ:
ਸੂਬੇ ਵਿੱਚ ਚੱਲ ਰਹੇ ਅਹਿਮ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਦੇ ਸੁਚਾਰੂ ਢੰਗ ਨਾਲ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇੱਥੇ ਸਾਰੇ ਸਬੰਧਤ ਵਿਭਾਗਾਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।
ਮੁੱਖ ਸਕੱਤਰ ਨੇ ਇਹ ਨਿਰਦੇਸ਼ ਇਥੇ ਜਨਤਕ ਨਿਵੇਸ਼ ਪ੍ਰਬੰਧਨ ਕਮੇਟੀ ਦੀ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਦਿੱਤੇ।

ਉਨ੍ਹਾਂ ਨੇ ਸੂਬੇ ਵਿੱਚ 10,533 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਚੱਲ ਰਹੇ 49 ਅਹਿਮ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਦੇ ਲਾਗੂਕਰਨ, ਪ੍ਰਗਤੀ ਅਤੇ ਮੁਕੰਮਲ ਹੋਣ ਦੀ ਸਥਿਤੀ ਦਾ ਜਾਇਜ਼ਾ ਲਿਆ।
ਇਨ੍ਹਾਂ ਵੱਡੇ ਪ੍ਰਾਜੈਕਟਾਂ ਵਿੱਚ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਲਈ 24 ਘੰਟੇ ਪੈਨ ਸਿਟੀ ਸਤਹੀ ਜਲ ਸਪਲਾਈ, ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਏਅਰੋਟ੍ਰੌਪੋਲਿਸ, ਪਟਿਆਲਾ ਵਿਖੇ ਛੋਟੀ ਅਤੇ ਵੱਡੀ ਨਦੀ ਦੀ ਕਾਇਆਕਲਪ, ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਤਹੀ ਅਤੇ ਪਾਈਪ ਆਧਾਰਤ ਜਲ ਸਪਲਾਈ ਸਕੀਮਾਂ, ਕਜੌਲੀ ਵਾਟਰ ਵਰਕਸ, ਬਠਿੰਡਾ ਦੇ ਐਨ.ਏ.ਸੀ. ਮਹਿਰਾਜ ਵਿਖੇ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ, ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ, ਪਟਿਆਲਾ ਵਿੱਚ ਨਵਾਂ ਬੱਸ ਅੱਡਾ, ਬਠਿੰਡਾ ਵਿੱਚ ਰਿੰਗ ਰੋਡ, ਵੱਖ-ਵੱਖ ਜੁਡੀਸ਼ਲ ਕੋਰਟ ਕੰਪਲੈਕਸਾਂ ਦੀ ਉਸਾਰੀ ਤੋਂ ਇਲਾਵਾ ਰੇਲਵੇ ਓਵਰ ਤੇ ਅੰਡਰ ਬ੍ਰਿਜਾਂ ਨਾਲ ਸਬੰਧਤ ਹੋਰ ਪ੍ਰਾਜੈਕਟ ਸ਼ਾਮਲ ਹਨ, ਜਿਨ੍ਹਾਂ ਦੀ ਸਮੀਖਿਆ ਕੀਤੀ ਗਈ।
ਸਬੰਧਤ ਵਿਭਾਗਾਂ ਜਿਵੇਂ ਸਥਾਨਕ ਸਰਕਾਰਾਂ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ, ਜਲ ਸਪਲਾਈ ਅਤੇ ਸੈਨੀਟੇਸ਼ਨ, ਜਲ ਸਰੋਤ, ਲੋਕ ਨਿਰਮਾਣ, ਖੇਡਾਂ ਅਤੇ ਯੁਵਕ ਸੇਵਾਵਾਂ, ਉਚੇਰੀ ਸਿੱਖਆ ਅਤੇ ਬਿਜਲੀ ਦੇ ਪ੍ਰਬੰਧਕੀ ਸਕੱਤਰਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਗੁਣਵੱਤਾ ਕੰਟਰੋਲ ਨਾਲ ਕੋਈ ਸਮਝੌਤਾ ਕੀਤੇ ਬਗੈਰ ਇਹ ਪ੍ਰਾਜੈਕਟ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕੀਤੇ ਜਾਣ।
ਉਨ੍ਹਾਂ ਨੇ ਵਿੱਤ ਵਿਭਾਗ ਨੂੰ ਸਬੰਧਤ ਵਿਭਾਗਾਂ ਦੀ ਲੋੜ ਅਨੁਸਾਰ ਫੰਡ ਜਾਰੀ ਕਰਨ ਲਈ ਵੀ ਕਿਹਾ ਤਾਂ ਜੋ ਨਾਗਰਿਕ ਕੇਂਦਰਿਤ ਇਨ੍ਹਾਂ ਪ੍ਰੋਜੈਕਟਾਂ ਨੂੰ  ਨਿਰਧਾਰਤ ਸਮਾਂ ਸੀਮਾ ਅੰਦਰ ਮੁਕੰਮਲ ਕੀਤਾ ਜਾ ਸਕੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ, ਪੰਜਾਬ ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ-ਕਮ-ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ. ਏ ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਪੀ.ਡਬਲਿਊ.ਡੀ. ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਅਜੋਏ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ ਯੋਜਨਾਬੰਦੀ ਰਾਜ ਕਮਲ ਚੌਧਰੀ ਅਤੇ ਸਕੱਤਰ ਉਚੇਰੀ ਸਿੱਖਿਆ ਵੀ.ਕੇ. ਮੀਨਾ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!