Punjab
ਓਮ ਪ੍ਰਕਾਸ਼ ਸੋਨੀ ਵਲੋ ਡੇਂਗੂ ਤੋਂ ਬਚਾਅ ਸਬੰਧੀ ਗਤੀਵਿਧੀਆਂ ਨੂੰ ਹੋਰ ਤੇਜ਼ੀ ਕਰਨ ਹੁਕਮ
ਚੰਡੀਗੜ੍ਹ- 04 ਅਕਤੂਬਰ,
ਪੰਜਾਬ ਵਿੱਚ ਵਧ ਰਹੇ ਡੇਂਗੂ ਦੇ ਕੇਸਾਂ ਦੇ ਮੱਦੇਨਜ਼ਰ ਉਪ ਮੁੱਖ ਮੰਤਰੀ ਓ.ਪੀ. ਸੋਨੀ (ਮੰਤਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ) ਵੱਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਡੇਂਗੂ ਰੋਧੀ ਗਤੀਵਿਧੀਆਂ ਵਿੱਚ ਹੋਰ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ।
ਸੂਬੇ ਵਿਚ ਡੇਂਗੂ ਦੀ ਮੋਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਓ.ਪੀ. ਸੋਨੀ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ ਕੁੱਲ 13532 ਸ਼ੱਕੀ ਮਰੀਜਾਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ 3760 ਡੇਂਗੂ ਦੇ ਪਾਜ਼ਿਟਿਵ ਕੇਸ ਪਾਏ ਗਏ ਹਨ ।
ਪੰਜਾਬ ਵਿੱਚ ਇਸ ਸਮੇਂ 39 ਲੈਬਾਰਟਰੀਆਂ ਵਿੱਚ ਡੇਂਗੂ ਦੀ ਮੁਫ਼ਤ ਟੈਸਟਿੰਗ ਕੀਤੀ ਜਾਂਦੀ ਹੈ ਅਤੇ ਰਾਜ ਦੇ ਸਰਕਾਰੀ ਹਸਪਤਾਲਾ ਵਿੱਚ ਡੇਂਗੂ ਦੀ ਟੈਸਟਿੰਗ ਕਰਨ ਵਾਲੀਆਂ ਕਿੱਟਾਂ ਭਰਪੂਰ ਮਾਤਰਾ ਵਿੱਚ ਉਪਲਬਧ ਹਨ।
ਸ਼੍ਰੀ ਸੋਨੀ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਹਫ਼ਤੇ ਵਿੱਚ ਹਰ ਸ਼ੁਕਰਵਾਰ ਨੂੰ ਡਰਾਈ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ।ਇਸ ਲਈ ਉਸ ਦਿਨ ਆਪਣੇ ਘਰ ਜਾਂ ਆਲੇ-ਦੁਆਲੇ ਕੂਲਰਾਂ, ਗਮਲਿਆਂ ਜਾਂ ਹੋਰ ਸਮਾਨ ਵਿੱਚ ਖੜ੍ਹੇ ਪਾਣੀ ਨੂੰ ਡੋਲ੍ਹਿਆ ਜਾਵੇ।
ਉਨ੍ਹਾਂ ਦੱਸਿਆ ਕਿ ਡੇਂਗੂ ਅਤੇ ਮਲੇਰੀਆਂ, ਐਪੀਡੈਮਿਕ ਡਿਸੀਜ਼ ਐਕਟ 1897 ਦੇ ਅਧੀਨ ਨੋਟੀਫਾਈਡ ਹਨ। ਇਸ ਲਈ ਼ ਪੰਜਾਬ ਰਾਜ ਦੇ ਸਮੂਹ ਨਿੱਜੀ ਹਸਪਤਾਲਾਂ ਵੱਲੋਂ ਡੇਂਗੂ ਅਤੇ ਮਲੇਰੀਆਂ ਦੇ ਕੇਸ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਰਿਪੋਰਟ ਕਰਨੇ ਜਰੂਰੀ ਹਨ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਾਰੇ ਸਰਕਾਰੀ ਹਸਪਤਾਲਾ ਵਿੱਚ ਡੇਂਗੂ ਦਾ ਮੁਫ਼ਤ ਇਲਾਜ ਹਸਪਤਾਲਾਂ ਹੈ। ਡੇਂਗੂ ਦੇ ਮਰੀਜ਼ਾ ਦੇ ਇਲਾਜ਼ ਲਈ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਵਾਰਡ ਬਣਾਏ ਗਏ ਹਨ। ਡੇਂਗੂ ਦੇ ਮਰੀਜ਼ ਦੇ ਇਲਾਜ ਲਈ ਹੋਲ ਬਲੱਡ ਅਤੇ ਬਲੱਡ ਕੰਪੋਨਿੰਟ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ ਹਨ।
ਸ਼੍ਰੀ ਸੋਨੀ ਨੇ ਦੱਸਿਆ ਕਿ ਡੇਂਗੂ ਦੇ ਮੱਛਰਾਂ ਦੇ ਖਾਤਮੇ ਲਈ ਬ੍ਰੀਡਿੰਗ ਚੈਕਰਾਂ ਦੀ ਗਿਣਤੀ ਵਧਾ ਕੇ 460 ਕਰ ਦਿੱਤੀ ਗਈ ਹੈ ਅਤੇ ਡੇਂਗੂ ਦੇ ਮਰੀਜ਼ ਦੇ ਘਰ ਦੇ ਆਲੇ-ਦੁਆਲੇ 50-60 ਘਰਾਂ ਵਿੱਚ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕਰਵਾਈ ਜਾ ਰਹੀ ਹੈ ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡੇਂਗੂ, ਏਡੀਜ਼ ਅਜੀਪਟੀ ਨਾਂ ਦੇ ਮਾਦਾ ਮੱਛਰ ਦੇ ਕੱਟਣ ਤੇ ਹੋਣ ਵਾਲੀ ਬਿਮਾਰੀ ਹੈ। ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਪੈ ਰਿਹਾ ਭਾਰੀ ਮੀਂਹ ਇਸ ਬਿਮਾਰੀ ਦੇ ਵਾਧੇ ਦਾ ਪ੍ਰਮੁੱਖ ਕਾਰਨ ਹੈ।