ਮੰਡੀਆਂ ਵਿੱਚ ਬਾਰਦਾਨੇ ਘਾਟ ਅਤੇ ਫ਼ਸਲ ਦੇ ਸਿੱਧੀ ਅਦਾਇਗੀ ਤਹਿਤ ਪੈਸੇ ਲੈਣ ਲਈ ਕਿਸਾਨ ਹੋ ਰਹੇ ਨੇ ਖੱਜਲ ਖ਼ੁਆਰ: ਕੁਲਤਾਰ ਸੰਧਵਾਂ
…ਜੇ ਸਰਕਾਰ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਆਪ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ
ਚੰਡੀਗੜ, 15 ਅਪ੍ਰੈਲ
ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਵਿੱਚ ਹਾੜੀ ਦੇ ਸੀਜਨ ਦੌਰਾਨ ਮੰਡੀਆਂ ਵਿੱਚ ਬਾਰਦਾਨੇ ਘਾਟ ਅਤੇ ਫ਼ਸਲ ਦੇ ਸਿੱਧੀ ਅਦਾਇਗੀ ਤਹਿਤ ਪੈਸੇ ਲੈਣ ਲਈ ਕਿਸਾਨ ਖੱਜਲ ਖ਼ੁਆਰ ਹੋ ਰਹੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਕਿਸਾਨਾਂ ਨੂੰ ਹਾੜੀ ਦੇ ਸੀਜ਼ਨ ਦੌਰਾਨ ਕੋਈ ਸਮੱਸਿਆ ਨਾ ਆਉਣ ਦੇਣ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ।
ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸੂਬੇ ਦੇ ਕਿਸਾਨ ਜਿੱਥੇ ਇੱਕ ਪਾਸੇ ਨਰਿੰਦਰ ਮੋਦੀ ਦੇ ਖੇਤੀਬਾੜੀ ਸਬੰਧੀ ਤਿੰਨ ਕਾਲ਼ੇ ਕਾਨੂੰਨਾਂ ਤੋਂ ਦੁੱਖੀ ਹਨ, ਉਥੇ ਹੀ ਹੁਣ ਸੂਬੇ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਹੋਣ ਕਰਕੇ ਕਣਕ ਦੀ ਠੀਕ ਖਰੀਦ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਬਾਰਦਾਨੇ ਤੋਂ ਬਿਨਾਂ ਨਾ ਤਾਂ ਕਣਕ ਦੀ ਤੁਲਾਈ ਹੋ ਰਹੀ ਹੈ ਅਤੇ ਨਾ ਹੀ ਚੁਕਾਈ। ਉਨਾਂ ਕਿਹਾ ਕਿ ਬਾਰਦਾਨੇ ਦੀ ਘਾਟ ਦੇ ਨਾਲ ਨਾਲ ਹੁਣ ਕਿਸਾਨ ਫ਼ਸਲ ਵੇਚ ਕੇ ਆਪਣੇ ਪੈਸੇ ਲੈਣ ਲਈ ਸਿਧੀ ਅਦਾਇਗੀ ਪੋਰਟਲ ਅਤੇ ਬੈਂਕ ਖਾਤਿਆਂ ਦੀਆਂ ਉਲਝਣਾਂ ਵਿੱਚ ਫਸ ਰਹੇ ਹਨ। ਸੂਬੇ ਦੇ ਕਈ ਇਲਾਕਿਆਂ ਵਿੱਚ ਕਣਕ ਦੀ ਰਕਮ ਦੀ ਸਿੱਧੀ ਅਦਾਇਗੀ ਲਈ ਬਣਾਏ ਗਏ ਪੋਰਟਲ ‘ਤੇ ਉਸ ਇਲਾਕੇ ਦੇ ਬਹੁਤ ਸਾਰੇ ਬੈਂਕ ਦਰਜ ਹੀ ਨਹੀਂ ਹਨ, ਜਿਨਾਂ ਬੈਂਕਾਂ ਵਿੱਚ ਕਿਸਾਨਾਂ ਦੇ ਖਾਤੇ ਹਨ। ਕਿਸਾਨਾਂ ਦੇ ਖਾਤਿਆਂ ਵਾਲੇ ਬੈਂਕ ਅਦਾਇਗੀ ਪੋਰਟਲ ‘ਤੇ ਦਰਜ ਨਾ ਹੋਣ ਕਾਰਨ ਕਿਸਾਨਾਂ ਨੂੰ ਵੇਚੀ ਫ਼ਸਲ ਦੇ ਪੈਸੇ ਨਹੀਂ ਮਿਲ ਰਹੇ। ਵਿਧਾਇਕ ਸੰਧਵਾ ਨੇ ਦੋਸ਼ ਲਾਇਆ ਦੋਸ਼ ਲਾਇਆ ਕਿ ਸੂਬੇ ਦੇ ਕਾਂਗਰਸੀ ਮੰਤਰੀ ਪੰਜਾਬ ਦੇ ਕਿਸਾਨਾਂ ਦੀ ਕਣਕ ਦੀ ਸਹੀ ਖਰੀਦ ਕਰਵਾਉਣ ਤੋਂ ਜ਼ਿਆਦਾ ਹੋਰ ਰਾਜਾਂ ਤੋਂ ਤਸਕਰੀ ਕਰਕੇ ਕਣਕ ਮੰਡੀਆਂ ਵਿੱਚ ਵੇਚਣ ਨੂੰ ਪਹਿਲ ਦੇ ਰਹੇ ਹਨ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਅੱਖਾਂ ਬੰਦ ਕਰਕੇ ਬੈਠੇ ਹਨ। ਉਨਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ‘ਤੇ ਕੈਪਟਨ ਅਮਰਿੰਦਰ ਸਿੰਘ ਜਾਣਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ, ਜੋ ਕੇਂਦਰ ਤੇ ਰਾਜਾਂ ਦੀਆਂ ਅੱਤਿਆਚਾਰੀ ਤੇ ਤਾਨਾਸ਼ਾਹੀ ਸਰਕਾਰਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ।
ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਸਹੀ ਤਰੀਕੇ ਨਾਲ ਖ਼ਰੀਦੀ ਨਾ ਕੀਤੀ ਗਈ ਅਤੇ ਫ਼ਸਲ ਦੀ ਰਕਮ ਦੀ ਅਦਾਇਗੀ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਸੜਕ ‘ਤੇ ਉਤਰ ਕੇ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।