ਐਸ.ਡੀ.ਐਮ. ਫਿਲੌਰ ਵੱਲੋਂ ਸਬ ਡਵੀਜ਼ਨ ਦੀਆਂ ਮੰਡੀਆਂ ਦਾ ਦੌਰਾ
ਐਸ.ਡੀ.ਐਮ. ਫਿਲੌਰ ਵੱਲੋਂ ਸਬ ਡਵੀਜ਼ਨ ਦੀਆਂ ਮੰਡੀਆਂ ਦਾ ਦੌਰਾ
ਕੋਵਿਡ-19 ਦੇ ਮੱਦੇਨਜ਼ਰ ਮੰਡੀਆਂ ਵਿੱਚ ਕੀਤੇ ਗਏ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਜਲੰਧਰ, 25 ਅਪ੍ਰੈਲ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੁਆਰਾ ਮੰਡੀਆਂ ਵਿੱਚ ਲਿਆਂਦੀ ਕਣਕ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਜਿਥੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਨਾਜ ਮੰਡੀਆਂ ਵਿੱਚ ਸੁਚੱਜੇ ਖਰੀਦ ਪ੍ਰਬੰਧ ਕਰਨ ਨਿਰਦੇਸ਼ ਦਿੱਤੇ ਗਏ ਹਨ ਉਥੇ ਕੋਵਿਡ-19 ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜਾਰੀ ਸਮੁੱਚੀਆਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਕੀਤੀਆਂ ਗਈਆਂ ਹਨ, ਜਿਸ ਤਹਿਤ ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਵੱਲੋਂ ਜ਼ਮੀਨੀ ਪੱਧਰ ‘ਤੇ ਮੰਡੀਆਂ ਵਿੱਚ ਕੀਤੇ ਗਏ ਇੰਤਜ਼ਾਮਾਂ ਦਾ ਜਾਇਜ਼ਾ ਲੈਣ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ‘ਤੇ ਐਸ.ਡੀ.ਐਮਜ਼ ਵੱਲੋਂ ਆਪਣੇ-ਆਪਣੇ ਅਧਿਕਾਰ ਖੇਤਰ ਅਧੀਨ ਪੈਂਦੀਆਂ ਮੰਡੀਆਂ ਦੇ ਦੌਰੇ ਕੀਤੇ ਜਾ ਰਹੇ ਹਨ ।
ਇਸੇ ਲੜੀ ਤਹਿਤ ਅੱਜ ਐਸ.ਡੀ.ਐਮ. ਫਿਲੌਰ ਡਾ. ਵਿਨੀਤ ਕੁਮਾਰ ਨੇ ਸਬ-ਡਵੀਜ਼ਨ ਫਿਲੌਰ ਦੀਆਂ ਅਨਾਜ ਮੰਡੀਆਂ ਵਿੱਚ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਕੀਤੇ ਗਏ ਕਣਕ ਦੀ ਫ਼ਸਲ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਤਲਵਨ ਅਨਾਜ ਮੰਡੀ ਦਾ ਦੌਰਾ ਕਰਨ ਮੌਕੇ ਐਸ.ਡੀ.ਐਮ. ਨੇ ਗੱਲਬਾਤ ਕਰਦਿਆਂ ਕਿਹਾ ਕਿ ਸਬ-ਡਵੀਜ਼ਨ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦੀ ਫ਼ਸਲ ਦੀ ਤੁਰੰਤ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਲਿਫ਼ਟਿੰਗ ਵਿੱਚ ਵੀ ਤੇਜ਼ੀ ਲਿਆਂਦੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੰਡੀਆਂ ਵਿੱਚ ਸਮੁੱਚੇ ਕੋਵਿਡ-19 ਪ੍ਰੋਟੋਕਾਲਜ਼ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ, ਮਜ਼ਦੂਰਾਂ ਅਤੇ ਹੋਰਨਾਂ ਨੂੰ ਮਹਾਂਮਾਰੀ ਦੀ ਲਪੇਟ ਵਿੱਚ ਆਉਣ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਮੰਡੀਆਂ ਵਿੱਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਉਥੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਹੋਰਨਾਂ ਨੂੰ ਅਪੀਲ ਕੀਤੀ ਕਿ ਮਾਸਕ, ਸਮਾਜਿਕ ਦੂਰੀ ਅਤੇ ਹੋਰ ਕੋਵਿਡ ਸੁਰੱਖਿਆ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਤਾਂ ਜੋ ਮਹਾਂਮਾਰੀ ਤੋਂ ਬਚਾਅ ਹੋ ਸਕੇ।
ਜ਼ਿਲੇ ’ਚ ਕਿਸਾਨਾਂ ਦੇ ਬੈਂਕ ਖਾਤਿਆਂ ਚ ਹੋਇਆ 196 ਕਰੋੜ ਤੋਂ ਵੱਧ ਦਾ ਆਨਲਾਈਨ ਭੁਗਤਾਨ
– 55 ਫੀਸਦੀ ਕਿਸਾਨਾਂ ਨੂੰ ਕੀਤੀ ਗਈ ਆਨਲਾਇਨ ਅਦਾਇਗੀ
– ਵੱਖ-ਵੱਖ ਏਜੰਸੀਆਂ ਵੱਲੋਂ ਹੁਣ ਤੱਕ 02 ਲੱਖ 08 ਹਜਾਰ 604 ਮੀਟਿ੍ਰਕ ਟਨ ਕਣਕ ਦੀ ਖ਼ਰੀਦ
ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ :
ਜ਼ਿਲੇ ਵਿਚ ਕਣਕ ਦੀ ਖ਼ਰੀਦ ਦਾ ਆਂਕੜਾ ਦੋ ਲੱਖ ਮੀਟਿ੍ਰਕ ਟਨ ਤੋਂ ਪਾਰ ਪਹੁੰਚ ਗਿਆ ਹੈ ਅਤੇ ਬੀਤੀ ਸ਼ਾਮ ਤੱਕ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 02 ਲੱਖ 08 ਹਜਾਰ 604 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਇਹ ਪ੍ਰਕਿਰਿਆ ਬਹੁਤ ਤੇਜੀ ਨਾਲ ਮੁਕੰਮਲ ਹੋਣ ਦੇ ਨੇੜੇ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮ੍ਰਿੰਤ ਕੌਰ ਗਿੱਲ ਨੇ ਦੱਸਿਆ ਕਿ ਜ਼ਿਲੇ ਵਿਚ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਣਕ ਦੀ ਖ਼ਰੀਦ ਦਾ ਕੰਮ ਚੱਲ ਰਿਹਾ ਹੈ ਅਤੇ ਜ਼ਿਲੇ ਵਿਚ ਖ਼ਰੀਦ ਕੀਤੀ ਗਈ ਕਣਕ ਲਈ ਕਿਸਾਨਾਂ ਨੂੰ ਸੁੱਕਰਵਾਰ ਸ਼ਾਮ ਤੱਕ 196 ਕਰੋੜ ਰੁਪਏ ਦੀ ਆਨਲਾਈਨ ਅਦਾਇਗੀ ਕੀਤੀ ਜਾ ਚੁੱਕੀ ਹੈ ।
ਉਨਾਂ ਦੱਸਿਆ ਕਿ ਪਨਗ੍ਰੇਨ ਵੱਲੋਂ ਹੁਣ ਤੱਕ 67.65 ਕਰੋੜ, ਮਾਰਕਫੈੱਡ ਵੱਲੋਂ 28.75 ਕਰੋੜ, ਪਨਸਪ ਵੱਲੋਂ 56 ਕਰੋੜ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 24.17 ਅਤੇ ਐਫ. ਸੀ. ਆਈ ਵੱਲੋਂ 24.81 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਜ਼ਿਲ੍ਹੇ ਦੇ ਕਿਸਾਨਾਂ ਦੀ ਹੁਣ ਤੱਕ ਮੰਡੀਆਂ ਵਿੱਚ ਪੁੱਜੀ ਕਣਕ ਦਾ 55 ਫੀਸਦੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਗਲੇ ਇੱਕ ਹਫਤੇ ਦੌਰਾਨ ਕਿਸਾਨਾਂ ਨੂੰ ਹੁਣ ਤੱਕ ਖਰੀਦੀ ਗਈ ਸਾਰੀ ਫਸਲ ਦਾ ਭੁਗਤਾਨ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਰਕਮ ਦੀ ਸਿੱਧੀ ਟਰਾਂਸਫਰ ਰਾਹੀਂ ਹੋ ਜਾਵੇਗਾ।
ਉਨਾਂ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਖ਼ਰੀਦ ਕੇਂਦਰਾਂ ਵਿਚ ਬੀਤੀ ਸ਼ਾਮ ਤੱਕ ਪਨਗ੍ਰੇਨ ਵੱਲੋਂ 52476 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 48793 ਮੀਟਿ੍ਰਕ ਟਨ, ਪਨਸਪ ਵੱਲੋਂ 47493 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 32223 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 26778 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਸੁੱਕੀ ਕਣਕ ਹੀ ਮੰਡੀਆਂ ਵਿਚ ਲਿਆਉਣ।
ਜ਼ਿਲੇ ਦੀਆਂ ਦਾਣਾ ਮੰਡੀਆਂ ਵਿਚ ਕਣਕ ਦੀ ਫਸਲ ਦੀ ਆਮਦ ਵਧੀ- ਖਰੀਦ ਤੇ ਚੁਕਾਈ ਵਿਚ ਆਈ ਤੇਜ਼ੀ
ਮੰਡੀਆਂ 239174 ਮੀਟਰਕ ਟਨ ਕਣਕ ਦੀ ਆਮਦ ਤੇ 222366 ਮੀਟਰਕ ਟਨ ਦੀ ਹੋਈ ਖਰੀਦ
ਗੁਰਦਾਸਪੁਰ, 25 ਅਪ੍ਰੈਲ ( ) ਜ਼ਿਲੇ ਦੀਆਂ ਦਾਣਾ ਮੰਡੀਆਂ ਵਿਚ ਮੌਸ਼ਮ ਦੇ ਸਾਫ ਹੋਣ ਤੋਂ ਬਾਅਦ ਫਸਲ ਦੀ ਆਮਦ ਵਿਚ ਤੇਜ਼ੀ ਆਈ ਹੈ ਤੇ ਜ਼ਿਲਾ ਪ੍ਰਸ਼ਾਸਨ ਵਲੋਂ ਫਸਲ ਦੀ ਖਰੀਦ ਤੇ ਚੁਕਾਈ ਦੇ ਕੀਤੇ ਪੁਖਤਾ ਪ੍ਰਬੰਧਾ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਕੁਲਜੀਤ ਸਿੰਘ ਜ਼ਿਲ੍ਹਾ ਮੰਡੀ ਅਫਸਰ ਨੇ ਦੱਸਿਆ ਕਿ ਮੋਸਮ ਖਰਾਬ ਹੋਣ ਕਾਰਨ ਪਿਛਲੇ ਦੋ-ਤਿੰਨ ਦਿਨ ਮੰਡੀਆਂ ਵਿਚ ਫਸਲ ਦੀ ਆਮਦ ਪ੍ਰਭਾਵਿਤ ਹੋਈ ਸੀ ਪਰ ਹੁਣ ਦੁਬਾਰਾ ਮੰਡੀਆਂ ਵਿਚ ਫਸਲ ਆਉਣੀ ਸ਼ੁਰੂ ਹੋ ਗਈ ਹੈ ਤੇ ਖਰੀਦ ਏਜੰਸੀਆਂ ਵਿਚ ਨਿਸ਼ਚਿਤ ਸਮੇਂ ਅੰਦਰ ਫਸਲ ਦੀ ਖਰੀਦ ਤੇ ਚੁਕਾਈ ਨੂੰ ਯਕੀਨੀ ਬਣਾਇਆ ਗਿਆ ਹੈ।
ਜ਼ਿਲ੍ਹਾ ਮੰਡੀ ਅਫਸਰ ਨੇ ਅੱਗੇ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿਚ 239174 ਮੀਟਰਕ ਟਨ ਕਣਕ ( 24 ਅਪ੍ਰੈਲ ਤਕ) ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 226366 ਮੀਟਰਕ ਟਨ ਦੀ ਖਰੀਦ ਹੋ ਗਈ ਹੈ। ਪਨਗਰੇਨ ਵਲੋਂ 68516 ਮੀਟਰਕ ਟਨ, ਮਾਰਕਫੈੱਡ ਵਲੋਂ 61456 ਮੀਟਰਕ ਟਨ, ਪਨਸਪ ਵਲੋਂ 46850 ਮੀਟਰਕ ਟਨ, ਵੇਅਰਹਾਊਸ ਵਲੋਂ 32465 ਅਤੇ ਐਫ.ਸੀ.ਆਈ ਵਲੋਂ 17079 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ 240 ਕਰੋੜ 33 ਲੱਖ ਰੁਪਏ ਦੀ ਉਨਾਂ ਦੇ ਖਾਤੇ ਵਿਚ ਸਿੱਧੀ ਅਦਾਇਗੀ ਕੀਤੀ ਜਾ ਚੁੱਕੀ ਹੈ । ਬਾਰਸ਼ ਕਾਰਨ ਫਸਲ ਦੀ ਚੁਕਾਈ ਪ੍ਰਭਾਵਿਤ ਹੋਈ ਸੀ ਤੇ 36 ਫੀਸਦ ਫਸਲ ਦੀ ਚੁਕਾਈ ਹੋ ਸਕੀ ਸੀ ਪਰ ਹੁਣ ਮੰਡੀਆਂ ਵਿਚ ਫਸਲ ਦੀ ਚੁਕਾਈ ਵਿਚ ਤੇਜ਼ੀ ਲਿਆਂਦੀ ਗਈ ਹੈ ਤਾਂ ਜੋ ਮੰਡੀਆਂ ਵਿਚ ਆਉਣ ਵਾਲੀ ਫਸਲ ਸਬੰਧੀ ਕੋਈ ਮੁਸ਼ਕਿਲ ਪੇਸ਼ ਨਾਲ ਆਵੇ। ਉਨਾਂ ਦੱਸਿਆ ਕਿ ਖਰੀਦ ਏਜੰਸੀਆਂ ਵਲੋਂ ਮੰਡੀਆਂ ਵਿਚ ਬਾਰਦਾਨੇ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਜ਼ਿਲੇ ਅੰਦਰ 5 ਲੱਖ 15 ਹਜ਼ਾਰ 94 ਮੀਟਰਕ ਟਨ ਕਣਕ ਦੀ ਖਰੀਦ ਹੋਈ ਸੀ ਅਤੇ ਇਸ ਸਾਲ ਵੀ ਏਨੀ ਕਣਕ ਦੀ ਮੰਡੀਆਂ ਵਿਚ ਆਮਦ ਹੋਣ ਦੀ ਆਸ ਹੈ।
ਉਨਾਂ ਅੱਗੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਮੰਡੀਆਂ ਵਿਚ ਕੋਵਿਡ-19 ਮਹਾਂਮਾਰੀ ਨੂੰ ਮੁੱਖ ਰੱਖਦਿਆਂ ਸੁਚਾਰੂ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕੋਰੋਨਾ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਫਸਲ ਸੁਕਾ ਹੀ ਮੰਡੀਆਂ ਵਿਚ ਲਿਆਉਣ।
ਜ਼ਿਲ੍ਹੇ ’ਚ ਕਿਸਾਨਾਂ ਨੂੰ ਕਰੀਬ 100 ਕਰੋੜ ਰੁਪਏ ਦੀ ਕੀਤੀ ਆਨਲਾਈਨ ਅਦਾਇਗੀ-ਡਿਪਟੀ ਕਮਿਸ਼ਨਰ
ਜਿਲੇ੍ਹ ਵਿਚ ਕਣਕ ਦੀ ਖਰੀਦ ਵਿਚ ਪਨਗਰੇਨ ਏਜੰਸੀ ਮੋਹਰੀ
*ਵੱਖ-ਵੱਖ ਏਜੰਸੀਆਂ ਵੱਲੋਂ ਹੁਣ ਤੱਕ 167328 ਮੀਟ੍ਰਿਕ ਟਨ ਕਣਕ ਦੀ ਖ਼ਰੀਦ
ਅੰਮ੍ਰਿਤਸਰ, 25 ਅਪ੍ਰੈਲ :
ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਦਾ ਅੰਕੜਾ ਡੇਢ ਲੱਖ ਮੀਟ੍ਰਿਕ ਟਨ ਤੋਂ ਜਿਆਦਾ ਪਹੁੰਚ ਗਿਆ ਹੈ ਅਤੇ ਬੀਤੀ ਸ਼ਾਮ ਤੱਕ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 167328 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਬਰਸਾਤੀ ਮੌਸਮ ਤੋ ਬਾਅਦ ਹੁਣ ਕਣਕ ਦੀ ਖਰੀਦ ਵਿਚ ਕਾਫੀ ਤੇਜੀ ਪਾਈ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਣਕ ਦੀ ਖ਼ਰੀਦ ਦਾ ਕੰਮ ਚੱਲ ਰਿਹਾ ਹੈ ਅਤੇ ਜ਼ਿਲ੍ਹੇ ਵਿਚ ਖ਼ਰੀਦ ਕੀਤੀ ਗਈ ਕਣਕ ਲਈ ਹੁਣ ਤੱਕ ਕਿਸਾਨਾਂ ਨੂੰ 100.56 ਕਰੋੜ ਰੁਪਏ ਦੀ ਅਦਾਇਗੀ ਆਨਲਾਈਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗ੍ਰੇਨ ਏੰਜੰਸੀ ਹੁਣ ਤੱਕ ਜ਼ਿਲੇ੍ਹ ਵਿਚ ਕਣਕ ਦੀ ਖਰੀਦ ਵਿਚ ਮੋਹਰੀ ਰਹੀ ਹੈ ਅਤੇ ਇਸ ਏਜੰਸੀ ਵੱਲੋਂ ਹੁਣ ਤੱਕ 50583 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਇਸੇ ਤਰਾ੍ਹ ਜ਼ਿਲ੍ਹੇ ਦੇ ਵੱਖ-ਵੱਖ ਖ਼ਰੀਦ ਕੇਂਦਰਾਂ ਵਿਚ ਬੀਤੀ ਸ਼ਾਮ ਤੱਕ ਪਹੁੰਚੀ ਕੁੱਲ 181953 ਮੀਟ੍ਰਿਕ ਟਨ ਕਣਕ ਵਿਚੋਂ ਮਾਰਕਫੈੱਡ ਵੱਲੋਂ 50299 ਮੀਟ੍ਰਿਕ ਟਨ, ਪਨਸਪ ਵੱਲੋਂ 38253 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 16202 ਮੀਟ੍ਰਿਕ ਟਨ ਅਤੇ ਐਫ. ਸੀ. ਆਈ ਵੱਲੋਂ 11891 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।
ਸ: ਖਹਿਰਾ ਨੇ ਦੱਸਿਆ ਕਿ ਪਨਗਰੇਨ ਏਜੰਸੀ ਵਲੋ ਕਿਸਾਨਾਂ ਨੂੰ 31.22 ਕਰੋੜ, ਮਾਰਕਫੈਡ ਵਲੋ 42.52 ਕਰੋੜ ਰੁਪਏ, ਪਨਸਪ ਵਲੋ 15.66 ਕਰੋੜ ਰੁਪਏ, ਵੇਅਰਹਾਊਸ ਵਲੋ 10.82 ਕਰੋੜ ਰੁਪਏ ਅਤੇ ਐਫ ਸੀ ਆਈ ਵਲੋ 0.34 ਕਰੋੜ ਰੁਪਏ ਦੀ ਅਦਾਇਗੀ ਕਣਕ ਦੀ ਖਰੀਦ ਵਜੋ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਸਮ ਵਿਚ ਆਈ ਵਿਪਰੀਤ ਤਬਦੀਲੀ ਦੇ ਬਾਵਜੂਦ ਮੰਡੀਆਂ ਵਿਚ ਕਣਕ ਦੀ ਆਮਦ ਤੇਜ਼ੀ ਨਾਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿਚ ਜਿਸ ਗਤੀ ਨਾਲ ਕਣਕ ਦੀ ਆਮਦ ਹੋ ਰਹੀ ਹੈ, ਉਸੇ ਗਤੀ ਨਾਲ ਕਣਕ ਦੀ ਖ਼ਰੀਦ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖ਼ਰੀਦੀ ਗਈ ਕਣਕ ਦਾ ਭੁਗਤਾਨ ਲਗਾਤਾਰ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਆਨਲਾਈਨ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਸੁੱਕੀ ਕਣਕ ਹੀ ਮੰਡੀਆਂ ਵਿਚ ਲਿਆਉਣ।
ਕਣਕ ਦੀ ਸਿੱਧੀ ਅਦਾਇਗੀ ਵਾਸਤੇ ‘ਅਨਾਜ ਖ਼ਰੀਦ ਪੋਰਟਲ’ ‘ਤੇ ਕਿਸਾਨਾਂ ਦੀ ਮੁਫ਼ਤ ਰਜਿਸਟਰੇਸ਼ਨ ਲਈ ਚੱਲ ਰਹੇ ਫਾਰਮਰ ਹੈਲਪ ਡੈਸਕ
– ਜ਼ਿਲ੍ਹਾ ਮੰਡੀ ਬੋਰਡ ਨੇ ਕਿਸਾਨਾਂ ਦੀ ਸਹੂਲਤ ਲਈ ਕੀਤਾ ਉਪਰਾਲਾ
ਮੋਗਾ, 25 ਅਪ੍ਰੈਲ – ਜ਼ਿਲ੍ਹਾ ਮੋਗਾ ਦੀਆਂ ਅਨਾਜ ਮੰਡੀਆਂ ਵਿੱਚ ਫ਼ਸਲ ਵੇਚਣ ਵਾਲੇ ਕਿਸਾਨਾਂ ਦੀ ‘ਅਨਾਜ ਖ਼ਰੀਦ ਪੋਰਟਲ’ ‘ਤੇ ਮੁਫ਼ਤ ਰਜਿਸਟਰੇਸ਼ਨ ਵਾਸਤੇ ਜ਼ਿਲ੍ਹਾ ਮੰਡੀ ਬੋਰਡ ਵੱਲੋਂ ਮਾਰਕੀਟ ਕਮੇਟੀਆਂ ਦੇ ਦਫ਼ਤਰਾਂ ਵਿੱਚ ਫਾਰਮਰ ਹੈਲਪ ਡੈਸਕਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਦੀ ਬੈਂਕਾਂ ਰਾਹੀਂ ਸਿੱਧੀ ਅਦਾਇਗੀ ਪ੍ਰਾਪਤ ਕਰਨ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਿਲ੍ਹਾ ਮੰਡੀ ਅਫ਼ਸਰ ਸ੍ਰ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਮੰਡੀ ਬੋਰਡ ਵੱਲੋਂ ਜ਼ਿਲ੍ਹੇ ਦੀਆਂ ਮਾਰਕੀਟ ਕਮੇਟੀ ਦਫ਼ਤਰਾਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਫਾਰਮਰ ਹੈਲਪ ਡੈਸਕ ਸ਼ੁਰੂ ਕੀਤੇ ਗਏ ਹਨ, ਜਿਥੇ ਕਿਸਾਨ ਆਪਣੇ ਬੈਂਕ ਖਾਤਿਆਂ ਵਿੱਚ ਫ਼ਸਲ ਦੀ ਸਿੱਧੀ ਅਦਾਇਗੀ ਪ੍ਰਾਪਤ ਕਰਨ ਵਾਸਤੇ ਮੁਫ਼ਤ ਵਿੱਚ ‘ਅਨਾਜ ਖ਼ਰੀਦ ਪੋਰਟਲ’ ‘ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪੋਰਟਲ ‘ਤੇ ਮੁਫ਼ਤ ਰਜਿਸਟਰੇਸ਼ਨ ਲਈ ਕਿਸਾਨ ਆਪਣੇ ਨਾਲ ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ ਨਾਲ ਲੈ ਕੇ ਆਉਣ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣਾ ਰਜਿਸਟਰਡ ਮੋਬਾਇਲ ਨੰਬਰ ਦੇਣ ਦੀ ਲੋੜ ਹੈ, ਜਿਸ ‘ਤੇ ਸਿੱਧੀ ਅਦਾਇਗੀ ਸਬੰਧੀ ਓ.ਟੀ.ਪੀ. ਭੇਜਿਆ ਜਾਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਮੰਡੀ ਦਫ਼ਤਰ ਵਿਖੇ ਹੈਲਪ ਡੈਸਕ ਵੀ ਸਥਾਪਤ ਕੀਤਾ ਗਿਆ ਹੈ, ਜਿੱਥੇ ਕੋਈ ਵੀ ਮੁਸ਼ਕਲ ਆਉਣ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੰਡੀ ਬੋਰਡ ਕਿਸਾਨਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਖਰੀਦ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਵਚਨਬੱਧ ਹੈ, ਜਿਸ ਲਈ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਰੋਗਾਣੂ ਮੁਕਤ ਸੋਡੀਅਮ ਹਾਈਪੋ ਕਲੋਰਾਈਟ ਦੇ ਛਿੜਕਾਅ, ਸੈਨੇਟਾਈਜ਼ਰ, ਪੀਣ ਵਾਲੇ ਪਾਣੀ, ਹੱਥ ਧੋਣ ਲਈ ਸਾਬਣ ਆਦਿ ਸਮੇਤ ਸਮੁੱਚੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਮਜ਼ਦੂਰਾਂ, ਆੜ੍ਹਤੀਆਂ ਅਤੇ ਹੋਰਨਾਂ ਨੂੰ ਕੋਈ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਕੋਵਿਡ-19 ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਕਿਸਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।