Punjab

ਜ਼ਰੂਰੀ ਹੈ ਪੰਜਾਬ ‘ਚ ਜਲ, ਜੰਗਲ ਅਤੇ ਜ਼ਮੀਨ ਦਾ ਵਿਗੜਿਆ ਤਵਾਜ਼ਨ ਸਹੀ ਕਰਨਾ: ਭਗਵੰਤ ਮਾਨ

 

-ਰਿਵਾਇਤੀ ਸੱਤਾਧਾਰੀ ਦਲਾਂ ਦੀ ਬੇਈਮਾਨ ਨੀਅਤ ਅਤੇ ਨਲਾਇਕ ਨੀਤੀਆਂ ਨੇ ਪੰਜਾਬ ਦਾ ਚੌਗਿਰਦਾ ਤਬਾਹ ਕੀਤਾ: ਭਗਵੰਤ ਮਾਨ

-‘ਆਪ’ ਦੀ ਸਰਕਾਰ ਕੁਦਰਤੀ ਸਾਧਨਾਂ- ਸਰੋਤਾਂ ਦੀ ਸਾਂਭ- ਸੰਭਾਲ ਲਈ ਪਹਿਲ ਦੇ ਆਧਾਰ ‘ਤੇ ਕੰਮ ਕਰੇਗੀ: ਭਗਵੰਤ ਮਾਨ

ਚੰਡੀਗੜ, 26 ਫਰਵਰੀ 2022
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ, ਸੰਸਦ ਮੈਂਬਰ ਅਤੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਗੜਬੜਾ ਚੁੱਕੀ ਆਬੋ- ਹਵਾ ਉਤੇ ਡੂੰਘੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਜਲ, ਜੰਗਲ ਅਤੇ ਜ਼ਮੀਨ ਨੂੰ ਬਚਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈ। ਮਾਨ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅਤੇ ਅਗਲੀਆਂ ਪੀੜੀਆਂ ਦੀ ਹੋਂਦ ਲਈ ਖ਼ਤਰਾ ਬਣੀ ਇਸ ਚੁਣੌਤੀ ਨਾਲ ਨਿਪਟਣ ਲਈ ਲੋੜੀਂਦੇ ਕਦਮ ਚੁੱਕੇਗੀ ਅਤੇ ਇਸ ਮਿਸ਼ਨ ਲਈ ਸੂਬੇ ਦੇ ਅਵਾਮ, ਮਾਹਿਰਾਂ ਅਤੇ ਸਮਾਜ ਸੇਵੀ ਸੰਗਠਨਾਂ ਸਮੇਤ ਐਨ.ਆਰ.ਆਈ ਭਾਈਚਾਰੇ ਦਾ ਵਡਮੁੱਲਾ ਸਹਿਯੋਗ ਲਵੇਗੀ।
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ, ”ਪੰਜਾਬ ਦੀ ਪਛਾਣ ਇੱਥੇ ਵਗਦੇ ਨਿਰਮਲ ਦਰਿਆ, ਨਦੀਆਂ, ਪਾਣੀ ਅਤੇ ਉਪਜਾਊ ਜ਼ਮੀਨ ਕਾਰਨ ਰਹੀ ਹੈ। ਪਰ ਆਜ਼ਾਦੀ ਤੋਂ ਬਾਅਦ ਭੁੱਖਮਰੀ ਦਾ ਸ਼ਿਕਾਰ ਦੇਸ਼ ਦੀਆਂ ਅਨਾਜ ਲੋੜਾਂ ਦੀ ਪੂਰਾ ਕਰਨ ਲਈ ਪੰਜਾਬ ਵਾਸੀਆਂ ਨੇ ਆਪਣੇ ਜੰਗਲ, ਜ਼ਮੀਨ ਅਤੇ ਜਲ ਬੁਰੀ ਤਰਾਂ ਦਾਅ ‘ਤੇ ਲਗਾ ਦਿੱਤੇ। ਨਤੀਜੇ ਵਜੋਂ ਹੁਣ ਪੰਜਾਬ ਦੀ ਜ਼ਮੀਨ, ਪਾਣੀ ਅਤੇ ਹਵਾ ਲਗਾਤਾਰ ਖ਼ਰਾਬ ਹੋ ਰਹੇ ਹਨ।” ਇਸ ਅਣਕਿਆਸੇ ਨੁਕਸਾਨ ਲਈ ਜਿੰਮੇਵਾਰ ਪੰਜਾਬ ਦੇ ਲੋਕ ਅਤੇ ਕਿਸਾਨ ਨਹੀਂ, ਸਿਰਫ਼ ਅਤੇ ਸਿਰਫ਼ ਸਰਕਾਰਾਂ ਅਤੇ ਉਹ ਸਿਆਸੀ ਧਿਰਾਂ ਹਨ, ਜਿਨਾਂ ਨੇ ਅੱਜ ਤੱਕ ਪੰਜਾਬ ਅਤੇ ਕੇਂਦਰ ‘ਚ ਰਾਜ ਕੀਤਾ ਹੈ। ਜੇਕਰ ਸੱਤਾਧਾਰੀ ਧਿਰਾਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਦੂਰਅੰਦੇਸ਼ ਨੀਤੀ ਅਤੇ ਪੰਜਾਬ ਲਈ ਹਮਦਰਦ ਨੀਅਤ ਰੱਖਦੇ ਹੁੰਦੇ ਤਾਂ ਪੰਜਾਬ ਦੇ ਕੁਦਰਤੀ ਜਲ ਸਰੋਤਾਂ, ਜੰਗਲਾਂ ਅਤੇ ਜ਼ਰਖ਼ੇਜ਼ ਜ਼ਮੀਨਾਂ ਦਾ ਇੰਝ ਬੁਰਾ ਹਾਲ ਨਾ ਹੁੰਦਾ। ਇਹ ਚਿਤਾਵਨੀਆਂ ਨਾ ਮਿਲਦੀਆਂ ਕਿ ਜੇਕਰ ਪੰਜਾਬ ਦੇ ਬਰਸਾਤੀ, ਦਰਿਆਈ ਅਤੇ ਜ਼ਮੀਨਦੋਜ਼ ਪਾਣੀ ਨੂੰ ਨਾ ਸੰਭਾਲਿਆ ਤਾਂ ਪੰਜਾਬ ਰੇਗਿਸਤਾਨ ਬਣ ਜਾਵੇਗਾ। ਪ੍ਰੰਤੂ ਇਹਨਾਂ ਸੱਤਾਧਾਰੀਆਂ ਨੇ ਕਦੇ ਕੋਈ ਪਰਵਾਹ ਨਹੀਂ ਕੀਤੀ ਕਿ ਪ੍ਰਦੂਸ਼ਿਤ ਹੋ ਰਹੀ ਆਬੋ- ਹਵਾ ਅਤੇ ਧਰਤੀ ਹੇਠਲੇ ਪਾਣੀ ਨੂੰ ਹੋਰ ਡੂੰਘਾ ਉਤਰਣ ਤੋਂ ਕਿਵੇਂ ਰੋਕਿਆ ਜਾਵੇ? ਘਟਦੇ ਜਾ ਰਹੇ ਕੁਦਰਤੀ ਅਤੇ ਦਰਿਆਈ ਜਲ ਸਰੋਤਾਂ ਦੀ ਸੁਚੱਜੀ ਵਰਤੋਂ ਕਿਵੇਂ ਹੋਵੇ? ਫਸਲਾਂ ਲਈ ਖਾਦਾਂ ਅਤੇ ਕੀਟਨਾਸਕਾਂ, ਨਦੀਨ ਨਾਸਕਾਂ ਦੀ ਅੰਨੇਵਾਹ ਵਰਤੋਂ ਰੋਕਣ ਲਈ ਕੀ ਕਦਮ ਚੁੱਕੇ ਜਾਣ? ਰੁੱਖਾਂ ਅਤੇ ਜੰਗਲਾਂ ਹੇਠ ਰਕਬਾ ਕਿਵੇਂ ਵਧਾਇਆ ਜਾਵੇ? ਇਹ ਸਾਰੀਆਂ ਧਿਆਨ ਮੰਗਦੀਆਂ ਗੱਲਾਂ ਹਨ, ਜਿਨਾਂ ਬਾਰੇ ਕਾਂਗਰਸ, ਕੈਪਟਨ ਅਤੇ ਬਾਦਲਾਂ ਨੇ ਕਦੇ ਗੰਭੀਰਤਾ ਨਾਲ ਨਹੀਂ ਸੋਚਿਆ, ਕਿਉਂਕਿ ਇਹ ਸੱਤਾਧਾਰੀ ਭ੍ਰਿਸ਼ਟਾਚਾਰੀ ਅਤੇ ਮਾਫੀਆ ਰਾਜ ਰਾਹੀਂ ਆਪਣਾ ਘਰ ਭਰਨ ਤੱਕ ਸੀਮਤ ਰਹੇ। ਰੇਤ ਮਾਫੀਆ ਅਤੇ ਜ਼ਮੀਨ ਮਾਫੀਆ ਇਸਦੀ ਪ੍ਰਤੱਖ ਮਿਸਾਲ ਹਨ, ਜਿਸ ਨੇ ਜਲ, ਜੰਗਲ ਅਤੇ ਜ਼ਮੀਨ ਦਾ ਵੱਡਾ ਨੁਕਸਾਨ ਕੀਤਾ। ਇਹ ਭ੍ਰਿਸ਼ਟਾਚਾਰ ਦਾ ਹੀ ਨਤੀਜਾ ਹੈ ਕਿ ਧਰਤੀ ਹੇਠਲੇ ਚੰਗੇ ਪਾਣੀ ਦੀ ਵਰਤੋਂ ਕਰਕੇ ਗੰਦੇ ਪਾਣੀ ਨੂੰ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਰੋੜ ਦਿੱਤਾ ਜਾਂਦਾ ਹੈ, ਜਿਸ ਕਾਰਨ ਜ਼ਮੀਨ, ਪਾਣੀ ਅਤੇ ਹਵਾ ਦਾ ਪ੍ਰਦੂਸ਼ਣ ਵੱਧਦਾ ਗਿਆ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਹਾਲਤ ਇਹ ਹੈ ਕਿ ‘ਪਾਣੀ’ ਦੇ ਨਾਂਅ ‘ਤੇ ਜਾਣਿਆ ਜਾਂਦਾ ਪੰਜਾਬ ਵਿਚ ਸੁੱਕਦਾ ਜਾ ਰਿਹਾ ਹੈ। ਪੰਜਾਬ ਦੇ ਮਾਲਵਾ, ਦੁਅਬਾ ਅਤੇ ਪੁਆਧ ਹਲਕੇ ਜ਼ਮੀਨਦੋਜ਼ ਪਾਣੀ ਤੋਂ ਖਾਲੀ ਹੋ ਗਏ ਹਨ। ਹਰ ਸਾਲ ਜ਼ਮੀਨੀ ਪਾਣੀ ਦਾ ਪੱਧਰ ਡੂੰਘਾ ਚਲੇ ਜਾਂਦਾ ਹੈ ਅਤੇ ਉਪਰੋਂ ਮੀਂਹ ਪੈਣ ਦੀ ਦਰ 1998 ਤੋਂ ਬਾਅਦ ਘਟਦੀ ਜਾ ਰਹੀ ਹੈ ਨਤੀਜਣ 147 ਬਲਾਕਾਂ ਵਿਚੋਂ ਕਰੀਬ 120 ਬਲਾਕ ਡਾਰਕ ਜ਼ੋਨ ‘ਚ ਚਲੇ ਗਏ ਹਨ। ਉਨਾਂ ਦੱਸਿਆ ਕਿ ਪੰਜਾਬ ‘ਚ ਵੱਡੇ ਪੱਧਰ ‘ਤੇ ਬਗੈਰ ਮਾਸਟਰ ਪਲਾਨ (ਨੀਤੀ) ਦੇ ਰਿਹਾਇਸ਼ੀ ਕਲੋਨੀਆਂ ਉਸਾਰੀਆਂ ਗਈਆਂ, ਜਿਸ ਕਾਰਨ ਸੂਬੇ ਵਿਚੋਂ ਪਾਣੀ ਦੇ ਕੁਦਰਤੀ ਵਾਹਅ, ਨਦੀਆਂ, ਨਾਲੇ ਅਤੇ ਜੰਗਲ ਖ਼ਤਮ ਹੋ ਗਏ ਹਨ। ਪੰਜਾਬ ‘ਚ ਮਾਤਰ 6.12 ਫੀਸਦ ਜੰਗਲ ਰਹਿ ਗਿਆ ਹੈ, ਇਸ ਕਾਰਨ ਪੰਜਾਬ ਦੀ ਆਬੋ- ਹਵਾ ਵੀ ਦਿਨ ਪ੍ਰਤੀ ਦਿਨ ਦੂਸ਼ਤ ਹੁੰਦੀ ਜਾ ਰਹੀ ਹੈ।
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਪੰਜਾਬ ‘ਤੇ ਰਾਜ ਕਰਦੀਆਂ ਰਹੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਇੱਥੇ ਦੇ ਕੁਦਰਤੀ ਸਾਧਨਾਂ ਜਲ, ਜੰਗਲ ਅਤੇ ਜ਼ਮੀਨ ਨੂੰ ਲੁੱਟਿਆ ਅਤੇ ਬਰਬਾਦ ਕੀਤਾ ਹੈ ਅਤੇ ਆਪਣੇ ਘਰ ਦੌਲਤ ਨਾਲ ਭਰੇ ਹਨ। ਮਾਨ ਨੇ ਕਿਹਾ ਕਿ ਪੰਜਾਬ ‘ਚੋਂ ਖ਼ਤਮ ਹੋ ਰਹੇ ਜੰਗਲ, ਜ਼ਮੀਨ ਅਤੇ ਪਾਣੀ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਹਨ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਇਨਾਂ ਕੁੱਦਰਤੀ ਸਾਧਨਾਂ- ਸਰੋਤਾਂ ਦੀ ਸਾਂਭ- ਸੰਭਾਲ ਲਈ ਸਭ ਦੇ ਸਹਿਯੋਗ ਨਾਲ ਪਹਿਲ ਦੇ ਆਧਾਰ ‘ਤੇ ਕੰਮ ਕਰੇਗੀ ਤਾਂ ਜੋ ਪੰਜਾਬ ਮੁੱੜ ਤੋਂ ਖੁਸ਼ਹਾਲ ਪੰਜਾਬ ਬਣ ਸਕੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!