Punjab
*’ਪਾਣੀ ਬਚਾਓ, ਖੇਤੀ ਬਚਾਓ’ ਮੋਰਚੇ ਪੰਜਵੇਂ ਦਿਨ ਵੀ ਜਾਰੀ ਤੇ ਅੱਜ ਵੀ ਅਗਵਾਈ ਔਰਤ ਆਗੂਆਂ ਨੇ ਕੀਤੀ*
*ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਝੋਨੇ ਤੇ ਹੋਰ ਫ਼ਸਲਾਂ ਦੀ ਐਮ ਐੱਸ ਪੀ ‘ਚ ਕੀਤਾ ਨਿਗੂਣਾ ਵਾਧਾ ਰੱਦ*
10 ਜੂਨ (ਜਲਾਲਾਬਾਦ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੇਂਦਰ ਸਰਕਾਰ ਦੁਆਰਾ ਝੋਨੇ ਅਤੇ ਹੋਰ ਫ਼ਸਲਾਂ ਦੀ ਐਮ ਐੱਸ ਪੀ ਵਿੱਚ ਕੀਤਾ ਗਿਆ ਨਿਗੂਣਾ ਵਾਧਾ ਰੱਦ ਕੀਤਾ ਗਿਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀ ਵਾਲਾ, ਜਨਰਲ ਸਕੱਤਰ ਗੁਰਬਾਜ਼ ਸਿੰਘ ਜਾਨੀਸਰ ਨੇ ਇਸ ਸੰਬੰਧੀ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਇਸ ਦਾ ਕਾਰਨ ਦੱਸਿਆ ਹੈ ਕਿ (ਸੀ-2+50%) ਫਾਰਮੂਲੇ ਮੁਤਾਬਕ ਖੇਤੀਬਾੜੀ ਵਿਭਾਗ ਪੰਜਾਬ ਦੁਆਰਾ ਛੇ ਮਹੀਨੇ ਪਹਿਲਾਂ ਇਸ ਸੌਣੀ ਸੀਜ਼ਨ ਲਈ ਝੋਨੇ ਦਾ ਐਮ ਐੱਸ ਪੀ 3135 ਰੁ: ਏ ਗ੍ਰੇਡ ਦਾ ਅਤੇ 3085 ਰੁ: ਆਮ ਕਿਸਮ ਦਾ ਪ੍ਰਤੀ ਕੁਇੰਟਲ ਮੰਗਿਆ ਗਿਆ ਸੀ,ਪਰ ਕੇਂਦਰ ਨੇ ਦਿੱਤਾ ਹੈ ਕ੍ਰਮਵਾਰ ਸਿਰਫ਼ 2060 ਅਤੇ 2040 ਰੁ:। ਇਸ ਤਰ੍ਹਾਂ ਝੋਨੇ ਸਮੇਤ ਹੋਰ ਫ਼ਸਲਾਂ ਦੇ ਐਮ ਐੱਸ ਪੀ ਵੀ ਬੇਹੱਦ ਘਾਟੇਵੰਦੇ ਐਲਾਨੇ ਗਏ ਹਨ। ਕਿਸਾਨ ਜਥੇਬੰਦੀਆਂ ਦੀ ਚਿਰੋਕਣੀ ਮੰਗ ਹੈ ਕਿ ਸਾਰੀਆਂ ਫ਼ਸਲਾਂ ਦੇ ਐਮ ਐੱਸ ਪੀ (ਸੀ-2+50%) ਫਾਰਮੂਲੇ ਮੁਤਾਬਕ ਲਾਹੇਵੰਦ ਮਿਥੇ ਜਾਣ ਅਤੇ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ।
ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਹੈ ਕਿ ਜਥੇਬੰਦੀ ਵੱਲੋਂ ਇਨ੍ਹਾਂ ਮੰਗਾਂ ਉੱਤੇ ਸਾਂਝੇ ਸੰਘਰਸ਼ ਲਈ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ, ਜਿਸਦੇ ਨਤੀਜੇ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਸ ਬਾਰੇ ਪੂਰੀ ਸਹਿਮਤੀ ਜ਼ਾਹਰ ਕੀਤੀ ਗਈ ਹੈ ਅਤੇ ਕੁੱਝ ਹੋਰ ਜਥੇਬੰਦੀਆਂ ਨੇ ਵੀ ਹਾਂ-ਪੱਖੀ ਹੁੰਗਾਰਾ ਭਰਿਆ ਹੈ।
ਕਿਸਾਨ ਆਗੂਆਂ ਨੇ ਗੁਰਮੀਤ ਸਿੰਘ ਮੰਨੇ ਵਾਲਾ, ਸੁਖਵਿੰਦਰ ਸਿੰਘ ਮੇਜਰ ਸਿੰਘ , ਜਤਿੰਦਰ ਸਿੰਘ , ਕੁਲਬੀਰ ਸਿੰਘ ਪੰਨੂ , ਜਸਵਿੰਦਰ ਸਿੰਘ ਖਜਾਨਚੀ ਜਿਲਾ ਔਰਤ ਆਗੂ ਰਾਜਨਦੀਪ ਕੌਰ ਮੰਮੂਖੇੜਾ ਹਰਪ੍ਰੀਤ ਕੌਰ ਮੰਮੂਖੇੜਾ,ਸ਼ੇਰ ਸਿੰਘ, ਕੁਲਵਿੰਦਰ ਸਿੰਘ,ਜਗਨਾਮ ਸਿੰਘ,ਤਰਸੇਮ ਸਿੰਘ,ਗੁਰਮੇਲ ਸਿੰਘ,ਸਰਵਨ ਕੁਮਾਰ, ਇਕਬਾਲ ਸਿੰਘ ਦੱਸਿਆ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਵੱਲੋਂ ਇਹ ਮੰਗਾਂ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣ ਦੀ ਸੂਰਤ ਵਿੱਚ ਇਨ੍ਹਾਂ ਦੀ ਪੂਰਤੀ ਲਈ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ। 10 ਜੂਨ ਤੱਕ ਲਗਾਤਾਰ ਚੱਲਣ ਵਾਲੇ ਇਨ੍ਹਾਂ ‘ਪਾਣੀ ਬਚਾਓ, ਖੇਤੀ ਬਚਾਓ’ ਮੋਰਚਿਆਂ ਵਿੱਚ ਬੁਲਾਰਿਆਂ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ ਜਾ ਰਿਹਾ ਹੈ। ਪਿੰਡ ਪਿੰਡ ਢੋਲ ਮਾਰਚ, ਜਾਗੋ ਮਾਰਚ ਕੀਤੇ ਜਾ ਰਹੇ ਹਨ।