ਸੰਸਾਰ ਬੈਂਕ ਤੋਂ ਪਾਣੀ ਬਚਾਓ ਅਤੇ ਖੇਤੀ ਬਚਾਓ ਅੱਜ ਤੀਜੇ ਦਿਨ ਵਿੱਚ ਸ਼ਾਮਿਲ ਭਾਕਿਯੂ (ਏਕਤਾ-ਉਗਰਾਹਾਂ)ਫਾਜ਼ਿਲਕਾ
*ਸੰਸਾਰ ਬੈਂਕ ਤੋਂ ਪਾਣੀ ਬਚਾਓ ਅਤੇ ਖੇਤੀ ਬਚਾਓ ਅੱਜ ਤੀਜੇ ਦਿਨ ਵਿੱਚ ਸ਼ਾਮਿਲ ਭਾਕਿਯੂ (ਏਕਤਾ-ਉਗਰਾਹਾਂ)ਫਾਜ਼ਿਲਕਾ*
7 ਜੂਨ ( ਫਾਜ਼ਿਲਕਾ) ਸੰਸਾਰ ਬੈਂਕ ਤੋਂ ਪਾਣੀ ਬਚਾਓ ਅਤੇ ਖੇਤੀ ਬਚਾਓ ਪੰਜ ਰੋਜ਼ਾ ਸੂਬਾਈ ਮੋਰਚੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਤੀਜੇ ਦਿਨ 18 ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿੱਚ ਧਰਨੇ ਲਾਏ ਗਏ।ਅੱਜ ਉੱਥੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਮੂੰਮ ਖੇੜਾ, ਸੈਦੋਕੇ,ਖੁੜੰਜ,ਭੋਡੀਪੁਰ, ਗੁਮਾਨੀ ਵਾਲਾ,ਮਾਹੂਆਣਾ ਵਿਖੇ ਧਰਨਾ ਦਿੱਤਾ ਗਿਆ,ਅੱਜ ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀ, ਜਗਸੀਰ ਸਿੰਘ ਘੌਲਾ, ਜਨਰਲ ਸਕੱਤਰ ਗੁਰਬਾਜ਼ ਸਿੰਘ, ਵਾਲਾ ਨੇ ਦੱਸਿਆ ਕਿ ਜ਼ਿਆਦਾਤਰ ਧਰਨੇ ਪਿੰਡਾਂ ਦੇ ਜਲ ਘਰਾਂ ਵਿੱਚ ਲਾਏ ਗਏ। ਇਨ੍ਹਾਂ ਮੋਰਚਿਆਂ ਵਿੱਚ ਕਈ ਥਾਈਂ ਭਾਰੀ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨਾਂ ਸਮੇਤ ਪੰਜਾਬ ਭਰ ਵਿੱਚ ਕੁੱਲ ਮਿਲਾ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਤੇ ਹੋਰ ਕਿਰਤੀ ਲੋਕ ਇਨ੍ਹਾਂ ਮੋਰਚਿਆਂ ਵਿੱਚ ਸ਼ਾਮਲ ਹੋਏ। ਹਮਾਇਤ ਵਜੋਂ ਜਲ ਸਪਲਾਈ ਠੇਕਾ ਕਾਮੇ ਵੀ ਕਈ ਥਾਂਈਂ ਸ਼ਾਮਲ ਹੋਏ।
ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਔਰਤ ਆਗੂਇਕਾਈ ਪ੍ਰਧਾਨ ਪਾਲਾ ਸਿੰਘ, ਸੁਖਵਿੰਦਰ ਸਿੰਘ ਮੇਜਰ ਸਿੰਘ , ਜਤਿੰਦਰ ਸਿੰਘ , ਕੁਲਬੀਰ ਸਿੰਘ ਪੰਨੂ , ਜਸਵਿੰਦਰ ਸਿੰਘ ਖਜਾਨਚੀ ਜਿਲਾ ਔਰਤ ਆਗੂ ਰਾਜਨਦੀਪ ਕੌਰ ਮੰਮੂਖੇੜਾ ਹਰਪ੍ਰੀਤ ਕੌਰ ਮੰਮੂਖੇੜਾ,ਸ਼ੇਰ ਸਿੰਘ, ਕੁਲਵਿੰਦਰ ਸਿੰਘ,ਜਗਨਾਮ ਸਿੰਘ,ਤਰਸੇਮ ਸਿੰਘ,ਗੁਰਮੇਲ ਸਿੰਘ,ਸਰਵਨ ਕੁਮਾਰ, ਇਕਬਾਲ ਸਿੰਘ ਸ਼ਾਮਲ ਸਨ। ਬੁਲਾਰਿਆਂ ਨੇ ਮੰਗ ਕੀਤੀ ਕਿ ਸੰਸਾਰ ਬੈਂਕ ਦੇ 2005 ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀਣ ਵਾਲੇ ਪਾਣੀ,ਨਹਿਰੀ ਪਾਣੀ ਅਤੇ ਧਰਤੀ ਹੇਠਲੇ ਪਾਣੀ ਦੀ ਮਾਲਕੀ ਦੇਸੀ ਵਿਦੇਸ਼ੀ ਕਾਰਪੋਰੇਟਾਂ ਨੂੰ ਸੌਂਪਣ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਸਾਰੇ ਨੀਤੀ ਕਦਮ ਅਤੇ ਸ਼ੁਰੂ ਕੀਤੇ ਸਾਰੇ ਪ੍ਰਾਜੈਕਟ ਪੰਜਾਬ ਅਸੈਂਬਲੀ ‘ਚ ਮਤਾ ਪਾਸ ਕਰਕੇ ਰੱਦ ਕੀਤੇ ਜਾਣ। ਪੇਂਡੂ ਜਲ ਸਪਲਾਈ ਦਾ ਪਹਿਲਾ ਢਾਂਚਾ ਉਸੇ ਤਰ੍ਹਾਂ ਬਹਾਲ ਕੀਤਾ ਜਾਵੇ। ਦਰਿਆਵਾਂ ਨਹਿਰਾਂ ਅਤੇ ਸੇਮ ਨਾਲਿਆਂ ਨੂੰ ਪ੍ਰਦੂਸ਼ਿਤ ਕਰ ਰਹੀਆਂ ਸਾਰੀਆਂ ਸਨਅਤੀ ਇਕਾਈਆਂ,ਸ਼ਹਿਰੀ ਕਮੇਟੀਆਂ ਤੇ ਹੋਰ ਅਦਾਰਿਆਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰਕੇ ਸਜ਼ਾਵਾਂ ਦਿੱਤੀਆਂ ਜਾਣ ਅਤੇ ਪਾਣੀ ਦੇ ਹੋ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾਵੇ। ਇਸ ਜੁਰਮ ਨੂੰ ਮਨੁੱਖਤਾ-ਘਾਤੀ ਅਪਰਾਧ ਕਰਾਰ ਦੇ ਕੇ ਦੋਸ਼ੀਆਂ ਨੂੰ ਉਮਰ ਕੈਦ, ਜਾਇਦਾਦ-ਜ਼ਬਤੀ ਤੇ ਭਾਰੀ ਜੁਰਮਾਨੇ ਆਦਿ ਦੀ ਸਜ਼ਾ ਵਾਲ਼ਾ ਕਾਨੂੰਨ ਬਣਾਇਆ ਜਾਵੇ। ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਤੇ ਪੰਜਾਬ ਦਾ ਮੌਜੂਦਾ ਦੋ-ਫਸਲੀ ਚੱਕਰ ਬਦਲਣ ਲਈ 23 ਫਸਲਾਂ ਦੀ ( ਸੀ-2+50%) ਫਾਰਮੂਲੇ ਮੁਤਾਬਕ ਘੱਟੋ-ਘੱਟ ਖਰੀਦ ਮੁੱਲ ਉੱਪਰ ਸਰਕਾਰੀ ਖਰੀਦ ਦਾ ਕਾਨੂੰਨੀ ਹੱਕ ਦਿੱਤਾ ਜਾਵੇ। ਮੂੰਗੀ ਵਾਂਗ ਹੀ ਮੱਕੀ ਅਤੇ ਬਾਸਮਤੀ ਦੀ ਐਮ ਐੱਸ ਪੀ ਮਿਥ ਕੇ ਮੌਜੂਦਾ ਫ਼ਸਲ ਦੀ ਖਰੀਦ ਯਕੀਨੀ ਕਰਨ ਦਾ ਆਰਡੀਨੈਂਸ ਜਾਰੀ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਬੇਲੋੜੀਆਂ ਸ਼ਰਤਾਂ ਹਟਾਈਆਂ ਜਾਣ। ਘਰੇਲੂ ਪਾਣੀ ਅਤੇ ਖੇਤਾਂ ਦੇ ਪਾਣੀ ਦੀ ਸੰਜਮੀ ਵਰਤੋਂ ਲਈ ਨਹਿਰੀ ਸਿਸਟਮ ਦੇ ਪਸਾਰੇ ਅਤੇ ਦਰੁਸਤੀ ਤੋਂ ਇਲਾਵਾ ਬਰਸਾਤੀ ਪਾਣੀ ਦੀ ਧਰਤੀ ਵਿੱਚ ਮੁੜ-ਭਰਾਈ ਦਾ ਢਾਂਚਾ ਉਸਾਰਨ ਲਈ ਹੰਗਾਮੀ ਕਦਮ ਉਠਾਏ ਜਾਣ ਤੇ ਵੱਡੀ ਬਜਟ ਰਾਸ਼ੀ ਜੁਟਾਈ ਜਾਵੇ। ਹਰੇ ਇਨਕਲਾਬ ਦੇ ਦੋ-ਫਸਲੀ ਜ਼ਹਿਰੀਲੇ ਖੇਤੀ ਮਾਡਲ ਦੀ ਥਾਂ ਬਹੁ-ਫਸਲੀ ਕੁਦਰਤੀ ਖੇਤੀ ਵਾਲ਼ਾ ਆਤਮ-ਨਿਰਭਰ ਖੇਤੀ ਮਾਡਲ ਅਪਣਾਇਆ ਜਾਵੇ। ਜਿਹੜਾ ਕਾਰਪੋਰੇਟਾਂ, ਜਗੀਰਦਾਰਾਂ ਤੇ ਸੂਦਖੋਰਾਂ ਦੀ ਜਕੜ ਤੋਂ ਆਜ਼ਾਦ ਘਣੀ ਮਨੁੱਖੀ ਮਿਹਨਤ ਦੇ ਬਲਬੂਤੇ ਚੱਲਣ ਵਾਲਾ ਹੋਵੇ ਅਤੇ ਜਿਸ ਵਿੱਚ ਕਿਸਾਨਾਂ ਤੇ ਕਿਰਤੀਆਂ ਦੀ ਪੁੱਗਤ ਹੋਵੇ। ਜਿਹੜਾ ਕਿਸਾਨਾਂ ਮਜ਼ਦੂਰਾਂ ਲਈ ਗਲ਼ ਦੀ ਫਾਹੀ ਬਣ ਕੇ ਉਨ੍ਹਾਂ ਨੂੰ ਖੇਤੀ ਕਿੱਤੇ ‘ਚੋਂ ਬਾਹਰ ਧੱਕਣ ਵਾਲ਼ਾ ਨਾ ਹੋਵੇ, ਸਗੋਂ ਉਨ੍ਹਾਂ ਦੇ ਘਰਾਂ ਵਿੱਚ ਖੁਸ਼ਹਾਲੀ ਤੇ ਸਮਾਜਿਕ ਬਰਾਬਰੀ ਲਿਆਉਣ ਵਾਲਾ ਹੋਵੇ।
ਬੁਲਾਰਿਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਲੋਕਾਂ ਨੂੰ ਘਰੇਲੂ/ਸਮਾਜਿਕ ਕੰਮਾਂ,ਕਾਰੋਬਾਰਾਂ ਤੇ ਖੇਤੀ ਲਈ ਪਾਣੀ ਦੀ ਵਰਤੋਂ ਪੂਰੀ ਸੰਜਮ ਨਾਲ ਕਰਨ ਲਈ ਪ੍ਰੇਰਨਾ ਮੁਹਿੰਮ ਵੀ ਨਾਲੋ ਨਾਲ ਚਲਾਈ ਜਾ ਰਹੀ ਹੈ,ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਵੱਲੋਂ ਇਹ ਮੰਗਾਂ ਨਜ਼ਰਅੰਦਾਜ਼ ਕੀਤੇ ਜਾਣ ਦੀ ਸੂਰਤ ਵਿੱਚ ਇਨ੍ਹਾਂ ਦੀ ਪੂਰਤੀ ਲਈ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ। ਦਸ ਜੂਨ ਤੱਕ ਲਗਾਤਾਰ ਚੱਲਣ ਵਾਲੇ ਇਨ੍ਹਾਂ ਸਰਵਸਾਂਝੇ ਮੋਰਚਿਆਂ ਵਿੱਚ ਬੁਲਾਰਿਆਂ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ ਗਿਆ।