ਅਕਾਲੀ ਦਲ ਵਲੋਂ ਸੂਬੇ ‘ਚ ਆਪਣੇ-ਆਪ ਨੂੰ ਪੇਸ਼ ਕਰਨ ਲਈ ਐਸਜੀਪੀਸੀ ਦੀ ਵਰਤੋਂ ਕਰਨਾ ਅਫਸੋਸਜਨਕ : ਭਾਜਪਾ
ਚੰਡੀਗੜ੍ਹ: 2 ਜੂਨ ( ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਸਿੱਖ ਧਰਮ ਦੀ ਧਾਰਮਿਕ ਸੰਸਥਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਿਕ ਮਾਈਲੇਜ ਹਾਸਲ ਕਰਨ ਲਈ ਇਸ ਨੂੰ “ਸਵੈ-ਪ੍ਰਚਾਰ” ਵਜੋਂ ਵਰਤਣ ਦਾ ਅਧਿਕਾਰ ਨਹੀਂ ਹੈ। ਲਾਲਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਵਿੱਚ ਕੋਰੋਨਾ ਨਾਲ ਲੜਨ ਲਈ ਮੈਡੀਕਲ ਸਹੂਲਤਾਂ ਖੋਲ੍ਹਣ ਲਈ ਸ਼੍ਰੋਮਣੀ ਕਮੇਟੀ ਰਾਹੀਂ ਆਪਣੇ-ਆਪ ਨੂੰ ਮਸੀਹਾ ਵਜੋਂ ਪੇਸ਼ ਕਰਨ ’ਤੇ ਅਫਸੋਸ ਪ੍ਰਗਟਾਇਆ। ਉਹਨਾਂ ਕਿਹਾ ਕਿ ਇਹ ਸੰਗਤਾਂ ਦਾ ਯੋਗਦਾਨ ਹੈ ਜੋ ਸ਼ਲਾਘਾਯੋਗ ਕਾਰਜਾਂ ਲਈ ਵਰਤੀ ਜਾ ਰਹੀ ਹੈ ਅਤੇ ਇਹ ਮੰਦਭਾਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਨਾਮਵਰ ਐਸਜੀਪੀਸੀ ਸੰਸਥਾ ਨੂੰ ਝੂਠੇ ਪ੍ਰਚਾਰ ਕਰਨ ਲਈ ਵਰਤ ਰਿਹਾ ਹੈ ਕਿ ਇਹ ਸਮਾਜ ਸੇਵਾ ਅਕਾਲੀ ਦਲ ਕਰ ਰਹੀ ਹੈ। ਜਦੋਂ ਕਿ ਸੱਚਾਈ ਇਹ ਹੈ ਕਿ ਇਹ ਨਿਮਰ ਸੰਗਤ ਦਾ ਕੰਮ ਹੈ, ਜੋ ਕੋਰੋਨਾ ਦੇ ਇਸ ਭਿਆਨਕ ਸੰਕਟ ਦੀ ਇਸ ਘੜੀ ਵਿਚ ਮਨੁੱਖਤਾ ਦਾ ਸਮਰਥਨ ਕਰਨ ਲਈ ਖੜ੍ਹੀ ਹੈI
ਲਾਲਪੁਰਾ ਨੇ ਸਵੱਛਤਾ ਕਰਮਚਾਰੀਆਂ ਦੀਆਂ ਤਨਖਾਹਾਂ ਲੁੱਟਣ ਲਈ ਸੂਬੇ ਦੀ ਕਾਂਗਰਸ ਸਰਕਾਰ ਨੂੰ ਲਤਾੜ ਲਾਈ। ਉਨ੍ਹਾਂ ਕਿਹਾ ਕਿ ਠੇਕੇਦਾਰ ਮਜ਼ਦੂਰਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਲਈ ਸਹੀ ਤਨਖਾਹ ਨਹੀਂ ਦੇ ਰਹੇ ਅਤੇ ਭੱਜ ਰਹੇ ਹਨ ਕਿਉਂਕਿ ਸੂਬੇ ਦੀ ਕਾੰਗ੍ਰੇਸ ਸਰਕਾਰ ਨੇ ਗਰੀਬ ਮਜ਼ਦੂਰਾਂ ਦੀ ਇਸ ਲੁੱਟ ਲਈ ਕਦਮ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਸੂਬੇ ਦੇ ਕਸਬੇ ਅਤੇ ਸ਼ਹਿਰ ਵਿਕਾਸ ਤੋਂ ਪੂਰੀ ਤਰ੍ਹਾਂ ਅਣਗੌਲਿਆ ਹਨ। ਲਾਲਪੁਰਾ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ “ਸਵੱਛਤਾ ਬਹੁਤ ਮਹੱਤਵਪੂਰਨ ਅਤੇ ਕੋਰੋਨਾ ਮਹਾਂਮਾਰੀ ਦੇ ਇਸ ਸੰਕਟ ਦੇ ਸਮੇਂ ਵਿੱਚ ਹੋਰ ਵੀ ਮਹੱਤਵਪੂਰਨ ਹੈ।