
ਸੁਖਬੀਰ ਸਿੰਘ ਬਾਦਲ ਨੇ ਹਰਜਿੰਦਰ ਨੂੰ ਕਾਨੂੰਨੀ ਸਹਾਇਤਾ ਦੇਣ ਵਾਸਤੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਅਤੇ ਪੰਜਾਬ ਸਰਕਾਰ ਨੂੰ ਆਖਿਆ ਕਿ ਉਹ ਸਿੱਖ ਨੌਜਵਾਨ ਦੇ ਪਰਿਵਾਰ ਦੀ ਮਦਦ ਕਰੇ
ਚੰਡੀਗੜ੍ਹ, 25 ਅਗਸਤ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਕ ਮਤਾ ਪਾਸ ਕਰ ਕੇ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਟਰੱਕ ਡ੍ਰਾਈਵਰ ਹਰਜਿੰਦਰ ਸਿੰਘ ਦੇ ਕੇਸ ਵਿਚ ਮਨੁੱਖਤਾ ਵਾਲਾ ਰਵੱਈਆ ਅਪਣਾਵੇ ਅਤੇ ਪਾਰਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖ ਨੌਜਵਾਨ ਨੂੰ ਕੌਂਸਲਰ ਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰੇ ਅਤੇ ਯਕੀਨੀ ਬਣਾਵੇ ਕਿ ਉਸ ਕੋਲ ਕਾਨੂੰਨੀ ਵਿਕਲਪ ਹੋਣ।
ਇਹ ਮਤਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਛੇ ਜ਼ਿਲ੍ਹਿਆਂ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਵਿਚ ਪਾਸ ਕੀਤਾ ਗਿਆ।
ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਗਿਆ ਕਿ ਮੋਗਾ ਵਿਚ 31 ਅਗਸਤ ਨੂੰ ਹੋਣ ਵਾਲੀ ਇਤਿਹਾਸ ਸਿਆਸੀ ਕਾਨਫਰੰਸ ਜਿਸਨੂੰ ਫਤਿਹ ਰੈਲੀ ਦਾ ਨਾਂ ਦਿੱਤਾ ਗਿਆ ਹੈ, ਪਾਰਟੀ ਅਜਿਹਾ ਪ੍ਰੋਗਰਾਮ ਦੇਵੇ ਜਿਸ ਨਾਲ ਕੇਂਦਰ ਦੀਆਂ ਪਾਰਟੀਆਂ ਨੂੰ ਕਰੜੇ ਹੱਥੀਂ ਲਿਆ ਜਾਵੇ ਜਿਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਇਸ ਕਾਨਫਰੰਸ ਵਿਚ 2 ਲੱਖ ਤੋਂ ਜ਼ਿਆਦਾ ਪੰਜਾਬੀਆਂ ਦਾ ਇਕੱਠ ਹੋਵੇਗਾ ਜੋ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਵਿਚ ਰਾਜ ਦਾ ਅੰਤ ਲਿਆਉਣ ਲਈ ਬਿਗਲ ਵਜਾਵੇਗਾ ਅਤੇ 2027 ਵਿਚ ਅਕਾਲੀ ਦਲ ਦੀ ਸਰਕਾਰ ਲਿਆਉਣ ਦਾ ਨੀਂਹ ਪੱਥਰ ਰੱਖੇਗਾ। ਪਾਰਟੀ ਨੇ ਇਕ ਹੋਰ ਮਤੇ ਰਾਹੀਂ ਕੇਂਦਰ ਤੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰਾਸ਼ਨ ਕਾਰਡਾਂ ਦੇ ਮਾਮਲੇ ’ਤੇ ਸਿਆਸਤ ਖੇਡਣੀ ਬੰਦ ਕਰਨ ਅਤੇ ਆਟਾ ਦਾਲ ਸਕੀਮ ਦੇ ਸਾਰੇ ਲਾਭਪਾਤਰੀਆਂ ਲਈ ਨਿਆਂ ਯਕੀਨੀ ਬਣਾਉਣ।
ਇਸ ਵੇਲੇ ਪੰਜਾਬੀ ਮੁਸ਼ਕਿਲਾਂ ਝੱਲ ਰਹੇ ਹਨ ਕਿਉਂਕਿ ਸਕੀਮ ਤਹਿਤ ਦਾਲ ਸਪਲਾਈ ਨਹੀਂ ਕੀਤੀ ਜਾ ਰਹੀ ਅਤੇ ਕੇਂਦਰ ਸਰਕਾਰ ਵੱਲੋਂ ਪ੍ਰਦਾਨ ਕੀਤੀ ਜਾਂਦੀ ਕਣਕ ਦੀ ਸਪਲਾਈ ਵਿਚ ਵੀ ਕਾਫੀ ਕਟੌਤੀ ਹੋ ਗਈ ਹੈ। ਇਹ ਵੀ ਦੱਸਿਆ ਗਿਆ ਕਿ ਭਾਵੇਂ ਕੇਂਦਰ ਈ ਕੇ ਵਾਈ ਸੀ ਅਪਡੇਟ ਕਾਰਨ ਸਪਲਾਈ ਬੰਦ ਕਰੇ ਜਾਂ ਫਿਰ ਰਾਜ ਸਰਕਾਰ ਸਿਆਸੀ ਲੀਹਾਂ ਕਾਰਨ ਰਾਸ਼ਨ ਕਾਰਡ ਰੱਦ ਕਰੇ, ਦੋਵਾਂ ਸੂਰਤਾਂ ਵਿਚ ਨੁਕਸਾਨ ਤਾਂ ਆਮ ਲੋਕਾਂ ਦਾ ਹੋ ਰਿਹਾ ਹੈ।
ਇਸ ਦੌਰਾਨ ਹਰਜਿੰਦਰ ਸਿੰਘ ਬਾਰੇ ਮਤੇ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਸਨੂੰ ਮਿਹਨਤੀ ਪੰਜਾਬੀ ਤੇ ਸਿੱਖ ਪ੍ਰਵਾਸੀਆਂ ਦਾ ਮੈਂਬਰ ਦੱਸਿਆ ਜਿਸਨੂੰ ਸੜਕ ਹਾਦਸੇ ਤੋਂ ਬਾਅਦ ਨਿਰਪੱਖ ਮੁਕੱਦਮੇ ਦਾ ਸਾਹਮਣਾ ਕਰਨ ਦਾ ਹੱਕ ਹੈ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੂੰ ਇਹ ਜਾਣ ਕੇ ਡੂੰਘਾ ਦੁੱਖ ਲੱਗਾ ਹੈ ਕਿ ਹਰਜਿੰਦਰ ਸਿੰਘ ਨੂੰ ਬਿਨਾਂ ਦਸਤਾਰ ਦੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਦੋਂ ਕਿ ਦਸਤਾਰ ਸਿੱਖੀ ਪਛਾਣ ਦਾ ਅਨਿੱਖੜਵਾਂ ਅੰਗ ਹੈ। ਉਹਨਾਂ ਕਿਹਾ ਕਿ ਇਸ ਅਸੰਵੇਦਨਸ਼ੀਲ ਕਾਰਵਾਈ ਨਾਲ ਦੁਨੀਆਂ ਭਰ ਵਿਚ ਸਿੱਖ ਦੇ ਮਨਾਂ ਨੂੰ ਠੇਸ ਪਹੁੰਚੀ ਹੈ।
ਮਤਾ ਜਿਸ ਰਾਹੀਂ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰ ਨਾਲ ਵੀ ਦਿਲੀ ਹਮਦਰਦੀ ਪ੍ਰਗਟ ਕੀਤੀ ਗਈ, ਵਿਚ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਹਰਜਿੰਦਰ ਸਿੰਘ ਪਿਛੋਕੜ, ਹਾਲਾਂਤ ਅਤੇ ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਵੇਖਦਿਆਂ ਮਨੁੱਖਤਾ ਦੇ ਆਧਾਰ ’ਤੇ ਕਾਰਵਾਈ ਕਰੇ।
ਇਸ ਵਿਚ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਗਈ ਕਿ ਉਹ ਇਹ ਯਕੀਨੀ ਬਣਾਵੇ ਕਿ ਭਾਰਤੀ ਸਫਾਰਤਖਾਨਾ ਤੇ ਕੌਂਸਲੇਟ ਹਰਜਿੰਦਰ ਨੂੰ ਬਚਾਅ ਦੇ ਸਾਰੇ ਕਾਨੂੰਨੀ ਰਾਹ ਉਪਲਬਧ ਕਰਾਵੇ।ਮਤੇ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹਰਜਿੰਦਰ ਦੇ ਪਰਿਵਾਰ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਮਤੇ ਰਾਹੀਂ ਉੱਤਰੀ ਅਮਰੀਕਾ ਵਿਚ ਵਸਦੇ ਸਿੱਖ ਤੇ ਪੰਜਾਬੀ ਪ੍ਰਵਾਸੀਆਂ ਦੇ ਸੰਗਠਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਦੁੱਖ ਦੀ ਘੜੀ ਵਿਚ ਹਰਜਿੰਦਰ ਨੂੰ ਨੈਤਿਕ, ਵਿੱਤੀ ਕੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ।
ਅਕਾਲੀ ਦਲ ਨੇ ਮਤੇ ਰਾਹੀਂ ਭਾਰਤ ਅਤੇ ਅਮਰੀਕਾ ਵਿਚ ਪੰਜਾਬੀ ਅਤੇ ਸਿੱਖ ਡ੍ਰਾਈਵਰਾਂ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਵਿਸ਼ਵ ਪੰਜਾਬੀ ਭਾਈਚਾਰੇ ਨਾਲ ਡੱਟ ਕੇ ਖੜ੍ਹੇ ਹੋਣ ਅਤੇ ਸਾਰਿਆਂ ਲਈ ਨਿਆਂ, ਮਾਣ ਸਨਮਾਨ ਤੇ ਮਨੁੱਖਤਾ ਦੇ ਆਧਾਰ ’ਤੇ ਮਦਦ ਕਰਨ ਦੀ ਵਚਨਬੱਧਤਾ ਨੂੰ ਦਹੁਰਾਇਆ।
ਇਸ ਮੌਕੇ ਰੋਪੜ, ਮੁਹਾਲੀ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਲੁਧਿਆਣਾ ਅਤੇ ਪਟਿਆਲਾ ਤੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।