Punjab

ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਸੁਖਬੀਰ ਬਾਦਲ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਸਾਜ਼ਿਸ਼ ਕੀਤੀ ਬੇਨਕਾਬ

ਰਾਜਪਾਲ ਨੂੰ ਸਾਜ਼ਿਸ਼ ਦਾ ਨੋਟਿਸ ਲੈਣ ਅਤੇ ਮਾਮਲਾ ਵਿਚ ਕਾਰਵਾਈ ਕਰਨ ਦੀ ਕੀਤੀ ਅਪੀਲ

 

ਚੰਡੀਗੜ੍ਹ, 12 ਨਵੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਫੌਜਦਾਰੀ ਸਾਜ਼ਿਸ਼ ਬੇਨਕਾਬ ਕਰ ਦਿੱਤੀ  ਤੇ ਦੱਸਿਆ ਕਿ ਸਰਕਾਰ ਨੇ 22 ਅਕਤੂਬਰ ਨੂੰ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ ਵਿਚ ਮੀਟਿੰਗ ਕਰ ਕੇ ਇਹ ਸਾਜ਼ਿਸ਼ ਰਚੀ ਤੇ ਪਾਰਟੀ ਨੇ ਮੰਗ ਕੀਤੀ ਕਿ ਬੇਅਦਬੀ ਮਾਮਲੇ ਦੀ ਸਾਰੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇ।

ਇਸ ਗੁਪਤ ਮੀਟਿੰਗ ਦਾ ਭਾਂਡਾ ਭੰਨਦਿਆਂ ਸੀਨੀਅਰ ਅਕਾਲੀ ਆਗੂ  ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਦੇ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 22 ਅਕਤੂਬਰ ਨੂੰ ਸਵੇਰੇ 11.30 ਵਜੇ ਤੋਂ ਦੁਪਹਿਰ 1.30 ਵਜੇ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ ਵਿਚ ਹੋਈ ਇਸ ਗੁਪਤ ਮੀਟਿੰਗ ਵਿਚ ਸਾਜ਼ਿਸ਼ ਰਚਣ ਲਈ ਜ਼ਿੰਮੇਵਾਰ ਹਨ।  ਉਹਨਾਂ ਦੱਸਿਆ ਕਿ ਮੀਟਿੰਗ ਵਿਚ ਡੀ ਜੀ ਪੀ ਆਈ ਪੀ ਐਸ ਸਹੋਤਾ, ਗ੍ਰਹਿ ਸਕੱਤਰ ਅਨੁਰਾਮ ਵਰਮਾ, ਐਡਵੋਕੇਟ ਜਨਰਲ ਆਈ ਪੀ ਐਸ ਦਿਓਲ, ਐਸ ਆਈ ਟੀ ਦੇ ਚੇਅਰਮੈਨ ਐਸ ਪੀ ਐਸ ਪਰਮਾਰ, ਏ ਆਈ ਜੀ ਆਰ ਐਸ ਸੋਹਲ, ਐਸ ਐਸ ਪੀ ਮੁਖਵਿੰਦਰ ਭੁੱਲਰ, ਡੀ ਜੀ ਪੀ ਲਖਬੀਰ ਸਿੰਘ ਤੇ ਇੰਸਪੈਕਟਰ ਦਲਬੀਰ ਸਿੰਘ ਤੋਂ ਇਲਾਵਾ ਸੇਵਾ ਮੁਕਤ ਪੁਲਿਸ ਅਫਰ ਆਰ ਐਸ ਖੱਟੜਾ ਤੇ ਸੁਲੱਖਣ ਸਿੰਘ ਤੋਂ ਇਲਾਵਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੇ ਕੁਲਬੀਰ ਜ਼ੀਰਾ ਵੀ ਸ਼ਾਮਲ ਸਨ।

ਗਰੇਵਾਲ ਨੇ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਕਾਂਗਰਸ ਸਰਕਾਰ ਨੁੰ ਦਰਪੇਸ਼ ਸੱਤਾ ਵਿਰੋਧੀ ਲਹਿਰ ਨੁੰ ਖਤਮ ਕਰਨ ਦੇ ਮਕਸਦ ਨਾਲ ਸਿਆਸੀ ਵਿਰੋਧੀਆਂ ਖਾਸ ਤੌਰ ’ਤੇ ਬਾਦਲ ਪਰਿਵਾਰ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਲੋਕਾਂ ਦਾ ਧਿਆਨ ਪਾਾਸੇ ਕਰਨਾ ਸੀ। ਉਹਨਾਂ ਕਿਹਾ ਕਿ ਸਾਬਕਾ ਆਈ ਜੀ ਆਰ ਐਸ ਖੱਟੜਾਂ ਦੀ ਜ਼ਿੰਮੇਵਾਰੀ ਲਗਾਈ ਗਈ ਸੀ ਕਿ ਉਹ ਬਾਦਲ ਪਰਿਵਾਰ ਦੇ ਖਿਲਾਫ ਝੂਠਾ ਗਵਾਹ ਤਿਆਰ ਕਰਨ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਰੰਧਾਵਾ ਵੱਲੋਂ ਸੇਵਾ ਮੁਕਤ ਪੁਲਿਸ ਅਫਸਰ, ਜੋ ਉਹਨਾਂ ਦੇ ਬਹੁਤ ਨੇੜੇ ਹੈ, ਅਤੇ ਮੁੱਖ ਮੰਤਰੀ ਦਰਮਿਆਨ ਸੌਦਾ ਤੈਅ ਕਰਵਾਉਣ ਤੋਂ ਬਾਅਦ ਖੱਟੜਾ ਨੇ ਇਸ ਲਈ ਸਹਿਮਤੀ ਦੇ ਦਿੱਤੀ। ਖੱਟੜਾ ਨੂੰ ਵਾਅਦਾ ਕੀਤਾ ਗਿਆ ਸੀ ਕਿ ਉਸਨੂੰ ਸੰਵਿਧਾਨਕ ਅਹੁਦਾ ਦਿੱਤਾ ਜਾਵੇਗਾ ਤੇ ਉਸਦੇ ਪੁੱਤਰ ਨੂੰ ਪਟਿਆਲਾ ਜਾਂ ਮਾਲਵਾ ਖਿੱਤੇ ਵਿਚੋਂ ਕਾਂਗਰਸ ਪਾਰਟੀ ਦੀ ਟਿਕਟ ਦਿੱਤੀ ਜਾਵੇਗੀ।

ਗਰੇਵਾਲ ਨੇ ਕਿਹਾ ਕਿ ਇਸ ਸੌਦੇ ਦੇ ਹਿੱਸੇ ਵਜੋਂ ਖੱਟੜਾ ਨੇ ਕਾਂਗਰਸੀ ਵਰਕਰ ਰਾਜਿੰਦਰ ਕੌਰ ਮੀਮਸਾ ਨੂੰ ਅਕਾਲੀ ਦਲ ਪ੍ਰਧਾਨ ਦੇ ਖਿਲਾਫ ਝੁਠੇ ਗਵਾਹ ਵਜੋਂ ਪੇਸ਼ ਹੋਣ ਲਈ ਤਿਆਰ ਕੀਤਾ। ਸਾਜ਼ਿਸ਼ ਇਹ ਰਚੀ ਗਈ ਕਿ  ਰਾਜਿੰਦਰ ਕੌਰ ਇਕ ਪ੍ਰੈਸ ਕਾਨਫਰੰਸ ਕਰੇਗੀ ਅਤੇ ਡੀ ਜੀ ਪੀ ਨੂੰ ਫੋਨ ਕਰ ਕੇ ਪੁੱਛੇਗੀ ਕਿ ਉਸਦੀ ਸ਼ਿਕਾਇਤ ਕਿਉਂ ਨਹੀਂ ਦਰਜ ਕੀਤੀ ਜਾ ਰਹੀ। ਘੜੀ ਗਈ ਸ਼ਿਕਾਇਤ ਇਹ ਸੀ ਕਿ ਕਾਂਗਰਸੀ ਵਰਕਰ, ਜੋ ਕੁਝ ਸਮਾਂ ਅਕਾਲੀ ਦਲ ਵਿਚ ਵੀ ਰਹੀ, 2017 ਦੀਆਂ ਚੋਣਾਂ ਤੋਂ ਪਹਿਲਾਂ  ਸੁਖਬੀਰ ਸਿੰਘ ਬਾਦਲ ਨੂੰ ਮਿਲਣ ਪਿੰਡ ਬਾਦਲ ਵਿਚਲੀ ਉਹਨਾਂ ਦੀ ਰਿਹਾਇਸ਼ ’ਤੇ ਪਹੁੰਚੀ ਜਿਥੇ ਉਸਨੇ ਅਕਾਲੀ ਦਲ ਦੇ ਪ੍ਰਧਾਨ ਨੁੰ ਤਿੰਨ ਡੇਰਾ ਸਿਰਸਾ ਵਰਕਰਾਂ ਦੇ ਨਾਲ ਵੇਖਿਆ। ਉਹਨਾਂ ਦੱਸਿਆ ਕਿ ਰਾਜਿੰਦਰ ਕੌਰ ਨੇ ਇਹ ਦਾਅਵਾ ਕਰਨਾ ਸੀ ਕਿ 2017 ਦੀਆ ਚੋਣਾਂ ਤੋਂ  ਬਾਅਦ ਵੀ ਉਸਨੇ ਇਹਨਾਂ ਆਗੂਆਂ ਨੂੰ  ਬਾਦਲ ਦੀ ਰਿਹਾਇਸ਼ ’ਤੇ ਵੇਖਿਆ ਤੇ  ਬਾਦਲ ਨੁੰ ਇਹ ਕਹਿੰਦੇ ਸੁਣਿਆ ਕਿ ਨਵੀਂ ਸਰਕਾਰ ਸਾਡੀ ਹੈ ਤੇ ਮੈਂ ਤੁਹਾਨੂੰ ਕੁਝ ਨਹੀਂ ਹੋਣ ਦੇਵਾਂਗਾ।
ਪ੍ਰੋ. ਚੰਦੂਮਾਜਰਾ ਤੇ ਡਾ. ਚੀਮਾ ਸਮੇਤ ਇਹਨਾਂ ਅਕਾਲੀ ਆਗੂਆਂ ਨੇ ਸਾਰੀ ਸਾਜ਼ਿਸ਼ ਦੇ ਵੇਰਵੇ ਦੱਸਦਿਆਂ ਪੰਜਾਬ ਦੇ ਰਾਜਪਾਲ ਨੂੰ ਬੇਨਤੀ ਕੀਤੀ ਕਿ ਉਹ ਮਾਮਲੇ ਵਿਚ ਢੁਕਵੀਂ ਕਾਰਵਾਈ ਕਰਨ। ਉਹਨਾਂ ਇਹ ਵੀ ਦੱਸਿਆ ਕਿ ਅਸੀਂ ਜਲਦੀ ਹੀ ਰਾਜਪਾਲ ਨਾਲ ਮੁਲਾਕਾਤ ਵੀ ਕਰਾਂਗੇ। ਉਹਨਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਰਾਜ ਭਵਨ ਦੇ ਉਸ ਹਿੱਸੇ ਦੀ 22 ਅਕਤੂਬਰ ਦੀ ਸੀ ਸੀ ਟੀ ਵੀ ਫੁਟੇਜ ਦੇਣ ਜਿਥੇ ਮੀਟਿੰਗ ਹੋਈ ਸੀ। ਉਹਨਾਂ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੱਸਣ ਕਿ ਐਸ ਆਈ ਟੀ ਦੀ ਮੀਟਿੰਗ ਇਸ ਤਰੀਕੇ ਗੁਪਤ ਚੁਪ ਤਰੀਕੇ ਨਾਲ ਕਿਉਂ ਕੀਤੀ ਗਈ ਤੇ ਕਿਉਂ ਸੇਵਾ ਮੁਕਤ ਪੁਲਿਸ ਅਫਸਰ ਇਸ ਨਾਲ ਜੋੜੇ ਗਏ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਇਸ ਤਰੀਕੇ ਜਾਂਚ ਵਿਚ ਅਤੇ ਐਸ ਆਈ ਟੀ ਦੇ ਕੰਮ ਵਿਚ ਦਖਲ ਕਿਉਂ ਦੇ ਰਹੇ ਹਨ ਜਦੋਂ ਕਿ ਹਾਈ ਕੋਰਟ ਨੇ ਸਪਸ਼ਟ ਹਦਾਇਤਾਂ ਕੀਤੀਆਂ ਹਨ ਕਿ  ਐਸ ਆਈ ਟੀ ਦੇ ਕੰਮ ਵਿਚ ਕੋਈ ਵੀ ਦਖਲ ਨਹੀਂ ਦੇਵੇਗਾ ਤੇ ਇਹ ਹਦਾਇਤਾਂ ਹਾਈ ਕੋਰਟ ਨੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੀ ਝੂਠੀ ਜਾਂਚ ਰੱਦ ਕਰਨ ਸਮੇਂ ਜਾਰੀ ਕੀਤੀਆਂ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!