ਕਣਕ ਖਰੀਦ ਪ੍ਰਕਿਰਿਆ ਢਹਿ ਢੇਰੀ ਕਰਨ ਲਈ ਭਾਰਤ ਭੂਸ਼ਣ ਆਸ਼ੂ ਨੂੰ ਬਰਖ਼ਾਸਤ ਕਰਨ ਰਾਜਪਾਲ : ਅਕਾਲੀ ਦਲ
ਚੰਡੀਗੜ੍ਹ, 20 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੁੰ ਅਪੀਲ ਕੀਤੀ ਕਿ ਉਹ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਕਣਕ ਖਰੀਦ ਦੀ ਸਾਰੀ ਪ੍ਰਕਿਰਿਆ ਢਹਿ ਢੇਰੀ ਕਰਨ ਲਈ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਨ ਅਤੇ ਸੂਬਾ ਸਰਕਾਰ ਨੁੰ ਹਦਾਇਤ ਕਰਨ ਕਿ ਉਹ ਬਾਰਦਾਨੇ ਦੀ ਉਪਲਬਧਤਾ ਯਕੀਨੀ ਬਣਾਵੇ ਤੇ ਮੰਡੀਆਂ ਤੋਂ ਕਣਕ ਦੀ ਸਮੇਂ ਸਿਰ ਲਿਫਟਿੰਗ ਯਕੀਨੀ ਬਣਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਖਰੀਦ ਪ੍ਰਕਿਰਿਆ ਦੀ ਸਮੀਖਿਆ ਕਰਨ ਵਿਚ ਨਾਕਾਮ ਰਹਿਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਕਾਰਨ ਮੰਡੀਆਂ ਵਿਚ ਹਫੜਾ ਦਫੜੀ ਮਚੀ ਹੋਈ ਹੈ ਤੇ ਸੂਬੇ ਦੇ ਕਿਸਾਨ ਬਹੁਤ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਂਦਰ ਸਰਕਾਰ ਵਾਂਗ ਮੁੱਖ ਮੰਤਰੀ ਨੁੰ ਵੀ ਕਿਸਾਨਾਂ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਹੈ ਤੇ ਉਹਨਾਂ ਨੇ ਉਹਨਾਂ ਨੁੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ।
ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਕਦੇ ਵੀ ਕੋਈ ਸਰਕਾਰ ਇਸ ਤਰੀਕੇ ਅਵੇਸਲੀ ਨਹੀਂ ਵੇਖੀ ਗਈ ਜਿਵੇਂ ਇਹ ਸਰਕਾਰ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਖਰੀਦ ਸੀਜ਼ਨ ਵਾਸਤੇ ਕੋਈ ਤਿਆਰੀ ਨਹੀਂ ਕੀਤੀ ਗਈ ਹਾਲਾਂਕਿ ਇਹ ਹਰ ਵਾਰ ਕਰਨੀ ਹੀ ਹੁੰਦੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਬਾਰਦਾਨੇ ਦੀ ਖਰੀਦ ਲਈ ਸਮੇਂ ਸਿਰ ਟੈਂਡਰ ਨਹੀਂ ਲਗਾਏ। ਇਸਨੇ ਬਾਰਦਾਨੇ ਦੀ ਖਰੀਦ ਵਿਚ ਵੀ ਸੁਸਤੀ ਵਿਖਾਈ ਤੇ ਹਰਿਆਣਾ ਸਰਕਾਰ ਨੇ ਮਾਰਕੀਟ ਵਿਚ ਉਪਲਬਧ ਬਾਰਦਾਨਾ ਪੰਜਾਬ ਸਰਕਾਰ ਨਾਲੋਂ 10 ਦਿਨ ਪਹਿਲਾਂ ਟੈਂਡਰ ਲਗਾ ਕੇ ਖਰੀਦ ਲਿਆ।
ਮਲੂਕਾ ਨੇ ਕਿਹਾ ਕਿ ਆਸ਼ੂ ਨੇ ਕਿਸਾਨਾਂ ਨੁੰ ਝੁਠ ਬੋਲਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਆਸ਼ੂ ਝੂਠ ਬੋਲ ਰਹੇ ਹਨ ਕਿ ਕੇਂਦਰ ਸਰਕਾਰ ਨੇ ਬਾਰਦਾਨੇ ਦੀ ਖਰੀਦ ਲੲਂ ਟੈਂਡਰ ਖੋਲ੍ਹਣ ਦੀ ਸੁਬੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਦਕਿ ਹਰਿਆਣਾ ਸਰਕਾਰ ਤਾਂ ਪਹਿਲਾਂ ਹੀ ਅਜਿਹਾ ਕਰ ਚੁੱਕੀ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਆਸ਼ੂ ਨੇ ਇਹ ਵੀ ਝੂਠ ਬੋਲਿਆ ਕਿ ਮੰਡੀਆਂ ਵਿਚ ਤਿਆਰੀ ਹੋ ਗਈ ਹੈ ਤੇ ਉਹਨਾਂ ਪੈਰ ਨਾਲ ਚਲਾਈਆਂ ਜਾਣ ਵਾਲੀਆਂ ਟੂਟੀਆਂ, ਸੈਨੀਟਾਈਜ਼ਰ ਤੇ ਮਾਸਕ ਕਿਸਾਨਾਂ ਨੂੰ ਦੇਣ ਦੇ ਝੂਠੇ ਦਾਅਵੇ ਵਕੀਤੇ। ਉਹਨਾਂ ਕਿਹਾ ਕਿ ਇਹ ਸਹੂਲਤਾਂ ਦੇਣਾ ਤਾਂ ਦੂਰ ਦੀ ਗੱਲ ਮੰਡੀਆਂ ਵਿਚ ਤਾਂ ਬਿਜਲੀ ਵੀ ਨਹੀਂ ਮਿਲੀ।ਮਲੂਕਾ ਨੇ ਕਿਹਾ ਕਿ ਪਹਿਲਾਂ ਵੀ ਆਸ਼ੂ ਨੇ ਵੱਡੀ ਪੱਧਰ ’ਤੇ ਬੇਨਿਯਮੀਆਂ ਕੀਤੀਆਂ ਹਨ ਤੇ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਕਈ ਭ੍ਰਿਸ਼ਟ ਮਾਮਲੇ ਸਾਹਮਣੇ ਆਏ ਸਨ। ਉਹਨਾਂ ਕਿਹਾ ਕਿ ਕਾਂਗਰਸੀਆਂ ਨੇ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂਹਜ਼ਾਰਾਂ ਟਨ ਝੋਨਾ ਸਸਤੇ ਰੇਟ ’ਤੇ ਖਰੀਦਿਆ ਅਤੇ ਪੰਜਾਬ ਵਿਚ ਸਰਕਾਰੀ ਏਜੰਸੀਆਂ ਨੂੰ ਮਹਿੰਗੇ ਭਾਅ ਵੇਚ ਦਿੱਤਾ। ਉਹਨਾਂ ਕਿਹਾ ਕਿ ਇਸ ਸੀਜ਼ਨ ਵਿਚ ਵੀ ਰਾਜਸਥਾਨ ਤੋਂ ਟਰੱਕ ਭਰ ਕੇ ਕਣਕ ਪੰਜਾਬ ਲਿਆਂਦੇ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ। ਉਹਨਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੇ ਇਹਨਾਂ ਗਤੀਵਿਧੀਆਂ ਨੁੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ ਸਾਹਮਣੇ ਆਏ ਝੋਨਾ ਖਰੀਦ ਘੁਟਾਲੇ ਦੀ ਜਾਂਚ ਵਾਸਤੇ ਕੁਝ ਨਹੀਂ ਕੀਤਾ ਗਿਆ।
ਕਿਸਾਨ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਇਸ ਸੀਜ਼ਨ ਵਿਚ ਇਕ ਹੋਰ ਘੁਟਾਲਾ ਤਿਆਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਐਲਾਨ ਕਰ ਰਹੇ ਹਨ ਕਿ ਪੈਰ ਨਾਲ ਚਲਾਈਆਂ ਜਾਣ ਵਾਲੀਆਂ ਟੂਟੀਆਂ ਤੇ ਮਾਸਕ ਤੇ ਸੈਨੇਟਾਈਜ਼ਰ ਕਿਸਾਨਾਂ ਨੂੰ ਮੰਡੀਆਂ ਵਿਚ ਦਿੱਤੇ ਜਾ ਰਹੇ ਹਨ ਜਦਕਿ ਅਸਲ ਤਸਵੀਰ ਹੋਰ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਸਰਕਾਰੀ ਖਜ਼ਾਨੇ ਦੀ ਕਰੋੜਾਂ ਰੁਪਏ ਦੀ ਲੁੱਟ ਲਈ ਯੋਜਨਾ ਤਿਆਰ ਕੀਤੀ ਗਈ ਹੈ।
ਮਲੂਕਾ ਨੇ ਇਹ ਵੀ ਕਿਹਾ ਕਿ ਕਿਸਾਨ ਇਸ ਕਰ ਕੇ ਮੁਸ਼ਕਿਲਾਂ ਝੱਲ ਰਹੇ ਹਨ ਕਿਉਂਕਿ ਉਹਨਾਂ ਨੂੰ ਆਨਲਾਈਨ ਅਦਾਇਗੀ ਲਈ ਬਣਾਏ ਪੋਰਟਲ ਸਹੀ ਤਰੀਕੇ ਚੱਲ ਨਹੀਂ ਰਹੇ। ਉਹਨਾਂ ਕਿਹਾ ਕਿ ਇਸ ਕਾਰਨ ਅਦਾਇਗੀਆਂ ਵਿ ਦੇਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਬਦਲਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ ਤਾਂ ਜੋ ਕਿਸਾਨਾਂ ਨੁੰ ਮੁਸ਼ਕਿਲਾਂ ਨਾ ਝੱਲਣੀਆਂ ਪੈਂਦੀਆਂ।